ਜ਼ਿਮਨੀ ਚੋਣਾਂ: ਝੋਨੇ ਦੀ ਖਰੀਦ ਤੇ ਖਾਦ ਸੰਕਟ ਉਮੀਦਵਾਰਾਂ ਲਈ ਬਣੇਗੀ ਸਮੱਸਿਆ
ਚਰਨਜੀਤ ਭੁੱਲਰ
ਚੰਡੀਗੜ੍ਹ, 21 ਅਕਤੂਬਰ
ਪੰਜਾਬ ’ਚ ਝੋਨੇ ਦੀ ਖਰੀਦ ਤੇ ਡੀਏਪੀ ਖਾਦ ਦੇ ਸੰਕਟ ਦਾ ਪਰਛਾਵਾਂ ਜ਼ਿਮਨੀ ਚੋਣਾਂ ’ਤੇ ਪੈਣ ਦੀ ਸੰਭਾਵਨਾ ਹੈ। ਹਾਕਮ ਧਿਰ ਲਈ ਮੌਜੂਦਾ ਸੰਕਟ ਸਿਆਸੀ ਤੌਰ ’ਤੇ ਵੋਟ ਬੈਂਕ ਨੂੰ ਪ੍ਰਭਾਵਿਤ ਕਰੇਗਾ। ਸੂਬੇ ’ਚ 13 ਨਵੰਬਰ ਨੂੰ ਹਲਕਾ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਚ ਵੋਟਾਂ ਪੈਣਗੀਆਂ ਜਿਨ੍ਹਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 25 ਅਕਤੂਬਰ ਹੈ। ਸਿਆਸੀ ਧਿਰਾਂ ਨੇ ਰਾਜਸੀ ਸਰਗਰਮੀ ਸ਼ੁਰੂ ਕਰ ਦਿੱਤੀ ਹੈ।
ਸਭ ਤੋਂ ਵੱਧ ਹੌਟ ਸੀਟ ਗਿੱਦੜਬਾਹਾ ਹਲਕੇ ਦੀ ਹੈ ਜਿੱਥੇ ਕੁੱਲ 1.66 ਲੱਖ ਵੋਟਰ ਹਨ। ਇਨ੍ਹਾਂ ’ਚੋਂ ਕਰੀਬ 44 ਹਜ਼ਾਰ ਵੋਟਰ ਗਿੱਦੜਬਾਹਾ ਸ਼ਹਿਰ ਦੇ ਹਨ ਅਤੇ ਬਾਕੀ 1.22 ਲੱਖ ਪੇਂਡੂ ਵੋਟਰ ਹਨ। ਇਸ ਹਲਕੇ ਵਿਚ 44 ਪਿੰਡ ਅਤੇ 52 ਪੰਚਾਇਤਾਂ ਹਨ ਜਦੋਂ ਕਿ ਖਰੀਦ ਕੇਂਦਰਾਂ ਦੀ ਗਿਣਤੀ 43 ਹੈ। ਇਥੇ ਸਿਆਸੀ ਤੌਰ ’ਤੇ ਸਖ਼ਤ ਟੱਕਰ ਬਣੇਗੀ। ਭਾਜਪਾ ਤਰਫੋਂ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਬਣਾਇਆ ਜਾਣਾ ਤੈਅ ਹੈ। ਭਾਜਪਾ ਨੂੰ ਵੀ ਝੋਨੇ ਤੇ ਡੀਏਪੀ ਦਾ ਸੰਕਟ ਪ੍ਰੇਸ਼ਾਨ ਕਰੇਗਾ ਜਦੋਂ ਕਿ ‘ਆਪ’ ਉੱਤੇ ਵੀ ਸਵਾਲ ਉੱਠਣੇ ਤੈਅ ਹਨ।
ਡੇਰਾ ਬਾਬਾ ਨਾਨਕ ਹਲਕੇ ਵਿਚ 1.95 ਲੱਖ ਕੁੱਲ ਵੋਟਰ ਹਨ ਜਿਨ੍ਹਾਂ ’ਚੋਂ ਕਰੀਬ 1.85 ਲੱਖ ਪੇਂਡੂ ਵੋਟਰ ਹਨ ਜਦੋਂ ਕਿ ਸ਼ਹਿਰੀ ਵੋਟਰਾਂ ਦੀ ਗਿਣਤੀ ਸੱਤ ਕੁ ਹਜ਼ਾਰ ਹੈ। ਇਸ ਹਲਕੇ ਵਿਚ ਕੁੱਲ 279 ਪਿੰਡ ਪੈਂਦੇ ਹਨ ਜਦੋਂ ਕਿ 92 ਖਰੀਦ ਕੇਂਦਰ ਹਨ। ਜ਼ਿਲ੍ਹਾ ਗੁਰਦਾਸਪੁਰ ਵਿਚ ਇਸ ਵੇਲੇ ਕਰੀਬ ਤਿੰਨ ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਪਰ ਬਾਕੀ ਪੰਜਾਬ ਦੀ ਤਰ੍ਹਾਂ ਡੇਰਾ ਬਾਬਾ ਨਾਨਕ ’ਚ ਖਰੀਦ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਇਥੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਲਈ ਇਹ ਮੁੱਦਾ ਵੱਡੀ ਚੁਣੌਤੀ ਬਣੇਗਾ। ਬਰਨਾਲਾ ਹਲਕੇ ’ਚ ਕੁੱਲ ਵੋਟਰ 1.80 ਲੱਖ ਹਨ ਜਿਨ੍ਹਾਂ ’ਚੋਂ 88,429 ਸ਼ਹਿਰੀ ਵੋਟਰ ਹਨ ਜਦੋਂ ਕਿ ਬਾਕੀ ਕਰੀਬ 92 ਹਜ਼ਾਰ ਵੋਟਰ ਪੇਂਡੂ ਹਨ। ਇਸ ਹਲਕੇ ਤੋਂ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਐਲਾਨੇ ਗਏ ਹਨ। ਇਸ ਹਲਕੇ ਵਿਚ ਕਿਸਾਨ ਜਥੇਬੰਦੀਆਂ ਦਾ ਵੀ ਕਾਫੀ ਜ਼ੋਰ ਹੈ। ਝੋਨੇ ਦੀ ਖਰੀਦ ਵਿਚਲੇ ਅੜਿੱਕੇ ‘ਆਪ’ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਹਨ। ਆਉਂਦੇ ਦਿਨਾਂ ਵਿਚ ਝੋਨੇ ਦੀ ਆਮਦ ਮੰਡੀਆਂ ਵਿਚ ਵਧੇਗੀ ਅਤੇ ਹਾਕਮ ਧਿਰ ਨੂੰ ਕਿਸਾਨਾਂ ਦੇ ਰੋਹ ਨੂੰ ਠੰਢਾ ਕਰਨਾ ਪਵੇਗਾ।
ਹਲਕਾ ਚੱਬੇਵਾਲ ਨਿਰੋਲ ਪੇਂਡੂ ਸੀਟ ਵਾਂਗ ਹੈ ਜਿੱਥੇ 1.56 ਲੱਖ ਵੋਟਰ ਹਨ। ਇਸ ਹਲਕੇ ਵਿਚ 206 ਪੰਚਾਇਤਾਂ ਹਨ ਅਤੇ ਇਸ ਸੀਟ ’ਤੇ ਝੋਨੇ ਦੀ ਖਰੀਦ ਦੇ ਅੜਿੱਕੇ ਦਾ ਸਿੱਧਾ ਅਸਰ ਪਵੇਗਾ। ਜੇ ਚੋਣ ਪ੍ਰਚਾਰ ਭਖਣ ਤੱਕ ਝੋਨੇ ਦੀ ਖਰੀਦ ਵਿਚਲੇ ਅੜਿੱਕੇ ਦੂਰ ਨਾ ਹੋਏ ਤਾਂ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਤਾ ਲੱਗਾ ਹੈ ਕਿ ਸੱਤਾਧਾਰੀ ਧਿਰ ਨੇ ਇਨ੍ਹਾਂ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿਚ ਝੋਨੇ ਦੀ ਖਰੀਦ ਵੱਲ ਉੱਚੇਚਾ ਧਿਆਨ ਦੇਣਾ ਸ਼ੁਰੂ ਕੀਤਾ ਹੈ।
ਭਾਜਪਾ ਉਮੀਦਵਾਰਾਂ ਲਈ ਵੀ ਰਾਹ ਸੁਖਾਲਾ ਨਹੀਂ...
ਜ਼ਿਮਨੀ ਚੋਣ ਵਾਲੀਆਂ ਸੀਟਾਂ ’ਤੇ ਉੱਤਰਨ ਵਾਲੇ ਭਾਜਪਾ ਉਮੀਦਵਾਰਾਂ ਲਈ ਵੀ ਰਾਹ ਸੁਖਾਲਾ ਨਹੀਂ ਹੋਵੇਗਾ। ਕਿਉਂਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਪੰਜਾਬ ’ਚੋਂ ਅਨਾਜ ਦੀ ਮੂਵਮੈਂਟ ਨਹੀਂ ਕੀਤੀ ਜਿਸ ਕਰਕੇ ਪੰਜਾਬ ਵਿਚ ਅਨਾਜ ਭੰਡਾਰਨ ਲਈ ਜਗ੍ਹਾ ਨਹੀਂ ਬਣ ਸਕੀ ਹੈ। ਮੌਜੂਦਾ ਸੰਕਟ ਇਸ ਦੀ ਬਦੌਲਤ ਹੈ। ‘ਆਪ’ ਵੱਲੋਂ ਚੋਣ ਪ੍ਰਚਾਰ ਦੌਰਾਨ ਮੌਜੂਦਾ ਬਿਪਤਾ ਦਾ ਠੀਕਰਾ ਕੇਂਦਰ ਸਰਕਾਰ ਸਿਰ ਭੰਨਿਆ ਜਾਵੇਗਾ। ਨਵੰਬਰ ਦੇ ਅੱਧ ਤੱਕ ਕਣਕ ਦੀ ਬਿਜਾਈ ਦਾ ਕੰਮ ਸਿਖ਼ਰ ’ਤੇ ਹੋਵੇਗਾ ਅਤੇ ਇਸ ਵੇਲੇ ਡੀਏਪੀ ਦਾ ਸੰਕਟ ਵੀ ਸਿਰ ’ਤੇ ਹੈ। ਇਨ੍ਹਾਂ ਹਲਕਿਆਂ ਵਿਚਲਾ ਕਿਸਾਨੀ ਵੋਟ ਬੈਂਕ ਹਾਰ ਜਿੱਤ ਨੂੰ ਪ੍ਰਭਾਵਿਤ ਕਰੇਗਾ। ਕਾਂਗਰਸ ਪਾਰਟੀ ਇਸ ਮੌਕੇ ਨੂੰ ਸਿਆਸੀ ਲਾਹੇ ਲਈ ਵਰਤੇਗੀ ਅਤੇ ਕਾਂਗਰਸ ਚੋਣ ਪ੍ਰਚਾਰ ਵਿਚ ‘ਆਪ’ ਸਰਕਾਰ ਖਿਲਾਫ ਝੋਨੇ ਦੇ ਸੰਕਟ ਨੂੰ ਇੱਕ ਸਿਆਸੀ ਹਥਿਆਰ ਦੀ ਤਰ੍ਹਾਂ ਵਰਤੇਗੀ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸਿਆਸੀ ਨਿਸ਼ਾਨੇ ਲਾਉਣ ਵਾਸਤੇ ਇਹ ਮਾਹੌਲ ਵਾਰਾ ਖਾਵੇਗਾ।