ਜ਼ਿਮਨੀ ਚੋਣਾਂ: ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਵਿੱਚ ਕਿਸੇ ਮਹਿਲਾ ਨੂੰ ਨਹੀਂ ਮਿਲੀ ਜ਼ਿੰਮੇਵਾਰੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਨਵੰਬਰ
ਚਾਰ ਵਿਧਾਨ ਸਭਾ ਹਲਕਿਆਂ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਬਣਾਈ ਚੋਣ ਪ੍ਰਚਾਰ ਕਮੇਟੀ ਵਿੱਚ ਕਿਸੇ ਵੀ ਮਹਿਲਾ ਆਗੂ ਨੂੰ ਸ਼ਾਮਲ ਨਾ ਕਰਨਾ ਕਾਂਗਰਸ ਨੂੰ ਭਾਰੀ ਪੈ ਸਕਦਾ ਹੈ। ਬੇਸ਼ੱਕ ਕਾਂਗਰਸ ਔਰਤਾਂ ਨੂੰ ਹਰ ਖੇਤਰ ਵਿਚ 50 ਫ਼ੀਸਦ ਰਾਖਵਾਂਕਰਨ ਦੇਣ ਦੇ ਦਾਅਵੇ ਕਰਦੀ ਹੈ ਪਰ ਚੋਣਾਂ ਦੌਰਾਨ ਮਹਿਲਾ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰਨਾ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਵੱਲੋਂ ਮਹਿਲਾ ਉਮੀਦਵਾਰ ਹੋਣ ਦਾ ਰਾਗ ਅਲਾਪਿਆ ਜਾ ਰਿਹਾ ਪਰ ਕਾਂਗਰਸ ਪ੍ਰਚਾਰ ਕਮੇਟੀ ਵਿੱਚ ਕਿਸੇ ਔਰਤ ਨੂੰ ਨਾ ਲੈਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਹਲਕਾ ਬਰਨਾਲਾ ਖਾਸਕਰ ਧਨੌਲਾ ਖੇਤਰ ਵਿੱਚ ਬੀਬੀ ਭੱਠਲ ਪਰਿਵਾਰ ਦਾ ਬਹੁਤ ਵੱਡਾ ਮਜ਼ਬੂਤ ਵੋਟ ਬੈਂਕ ਹੈ। ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਕਾਂਗਰਸੀ ਆਗੂ ਰਾਹੁਲਇੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਧਨੌਲਾ ਹਲਕੇ ਵਿੱਚ 40 ਹਜ਼ਾਰ ਵੋਟ ਉਨ੍ਹਾਂ ਦੀ ਹੈ ਪਰ ਪਾਰਟੀ ਔਰਤਾਂ ਖਾਸਕਰ ਬੀਬੀ ਭੱਠਲ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਹੁਣ ਦੇਖਣਾ ਇਹ ਹੈ ਕਿ ਕਾਂਗਰਸ ਬੀਬੀ ਭੱਠਲ ਦੇ ਨਾਲ-ਨਾਲ ਹੋਰਨਾਂ ਮਹਿਲਾ ਨੇਤਾਵਾਂ ਦੀਆਂ ਚੋਣਾਂ ਵਿੱਚ ਸੇਵਾਵਾਂ ਲੈਂਦੀ ਹੈ ਜਾਂ ਫਿਰ ਕਿਸੇ ਨਾ ਕਿਸੇ ਰੂਪ ਵਿੱਚ ਖਮਿਆਜ਼ਾ ਭੁਗਤਦੀ ਹੈ।