ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਦੀਆਂ ਜ਼ਿਮਨੀ ਚੋਣਾਂ

06:14 AM Nov 25, 2024 IST

 

Advertisement

ਪੰਜਾਬ ਦੀਆਂ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਨੂੰ ਤਿੰਨ ਹਲਕਿਆਂ- ਗਿੱਦੜਬਾਹਾ, ਚੱਬੇਵਾਲ ਤੇ ਡੇਰਾ ਬਾਬਾ ਨਾਨਕ ਵਿੱਚ ਜਿੱਤ ਮਿਲੀ ਹੈ- ਜਦੋਂਕਿ ਬਰਨਾਲਾ ਸੀਟ ’ਤੇ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਤੋਂ ਹਾਰ ਗਈ ਹੈ। ਇਨ੍ਹਾਂ ਨਤੀਜਿਆਂ ’ਚ ਜਿੰਨੀ ਚਰਚਾ ਸੱਤਾਧਾਰੀ ਪਾਰਟੀ ਦੀਆਂ ਜਿੱਤਾਂ ਦੀ ਹੋ ਰਹੀ ਹੈ, ਓਨੀ ਹੀ ਚਰਚਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਤੋਂ ਦੂਰ ਰਹਿਣ ਦੀ ਵੀ ਹੋ ਰਹੀ ਹੈ, ਕਿਉਂਕਿ ਅਕਾਲੀ ਦਲ ਦੀਆਂ ਵੋਟਾਂ ‘ਆਪ’ ਵੱਲ ਨੂੰ ਖਿਸਕੀਆਂ ਹਨ, ਜਿਨ੍ਹਾਂ ਫ਼ੈਸਲਾਕੁਨ ਭੂਮਿਕਾ ਅਦਾ ਕੀਤੀ। ਅਕਾਲੀ ਦਲ ਨੇ ਕਾਫ਼ੀ ਚਿਰ ਪਹਿਲਾਂ ਹੀ ਜ਼ਿਮਨੀ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ ਸੀ। ਖਿਸਕੀਆਂ ਵੋਟਾਂ ਹਾਲਾਂਕਿ ਜ਼ਰੂਰੀ ਨਹੀਂ ਕਿ ਨਿਰੋਲ ਆਮ ਆਦਮੀ ਪਾਰਟੀ ਲਈ ਹੀ ਸਨ ਸਗੋਂ ਇਹ ਕਾਂਗਰਸ ਵਿਰੁੱਧ ਇੱਕ ਨੀਤੀਗਤ ਸਫ਼ਬੰਦੀ ਵੀ ਹੈ। ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਜੇਤੂ ਰਹੇ, ਜਦੋਂਕਿ ਚੱਬੇਵਾਲ ਤੋਂ ਵੀ ‘ਆਪ’ ਦੇ ਹੀ ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਜਿੱਤ ਦਰਜ ਕੀਤੀ। ਚੱਬੇਵਾਲ ’ਚ ‘ਆਪ’ ਉਮੀਦਵਾਰ ਕਰੀਬ 28 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਮੋਹਰੀ ਰਿਹਾ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਤੋਂ ਚੁਣੇ ਹੋਏ ਵਿਧਾਇਕ ਮੀਤ ਹੇਅਰ (ਆਪ), ਰਾਜਾ ਵੜਿੰਗ (ਕਾਂਗਰਸ), ਸੁਖਜਿੰਦਰ ਰੰਧਾਵਾ (ਕਾਂਗਰਸ) ਤੇ ਰਾਜ ਕੁਮਾਰ ਚੱਬੇਵਾਲ (ਆਪ) ਸੰਸਦ ਮੈਂਬਰ ਬਣ ਗਏ ਸਨ। ਸੀਟਾਂ ਖਾਲੀ ਹੋਣ ਤੋਂ ਬਾਅਦ ਹੁਣ ਇੱਥੇ ਜ਼ਿਮਨੀ ਚੋਣ ਕਰਵਾਈ ਗਈ ਸੀ।
ਕਾਂਗਰਸ ਲਈ ਬਰਨਾਲਾ ਬਚਾਉਣਾ, ਬਾਕੀ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ’ਚ ਇੱਕ ਫਿੱਕੀ ਜਿਹੀ ਉਮੀਦ ਦੀ ਕਿਰਨ ਵਰਗਾ ਹੈ। ਹਾਲਾਂਕਿ ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਜਿੱਤ ਦਾ ਫ਼ਰਕ ਕਾਫ਼ੀ ਘੱਟ ਰਿਹਾ। ਇੱਥੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਦੀ ਜਿੱਤ ਦਰਸਾਉਂਦੀ ਹੈ ਕਿ ਪਾਰਟੀ ‘ਆਪ’ ਅੰਦਰਲੀ ਨਾਖ਼ੁਸ਼ੀ ਦਾ ਫ਼ਾਇਦਾ ਚੁੱਕਣ ਵਿੱਚ ਕਾਮਯਾਬ ਰਹੀ, ਜਿਸ ਵਿੱਚ ਬਾਗ਼ੀ ਉਮੀਦਵਾਰਾਂ ਦਾ ਵੀ ਯੋਗਦਾਨ ਰਿਹਾ। ਉਨ੍ਹਾਂ ਵੱਲੋਂ ਤੋੜੀਆਂ ਵੋਟਾਂ ਨੇ ਕਾਂਗਰਸ ਦਾ ਫ਼ਾਇਦਾ ਕੀਤਾ। ‘ਆਪ’ ਦੇ ਬਾਗ਼ੀ ਗੁਰਦੀਪ ਸਿੰਘ ਬਾਠ ਨੇ ਬਰਨਾਲਾ ਤੋਂ ਆਜ਼ਾਦ ਚੋਣ ਲੜੀ ਤੇ ਕਰੀਬ 17 ਹਜ਼ਾਰ ਵੋਟਾਂ ਲੈ ਕੇ ਕਾਂਗਰਸੀ ਉਮੀਦਵਾਰ ਦਾ ਬਚਾਅ ਕੀਤਾ। ਹਾਲਾਂਕਿ, ਪਤਨੀ ਤੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਲਈ ਸੂਬਾ ਇਕਾਈ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚਲਾਈ ਜ਼ੋਰਦਾਰ ਪ੍ਰਚਾਰ ਮੁਹਿੰਮ ਦੇ ਬਾਵਜੂਦ ਗਿੱਦੜਬਾਹਾ ’ਚ ਹੋਈ ਕਾਂਗਰਸ ਦੀ ਹਾਰ- ਲੀਡਰਸ਼ਿਪ ’ਚ ਤਾਲਮੇਲ ਦੀ ਘਾਟ ਤੇ ਵੋਟਰਾਂ ਨਾਲ ਪ੍ਰਭਾਵਹੀਣ ਰਾਬਤੇ ਜਿਹੇ ਡੂੰਘੇ ਮੁੱਦਿਆਂ ਨੂੰ ਉਭਾਰਦੀ ਹੈ। ਇਹ ਹਾਰ ਖ਼ਾਸ ਕਰਕੇ ਇਸ ਲਈ ਵੀ ਨੁਕਸਾਨਦਾਇਕ ਹੈ ਕਿਉਂਕਿ ਇਕੱਲੇ ਗਿੱਦੜਬਾਹਾ ’ਤੇ ਵੜਿੰਗ ਦੇ ਧਿਆਨ ਦਾ ਖ਼ਮਿਆਜ਼ਾ ਪਾਰਟੀ ਨੂੰ ਹੋਰਾਂ ਹਲਕਿਆਂ ਵਿੱਚ ਹਾਰ ਦੇ ਰੂਪ ’ਚ ਭੁਗਤਣਾ ਪਿਆ ਹੈ। ਇਸ ਨਾਲ ਪੰਜਾਬ ’ਚ ਪਾਰਟੀ ਦੇ ਸਮੁੱਚੇ ਪ੍ਰਭਾਵ ਨੂੰ ਹੋਰ ਝਟਕਾ ਲੱਗਾ ਹੈ। ਵੜਿੰਗ ਖ਼ੁਦ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ (2012, 2017 ਤੇ 2022) ਬਾਜ਼ੀ ਮਾਰ ਚੁੱਕੇ ਹਨ। ਹਾਲਾਂਕਿ ਆਖ਼ਰੀ ਚੋਣ ਉਹ ਵੀ ਮਸਾਂ 1,349 ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਗਿੱਦੜਬਾਹਾ ਤੋਂ ਜਿੱਤੇ ‘ਆਪ’ ਦੇ ਉਮੀਦਵਾਰ ਡਿੰਪੀ ਢਿੱਲੋਂ ਪਹਿਲਾਂ ਦੋ ਵਾਰ ਇੱਥੋਂ ਹੀ (2017 ਤੇ 2022) ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਹਾਰ ਚੁੱਕੇ ਹਨ। ਲੰਮਾ ਸਮਾਂ ਅਕਾਲੀ ਦਲ ’ਚ ਰਹੇ ਢਿੱਲੋਂ ਗਿੱਦੜਬਾਹਾ ਤੋਂ ਕਰੀਬ 22 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਮੋਹਰੀ ਰਹੇ। ਅਕਾਲੀ ਦਲ ਦੇ ਚੋਣ ਮੈਦਾਨ ਵਿੱਚ ਨਾ ਹੋਣ ਦਾ ਵੀ ਡਿੰਪੀ ਢਿੱਲੋਂ ਨੂੰ ਫ਼ਾਇਦਾ ਮਿਲਿਆ ਹੈ। ਭਾਜਪਾ, ਇਸ ਦੌਰਾਨ ਪੰਜਾਬ ਦੇ ਪੇਂਡੂ ਸਿਆਸੀ ਭੂ-ਦ੍ਰਿਸ਼ ਵਿੱਚ ਹਾਲੇ ਵੀ ਬੇਗ਼ਾਨਗੀ ਦੀ ਸ਼ਿਕਾਰ ਹੈ। ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਚੱਬੇਵਾਲ ਵਿੱਚ ਤਾਂ ਭਾਜਪਾ ਦੀ ਜ਼ਮਾਨਤ ਵੀ ਜ਼ਬਤ ਹੋਈ ਹੈ। ਗਿੱਦੜਬਾਹਾ ਤੋਂ ਭਾਜਪਾ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਪਾਰਟੀ ਅਜੇ ਵੀ ਖੇਤੀ ਕਾਨੂੰਨਾਂ ਵੱਲੋਂ ਕੀਤੇ ਸਿਆਸੀ ਨੁਕਸਾਨ ਨੂੰ ਪੂਰ ਨਹੀਂ ਸਕੀ ਹੈ ਤੇ ਸਾਰੇ ਹਲਕਿਆਂ ਵਿੱਚ ਤੀਜੇ ਸਥਾਨ ’ਤੇ ਖਿਸਕੀ ਹੈ। ਚਾਰ ਸੀਟਾਂ ’ਤੇ ਔਸਤਨ 63.91 ਫ਼ੀਸਦੀ ਵੋਟਿੰਗ ਹੋਈ ਸੀ। ਹਾਲਾਂਕਿ ਗਿੱਦੜਬਾਹਾ ਵਿੱਚ ਕਾਫ਼ੀ ਜ਼ਿਆਦਾ ਵੋਟਿੰਗ ਪ੍ਰਤੀਸ਼ਤ ਦਰਜ ਹੋਈ ਸੀ। ਸਭ ਤੋਂ ਘੱਟ ਵੋਟਾਂ (53.43) ਚੱਬੇਵਾਲ ਸੀਟ ਉੱਤੇ ਪਈਆਂ ਸਨ। ਡੇਰਾ ਬਾਬਾ ਨਾਨਕ ਵਿੱਚ 64.1 ਫ਼ੀਸਦੀ ਅਤੇ ਬਰਨਾਲਾ ਵਿੱਚ 56.34 ਫ਼ੀਸਦੀ ਵੋਟਿੰਗ ਹੋਈ ਸੀ। ਵੋਟ ਫ਼ੀਸਦ ਨੂੰ ਆਧਾਰ ਬਣਾ ਕੇ ਵੱਖ-ਵੱਖ ਅੰਦਾਜ਼ੇ ਲਾਏ ਜਾ ਰਹੇ ਸਨ। ਕੁਝ ਇਸ ਨੂੰ ਸੱਤਾ ਪ੍ਰਤੀ ਨਾਰਾਜ਼ਗੀ ਤੇ ਕੁਝ ਬਦਲਾਅ ਨਾਲ ਜੋੜ ਕੇ ਦੇਖ ਰਹੇ ਸਨ। ਸੂਬੇ ਦੇ ਸਿਆਸੀ ਦ੍ਰਿਸ਼ ਨੂੰ ਦੇਖਦਿਆਂ ਇਨ੍ਹਾਂ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਕਾਫ਼ੀ ਕੁਝ ਦਾਅ ਉੱਤੇ ਵੀ ਲੱਗਾ ਹੋਇਆ ਸੀ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਆਸਾਂ ਮੁਤਾਬਿਕ ਨਹੀਂ ਰਹੀ ਸੀ ਤੇ ਸੂਬੇ ਦੀਆਂ ਕੁੱਲ 13 ਸੀਟਾਂ ਵਿੱਚੋਂ ਸੱਤਾਧਾਰੀ ਧਿਰ ਸਿਰਫ਼ 3 ਹੀ ਜਿੱਤ ਸਕੀ ਸੀ। ਕਾਂਗਰਸ ਨੇ ਸੂਬੇ ਦੀ ਸੱਤਾ ਵਿੱਚੋਂ ਬਾਹਰ ਹੋਣ ਦੇ ਬਾਵਜੂਦ ਸੱਤ ਸੀਟਾਂ ਜਿੱਤੀਆਂ ਸਨ। ਦੋ ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ ਅਤੇ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ ਸੀ।
ਇਹ ਨਤੀਜੇ ਉਦੋਂ ਆਏ ਹਨ ਜਦੋਂ ‘ਆਪ’ ਨੇ ਅਮਨ ਅਰੋੜਾ ਨੂੰ ਆਪਣਾ ਸੂਬਾ ਪ੍ਰਧਾਨ ਥਾਪਿਆ ਹੈ ਅਤੇ ਸ਼ਹਿਰੀ ਤੇ ਹਿੰਦੂ ਵੋਟ ਪੱਕੀ ਕਰਨ ਵੱਲ ਤੁਰਨ ਦਾ ਸੰਕੇਤ ਦਿੱਤਾ ਹੈ। ਹਾਲਾਂਕਿ, ਸੱਤਾਧਾਰੀ ‘ਆਪ’ ਨੂੰ ਕਾਰਜਕਾਲ ਦੇ ਅੱਧ ’ਚ ਜ਼ਮੀਨੀ ਅਸਲੀਅਤ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸੋਚ-ਵਿਚਾਰ ਕੇ ਅੱਗੇ ਵਧਣ ਦੀ ਜ਼ਰੂਰਤ ਹੈ। ਨਸ਼ਿਆਂ, ਵਿੱਤੀ ਅਸਥਿਰਤਾ ਤੇ ਖੇਤੀ ਸੰਕਟ ਵਰਗੇ ਮੁੱਦੇ ਗੰਭੀਰ ਬਣੇ ਹੋਏ ਹਨ ਤੇ ਮਹਿਜ਼ ਚੁਣਾਵੀ ਜਿੱਤਾਂ ਨੀਤੀਗਤ ਹੱਲਾਂ ਦਾ ਬਦਲ ਨਹੀਂ ਬਣ ਸਕਦੀਆਂ। ਹਾਲਾਂਕਿ ਇਸ ਜਿੱਤ ਤੋਂ ਅਜਿਹਾ ਵੀ ਲੱਗਦਾ ਹੈ ਕਿ ਪਾਰਟੀ ਨੇ ਸੱਤਾ ਵਿਰੋਧੀ ਲਹਿਰ ਦੇ ਬਿਰਤਾਂਤ ਨੂੰ ਪਛਾੜਿਆ ਹੈ। ਫਿਲਹਾਲ ਚਾਰ ਵਿੱਚੋਂ ਤਿੰਨ ਹਲਕਿਆਂ ’ਚ ਮਿਲੀ ਜਿੱਤ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਦਾ ਹੌਸਲਾ ਜ਼ਰੂਰ ਬੁਲੰਦ ਹੋਇਆ ਹੋਵੇਗਾ। ‘ਆਪ’ ਨੇ ਅਕਾਲੀ ਦਲ ਦੀ ਗ਼ੈਰ-ਹਾਜ਼ਰੀ ’ਚ ਮੁੱਖ ਵਿਰੋਧੀ ਧਿਰ ਕਾਂਗਰਸ ਤੋਂ ਤਿੰਨ ਸੀਟਾਂ ਖੋਹ ਲਈਆਂ ਹਨ, ਜਿਸ ਨਾਲ ਵਿਧਾਨ ਸਭਾ ਵਿੱਚ ਇਸ ਦੇ ਵਿਧਾਇਕਾਂ ਦੀ ਗਿਣਤੀ ਵੀ 94 ਹੋ ਗਈ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੁਤਾਬਿਕ ਲੋਕਾਂ ਨੇ ਦੂਜੀ ਵਾਰ ਪਾਰਟੀ ਨੂੰ ਚੁਣਿਆ ਹੈ, ਜਿਸ ਦਾ ਮਤਲਬ ਹੈ ਕਿ ਇਹ ਚੰਗਾ ਕੰਮ ਕਰ ਰਹੀ ਹੈ। ਕੇਜਰੀਵਾਲ ਨੇ ਇਨ੍ਹਾਂ ਜ਼ਿਮਨੀ ਚੋਣਾਂ ਨੂੰ ਸਿਰਫ਼ ਪੰਜਾਬ ਲਈ ਹੀ ਨਹੀਂ ਬਲਕਿ ਦਿੱਲੀ ਲਈ ਵੀ ਮਹੱਤਵਪੂਰਨ ਦੱਸਿਆ ਹੈ। ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੀਆਂ ਚੋਣਾਂ ਨੂੰ ਦਿੱਲੀ ਦੀਆਂ ਚੋਣਾਂ ਦਾ ਸੈਮੀਫਾਈਨਲ ਕਰਾਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਚੋਣਾਂ ’ਚ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਦੋਵਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਵੋਟ ਪਾਈ ਹੈ। ਜ਼ਿਮਨੀ ਚੋਣਾਂ ਦੇ ਨਤੀਜੇ ਨਾ ਕੇਵਲ ਚੁਣਾਵੀ ਰਣਨੀਤੀ ਦਾ ਸਬਕ ਦਿੰਦੇ ਹਨ, ਪਰ ਨਾਲ ਹੀ ਇੱਕ ਅਜਿਹੇ ਸ਼ਾਸਨ ਪ੍ਰਬੰਧ ਦੀ ਲੋੜ ਉੱਤੇ ਵੀ ਜ਼ੋਰ ਦਿੰਦੇ ਹਨ ਜੋ ਢਾਂਚਾਗਤ ਚੁਣੌਤੀਆਂ ਦਾ ਹੱਲ ਕੱਢੇ ਅਤੇ ਰਾਜ ਦੇ ਲੋਕਾਂ ਦੀਆਂ ਖ਼ਾਹਿਸ਼ਾਂ ’ਤੇ ਵੀ ਖ਼ਰਾ ਉੱਤਰੇ।

Advertisement
Advertisement