ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਮਨੀ ਚੋਣਾਂ: ਚਾਰ ਸੀਟਾਂ ਤੋਂ 26 ਉਮੀਦਵਾਰਾਂ ਵੱਲੋਂ ਕਾਗ਼ਜ਼ ਦਾਖਲ

06:44 AM Oct 25, 2024 IST
ਮਨਪ੍ਰੀਤ ਬਾਦਲ, ਅੰਿਮ੍ਰਤਾ ਵੜਿੰਗ, ਡਿੰਪੀ ਢਿੱਲੋਂ, ਕੇਵਲ ਢਿੱਲੋਂ

* ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਮਲ ਆਖ਼ਰੀ ਪੜਾਅ ’ਚ ਪੁੱਜਾ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 24 ਅਕਤੂਬਰ
ਪੰਜਾਬ ’ਚ ਚਾਰ ਵਿਧਾਨ ਸਭਾ ਸੀਟਾਂ ਦੀਆਂ 13 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅਮਲ ਆਖ਼ਰੀ ਪੜਾਅ ’ਚ ਪੁੱਜ ਗਿਆ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖ਼ਰੀ ਦਿਨ ਭਲਕੇ ਹੈ। 18 ਅਕਤੂਬਰ ਤੋਂ ਅੱਜ ਤੱਕ ਚਾਰ ਵਿਧਾਨ ਸਭਾ ਹਲਕਿਆਂ ਲਈ 26 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਅੱਜ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਦਾਖਲ ਕੀਤੇ।
ਪੰਜਾਬ ਦੇ ਹਲਕਾ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਹਲਕਾ ਚੱਬੇਵਾਲ ’ਚ ਜ਼ਿਮਨੀ ਚੋਣ ਹੋ ਰਹੀ ਹੈ ਅਤੇ ਹੁਣ ਤੱਕ ਇਨ੍ਹਾਂ ਸੀਟਾਂ ਲਈ 12 ਆਜ਼ਾਦ ਉਮੀਦਵਾਰਾਂ ਨੇ ਵੀ ਕਾਗ਼ਜ਼ ਦਾਖਲ ਕੀਤੇ ਹਨ। ਗਿੱਦੜਬਾਹਾ ਹਲਕੇ ਤੋਂ ਹੁਣ ਤੱਕ 9 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਹਨ ਅਤੇ ਅੱਜ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ, ‘ਆਪ’ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਨਾਮਜ਼ਦਗੀ ਭਰੀ ਹੈ।
ਹੌਟ ਸੀਟ ਗਿੱਦੜਬਾਹਾ ’ਤੇ ਸਖਤ ਮੁਕਾਬਲਾ ਹੈ। 1995 ਦੀ ਗਿੱਦੜਬਾਹਾ ਜ਼ਿਮਨੀ ਚੋਣ ਜਿੱਤ ਕੇ ਮਨਪ੍ਰੀਤ ਸਿੰਘ ਬਾਦਲ ਸਿਆਸਤ ਵਿਚ ਉੱਤਰੇ ਸਨ। ਉਦੋਂ ਇਸ ਸੀਟ ’ਤੇ ਸਿਰ ਧੜ ਦੀ ਬਾਜ਼ੀ ਲੱਗੀ ਸੀ। ਹੁਣ ਮੁੜ ਮਨਪ੍ਰੀਤ ਸਿੰਘ ਬਾਦਲ ਜ਼ਿਮਨੀ ਚੋਣ ਵਿਚ ਉੱਤਰੇ ਹਨ। ਇਸ ਹਲਕੇ ਤੋਂ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਤੂ ਰਹੇ ਹਨ।
ਹਲਕਾ ਬਰਨਾਲਾ ਤੋਂ ਹੁਣ ਤੱਕ 9 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਅਤੇ ਅਹਿਮ ਉਮੀਦਵਾਰਾਂ ਵਿਚੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੇ ਕਾਗ਼ਜ਼ ਭਰੇ ਹਨ। ‘ਆਪ’ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਭਲਕੇ ਆਪਣੇ ਕਾਗ਼ਜ਼ ਦਾਖਲ ਕਰਨਗੇ। ‘ਆਪ’ ਉਮੀਦਵਾਰ ਖ਼ਿਲਾਫ਼ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹੇ ਗੁਰਦੀਪ ਸਿੰਘ ਬਾਠ ਨੇ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ। ਇਸ ਸੀਟ ’ਤੇ ਦੋ ਵਾਰ ਜੇਤੂ ਰਹੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੀ ਮੈਦਾਨ ਵਿਚ ਹਨ। ਇਹ ਸੀਟ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਲਈ ਵੱਕਾਰੀ ਹੈ ਕਿਉਂਕਿ ‘ਆਪ’ ਨੇ ਬਰਨਾਲਾ ਦੀ ਟਿਕਟ ਉਨ੍ਹਾਂ ਦੀ ਝੋਲੀ ਪਾਈ ਹੈ। ਹਲਕਾ ਡੇਰਾ ਬਾਬਾ ਨਾਨਕ ਤੋਂ ਹੁਣ ਤੱਕ ਛੇ ਉਮੀਦਵਾਰ ਮੈਦਾਨ ਵਿਚ ਉੱਤਰੇ ਹਨ ਅਤੇ ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਤੋਂ ਇਲਾਵਾ ‘ਆਪ’ ਦੇ ਉਮੀਦਵਾਰ ਗੁਰਦੀਪ ਸਿੰਘ ਨੇ ਨਾਮਜ਼ਦਗੀਆਂ ਭਰੀਆਂ ਹਨ। ਡੇਰਾ ਬਾਬਾ ਨਾਨਕ ਤੋਂ ਭਲਕੇ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਕਾਗ਼ਜ਼ ਦਾਖਲ ਕਰਨਗੇ ਜੋ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹਨ।

ਚੱਬੇਵਾਲ ਤੋਂ ਪੰਜ ਉਮੀਦਵਾਰਾਂ ਨੇ ਕਾਗ਼ਜ਼ ਭਰੇੇ

ਹਲਕਾ ਚੱਬੇਵਾਲ ਤੋਂ ਪੰਜ ਉਮੀਦਵਾਰਾਂ ਨੇ ਹੁਣ ਤੱਕ ਕਾਗ਼ਜ਼ ਭਰੇ ਹਨ ਅਤੇ ‘ਆਪ’ ਉਮੀਦਵਾਰ ਇਸ਼ਾਂਕ ਕੁਮਾਰ ਨੇ ਨਾਮਜ਼ਦਗੀ ਭਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਸੰਸਦ ਮੈਂਬਰ ਡਾ.ਰਾਜ ਕੁਮਾਰ ਚੱਬੇਵਾਲ ਦੇ ਲੜਕੇ ਇਸ਼ਾਂਕ ਕੁਮਾਰ ਨੂੰ ਇਸ ਹਲਕੇ ਤੋਂ ਟਿਕਟ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਭਲਕੇ ਪ੍ਰਮੁੱਖ ਚਿਹਰੇ ਕਾਗ਼ਜ਼ ਦਾਖਲ ਕਰਨਗੇ।

Advertisement

ਭਾਜਪਾ ਨੇ ਸੋਹਣ ਸਿੰਘ ਠੰਡਲ ਨੂੰ ਚੱਬੇਵਾਲ ਤੋਂ ਟਿਕਟ ਦਿੱਤੀ

ਸੋਹਣ ਸਿੰਘ ਠੰਡਲ

ਹੁਸ਼ਿਆਰਪੁਰ (ਹਰਪ੍ਰੀਤ ਕੌਰ):

ਭਾਜਪਾ ਨੇ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੂੰ ਰਾਖਵੇਂ ਹਲਕੇ ਚੱਬੇਵਾਲ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਠੰਡਲ ਅੱਜ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਿਲ ਹੋਏ ਸਨ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੂਪਾਨੀ ਨੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ। ਦੱਸ ਦਈਏ ਕਿ ਭਾਜਪਾ ਨੇ ਪਿਛਲੇ ਦਿਨੀਂ ਚੱਬੇਵਾਲ ਸੀਟ ਨੂੰ ਛੱਡ ਕੇ ਗਿੱਦੜਬਾਹਾ, ਡੇਰਾਬਾਬਾ ਨਾਨਕ ਤੇ ਬਰਨਾਲਾ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਸਨ। ਜ਼ਿਕਰਯੋਗ ਹੈ ਕਿ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਰੀਕ 25 ਅਕਤੂਬਰ ਹੈ।

Advertisement