For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣਾਂ: ਉੱਤਰਾਖੰਡ, ਬਿਹਾਰ ਤੇ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ

10:43 PM Jul 10, 2024 IST
ਜ਼ਿਮਨੀ ਚੋਣਾਂ  ਉੱਤਰਾਖੰਡ  ਬਿਹਾਰ ਤੇ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਇੱਕਾ ਦੁੱਕਾ ਘਟਨਾਵਾਂ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਇਕ ਪੋਲਿੰਗ ਬੂਥ ’ਤੇ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗਾ ਸਿਆਹੀ ਦਾ ਨਿਸ਼ਾਨ ਦਿਖਾਉਂਦੀਆਂ ਹੋਈਆਂ ਬਜ਼ੁਰਗ ਮਹਿਲਾਵਾਂ। - ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 10 ਜੁਲਾਈ

Advertisement

ਸੱਤ ਸੂਬਿਆਂ ਵਿਚਲੇ 13 ਵਿਧਾਨ ਸਭਾ ਹਲਕਿਆਂ ਲਈ ਅੱਜ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਦਰਮਿਆਨੀ ਤੋਂ ਤੇਜ਼ ਵੋਟਿੰਗ ਦਰਜ ਕੀਤੀ ਗਈ। ਇਸ ਦੌਰਾਨ ਉੱਤਰਾਖੰਡ, ਬਿਹਾਰ ਤੇ ਪੱਛਮੀ ਬੰਗਾਲ ਵਿੱਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਵਾਪਰੀਆਂ। ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸੀ। ਚੋਣ ਕਮਿਸ਼ਨ ਮੁਤਾਬਕ ਤਾਮਿਲਨਾਡੂ ਦੇ ਵਿਕਰਵਾਂਡੀ ਹਲਕੇ ਵਿੱਚ ਸਭ ਤੋਂ ਵੱਧ 82.48 ਫੀਸਦ ਵੋਟਿੰਗ ਦਰਜ ਕੀਤੀ ਗਈ। ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਣ ਵਾਲੀਆਂ ਇਹ ਪਹਿਲੀਆਂ ਚੋਣਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਸਣੇ ਕਈ ਉੱਘੇ ਆਗੂਆਂ ਅਤੇ ਪਹਿਲੀ ਵਾਰ ਚੋਣਾਂ ਲੜਨ ਵਾਲਿਆਂ ਦੇ ਭਵਿੱਖ ਦਾ ਫ਼ੈਸਲਾ ਕਰਨਗੀਆਂ। ਇਹ ਜ਼ਿਮਨੀ ਚੋਣਾਂ ਕਿਸੇ ਸੀਟ ’ਤੇ ਲੋਕ ਨੁਮਾਇੰਦੇ ਦੀ ਮੌਤ ਹੋਣ ਜਾਂ ਉਸ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਖਾਲੀ ਹੋਈਆਂ ਹਨ। ਖ਼ਬਰ ਲਿਖੇ ਜਾਣ ਤੱਕ ਉੱਤਰਾਖੰਡ, ਬਿਹਾਰ ਤੇ ਪੱਛਮੀ ਬੰਗਾਲ ਵਿੱਚ ਇੱਕਾ-ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਬਾਕੀ ਚਾਰ ਸੂਬਿਆਂ ਵਿੱਚ ਇਹ ਚੋਣਾਂ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੀਆਂ। ਉੱਤਰਾਖੰਡ ਵਿੱਚ ਮੰਗਲੌਰ ਹਲਕੇ ’ਚ ਇਕ ਪੋਲਿੰਗ ਬੂਥ ’ਤੇ ਦੋ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਹੋਈ ਝੜਪ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਰੂੜਕੀ ਸਿਵਲ ਲਾਈਨ ਕੋਤਵਾਲੀ ਦੇ ਇੰਚਾਰਜ ਆਰਕੇ ਸਕਲਾਨੀ ਨੇ ਦੱਸਿਆ ਕਿ ਮੰਗਲੌਰ ਹਲਕੇ ਵਿੱਚ ਲਿੱਬਰਹੇੜੀ ’ਚ ਬੂਥ ਨੰਬਰ 53-54 ’ਚ ਦੋ ਪਾਰਟੀਆਂ ਦੇ ਵਰਕਰਾਂ ਵਿਚਾਲੇ ਝੜਪ ਹੋਈ। ਇਸ ਦੌਰਾਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਕੁਝ ਖ਼ਬਰਾਂ ਮੁਤਾਬਕ ਇਕ ਬੂਥ ’ਤੇ ਗੋਲੀਬਾਰੀ ਵੀ ਹੋਈ। ਹਾਲਾਂਕਿ, ਪੁਲੀਸ ਨੇ ਇਸ ਤੋਂ ਇਨਕਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੰਗਲੌਰ ਵਿੱਚ 68.24 ਫੀਸਦ ਵੋਟਿੰਗ ਜਦਕਿ ਬਦਰੀਨਾਥ ’ਚ 49.80 ਫੀਸਦ ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿੱਚ ਬਾਗਦਾਹ ਤੇ ਰਾਨਾਘਾਟ ਦੱਖਣੀ ਵਿੱਚ ਹਿੰਸਾ ਦੀਆਂ ਘਟਨਾਵਾਂ ਹੋਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਭਾਜਪਾ ਨੇ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਭਾਜਪਾ ਦੇ ਬੂਥ ਏਜੰਟਾਂ ’ਤੇ ਹਮਲਾ ਕਰਨ ਅਤੇ ਪਾਰਟੀ ਦੇ ਉਮੀਦਵਾਰਾਂ ਨੂੰ ਕੁਝ ਪੋਲਿੰਗ ਬੂਥਾਂ ਦਾ ਦੌਰਾ ਕਰਨ ਤੋਂ ਰੋਕਣ ਦੇ ਦੋਸ਼ ਲਗਾਏ। ਉੱਧਰ, ਟੀਐੱਮਸੀ ਨੇ ਦੋਸ਼ਾਂ ਨੂੰ ਨਿਰਆਧਾਰ ਕਰਾਰ ਦਿੱਤਾ। ਪੱਛਮੀ ਬੰਗਾਲ ਵਿੱਚ ਰਾਏਗੰਜ ਸੀਟ ’ਤੇ ਸਭ ਤੋਂ ਵੱਧ 67.12 ਫੀਸਦ, ਰਾਨਾਘਾਟ ਦੱਖਣੀ ’ਚ 65.37 ਫੀਸਦ, ਬਾਗਦਾਹ ’ਚ 65.15 ਫੀਸਦ ਅਤੇ ਮਾਨਿਕਤਲਾ ’ਚ 51.39 ਫੀਸਦ ਵੋਟਿੰਗ ਦਰਜ ਕੀਤੀ ਗਈ। ਬਿਹਾਰ ਵਿੱਚ ਰੁਪੌਲੀ ਵਿਧਾਨ ਸਭਾ ਸੀਟ ’ਤੇ 57.25 ਫੀਸਦ ਵੋਟਿੰਗ ਦਰਜ ਕੀਤੀ ਗਈ। ਬਿਹਾਰ ਦੇ ਪੁਰਨੀਆ ਜ਼ਿਲ੍ਹੇ ਵਿੱਚ ਪੈਂਦੇ ਭਵਾਨੀਪੁਰ ਬਲਾਕ ’ਚ ਇਕ ਬੂਥ ’ਤੇ ਭੀੜ ਨੇ ਪੁਲੀਸ ਪਾਰਟੀ ’ਤੇ ਪਥਰਾਅ ਕੀਤਾ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇਕ ਸਬ ਇੰਸਪੈਕਟਰ ਤੇ ਇਕ ਸਿਪਾਹੀ ਜ਼ਖ਼ਮੀ ਹੋ ਗਏ। ਇਸੇ ਦੌਰਾਨ ਤਾਮਿਲਨਾਡੂ ਵਿੱਚ ਵਿਕਰਵਾਂਡੀ ਵਿਧਾਨ ਸਭਾ ਹਲਕੇ ’ਚ 82.48 ਫੀਸਦ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਅਮਰਵਾੜਾ ਵਿਧਾਨ ਸਭਾ ਸੀਟ ’ਤੇ 78.71 ਫੀਸਦ ਵੋਟਿੰਗ ਦਰਜ ਕੀਤੀ ਗਈ। -ਪੀਟੀਆਈ

Advertisement
Author Image

Advertisement
Advertisement
×