ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਮਨੀ ਚੋਣਾਂ: ਪੰਜਾਬ ’ਚ ‘ਆਪ’ ਤਿੰਨ ਤੇ ਕਾਂਗਰਸ ਇਕ ਸੀਟ ’ਤੇ ਕਾਬਜ਼

07:36 AM Nov 24, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 23 ਨਵੰਬਰ
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੀਟਾਂ ਜਿੱਤੀਆਂ ਹਨ, ਜਦਕਿ ਵਿਰੋਧੀ ਧਿਰ ਕਾਂਗਰਸ ਦੀ ਝੋਲੀ ਇੱਕ ਸੀਟ ਪਈ ਹੈ। ‘ਆਪ’ ਦੇ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਅਤੇ ਚੱਬੇਵਾਲ ਤੋਂ ਇਸ਼ਾਂਕ ਕੁਮਾਰ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ‘ਆਪ’ ਦਾ ਗੜ੍ਹ ਬਰਨਾਲਾ ਹਲਕੇ ’ਚ ਚੋਣ ਜਿੱਤੀ ਹੈ। ਪੰਜਾਬ ਵਿਧਾਨ ਸਭਾ ’ਚ ‘ਆਪ’ ਦੇ ਵਿਧਾਇਕਾਂ ਦੀ ਗਿਣਤੀ ਹੁਣ 92 ਤੋਂ ਵੱਧ ਕੇ 94 ਹੋ ਗਈ ਹੈ, ਜਦੋਂ ਕਿ ਕਾਂਗਰਸ ਦੇ ਵਿਧਾਇਕ 18 ਤੋਂ ਘੱਟ ਕੇ 16 ਰਹਿ ਗਏ ਹਨ।

Advertisement

ਹੁਸ਼ਿਆਰਪੁਰ ’ਚ ਜੇਤੂ ਰੈਲੀ ਕਰਦੇ ਹੋਏ ਇਸ਼ਾਂਕ ਚੱਬੇਵਾਲ। -ਫੋਟੋ: ਮਲਕੀਅਤ ਸਿੰਘ

ਕਾਂਗਰਸ ਨੂੰ ਜ਼ਿਮਨੀ ਚੋਣਾਂ ਵਿਚ ਜ਼ੋਰਦਾਰ ਝਟਕਾ ਲੱਗਿਆ ਹੈ ਕਿਉਂਕਿ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਆਪਣੀਆਂ ਵੱਕਾਰੀ ਸੀਟਾਂ ਬਚਾਉਣ ਵਿਚ ਅਸਫ਼ਲ ਰਹੇ। ‘ਆਪ’ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਗੜ੍ਹ ਵਿਚਲੀਆਂ ਸੀਟਾਂ ’ਤੇ ਹੂੰਝਾ ਫੇਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਗ਼ੈਰ-ਮੌਜੂਦਗੀ ਦਾ ਫ਼ਾਇਦਾ ‘ਆਪ’ ਨੂੰ ਮਿਲਿਆ ਹੈ।
ਪੇਂਡੂ ਸੀਟਾਂ ’ਤੇ ‘ਆਪ’ ਦਾ ਦਬਦਬਾ ਰਿਹਾ, ਜਦੋਂ ਕਿ ਸ਼ਹਿਰੀ ਸੀਟ ਬਰਨਾਲਾ ’ਤੇ ਕਾਂਗਰਸ ਨੇ ਆਪਣੀ ਲੀਡ ਕਾਇਮ ਕੀਤੀ। ਚਾਰੇ ਸੀਟਾਂ ਦੇ ਸਮੁੱਚੀ ਵੋਟ ਫ਼ੀਸਦੀ ’ਚ ’ਆਪ’ ਨੂੰ ਸਭ ਤੋਂ ਵੱਧ 46.72 ਫ਼ੀਸਦੀ ਵੋਟਾਂ ਮਿਲੀਆਂ। ਕਾਂਗਰਸ ਨੂੰ 34.59 ਤੇ ਭਾਜਪਾ ਨੂੰ 10.15 ਫ਼ੀਸਦੀ ਵੋਟ ਹਾਸਲ ਹੋਏ ਹਨ। ਚੋਣ ਮੈਦਾਨ ਵਿਚ ਨਿੱਤਰੇ ਕੁੱਲ 45 ਉਮੀਦਵਾਰਾਂ ’ਚੋਂ 35 ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਭਾਜਪਾ ਦੇ ਚਾਰ ਉਮੀਦਵਾਰਾਂ ’ਚੋਂ ਸਿਰਫ਼ ਬਰਨਾਲਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਹੀ ਆਪਣੀ ਜ਼ਮਾਨਤ ਬਚਾਅ ਸਕੇ। ਚੋਣ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਅਨੁਸਾਰ ‘ਆਪ’ ਨੂੰ ਹਲਕਾ ਚੱਬੇਵਾਲ ਤੋਂ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਮਿਲੀ ਹੈ। ‘ਆਪ’ ਦੇ ਡਾ. ਇਸ਼ਾਂਕ ਕੁਮਾਰ (51,904 ਵੋਟਾਂ) ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ (23,214 ਵੋਟਾਂ) ਨੂੰ 28,690 ਵੋਟਾਂ ਦੇ ਫ਼ਰਕ ਨਾਲ ਹਰਾਇਆ। ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ 8,692 ਵੋਟਾਂ ਮਿਲੀਆਂ। ਹਲਕਾ ਗਿੱਦੜਬਾਹਾ ’ਚ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 21,969 ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਿੰਪੀ ਢਿੱਲੋਂ ਨੂੰ 71,644 ਜਦਕਿ ਅੰਮ੍ਰਿਤਾ ਵੜਿੰਗ ਨੂੰ 49,675 ਵੋਟਾਂ ਪ੍ਰਾਪਤ ਹੋਈਆਂ। ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਸਿਰਫ਼ 12,227 ਵੋਟਾਂ ਹੀ ਹਾਸਲ ਕਰ ਸਕੇ।


ਹਲਕਾ ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਆਪਣੇ ਵਿਰੋਧੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 5,699 ਵੋਟਾਂ ਦੇ ਫ਼ਰਕ ਨਾਲ ਹਰਾਇਆ। ਗੁਰਦੀਪ ਨੂੰ 59,104 ਅਤੇ ਜਤਿੰਦਰ ਕੌਰ ਨੂੰ 53,405 ਵੋਟਾਂ ਮਿਲੀਆਂ। ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਨੂੰ ਸਿਰਫ਼ 6,505 ਵੋਟਾਂ ਹੀ ਹਾਸਲ ਹੋਈਆਂ। ਬਰਨਾਲਾ ਹਲਕੇ ’ਚ ‘ਆਪ’ ਉਮੀਦਵਾਰ ਨੂੰ ਹਰਾ ਕੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ 2,157 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਲਈ ਹੈ। ਕਾਲਾ ਢਿੱਲੋਂ ਨੂੰ 28,254 ਅਤੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26,097 ਵੋਟਾਂ ਹਾਸਲ ਹੋਈਆਂ ਹਨ। ਇਸ ਹਲਕੇ ਤੋਂ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 17,958 ਵੋਟਾਂ ਮਿਲੀਆਂ ਜਦੋਂ ਕਿ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ 16,899 ਵੋਟਾਂ ਲੈਣ ਵਿਚ ਸਫ਼ਲ ਰਹੇ।
‘ਆਪ’ ਨੇ ਮਾਝੇ ਅਤੇ ਦੁਆਬੇ ਵਿਚ ਆਪਣੀ ਇੱਕ-ਇੱਕ ਸੀਟ ਦਾ ਵਾਧਾ ਕਰ ਲਿਆ ਹੈ। ‘ਆਪ’ ਦੀ ਇਸ ਜਿੱਤ ਦਾ ਅਸਰ ਆਗਾਮੀ ਨਗਰ ਨਿਗਮ ਚੋਣਾਂ ਅਤੇ ਦਿੱਲੀ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ। ਅੱਜ ਜਿਵੇਂ ਹੀ ਨਤੀਜੇ ਆਏ ਤਾਂ ਉਮੀਦਵਾਰਾਂ ਨੇ ਆਪੋ-ਆਪਣੇ ਵਰਕਰਾਂ ਨਾਲ ਜੇਤੂ ਜਲੂਸ ਕੱਢੇ। ਹਲਕਾ ਗਿੱਦੜਬਾਹਾ ਵਿਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਤੀਜੀ ਧਿਰ ਦਾ ਖਾਤਾ ਖੁੱਲ੍ਹਿਆ ਹੈ। ਦੋ ਵਾਰ ਹਾਰ ਦੇਖਣ ਤੋਂ ਬਾਅਦ ਅਕਾਲੀ ਦਲ ਦਾ ਗੜ੍ਹ ਸਮਝੇ ਜਾਂਦੇ ਗਿੱਦੜਬਾਹਾ ’ਚ ‘ਆਪ’ ਨੇ ਪਹਿਲੀ ਵਾਰ ਜਿੱਤ ਹਾਸਲ ਕੀਤੀ ਹੈ। ਇਸ ਹਲਕੇ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਅਤੇ ਮਨਪ੍ਰੀਤ ਸਿੰਘ ਬਾਦਲ ਚਾਰ ਵਾਰ ਜੇਤੂ ਰਹੇ ਹਨ। ਮਰਹੂਮ ਹਰਚਰਨ ਸਿੰਘ ਬਰਾੜ ਨੇ ਵੀ ਇਸ ਹਲਕੇ ਤੋਂ ਚੋਣ ਜਿੱਤੀ ਸੀ। ਡੇਰਾ ਬਾਬਾ ਨਾਨਕ ਕਾਂਗਰਸ ਦਾ ਗੜ੍ਹ ਰਿਹਾ ਹੈ ਜਿੱਥੋਂ ਚਾਰ ਵਾਰ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਦੋ ਵਾਰ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਚੋਣ ਜਿੱਤ ਚੁੱਕੇ ਹਨ। ਜ਼ਿਮਨੀ ਚੋਣ ਵਿਚ ‘ਆਪ’ ਉਮੀਦਵਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਹਰਾਇਆ ਹੈ। ਬਰਨਾਲਾ ਹਲਕੇ ’ਚ ਪਹਿਲਾਂ ਅੱਠ ਵਾਰ ਅਕਾਲੀ ਦਲ ਅਤੇ ਪੰਜ ਵਾਰ ਕਾਂਗਰਸ ਚੋਣ ਜਿੱਤ ਚੁੱਕੀ ਹੈ। ਕਾਂਗਰਸ ਨੇ ਬਰਨਾਲਾ ਦੀ ਜ਼ਿਮਨੀ ਚੋਣ ਜਿੱਤ ਕੇ ਸਾਲ 1965 ਵਿਚ ਹੋਈ ਜ਼ਿਮਨੀ ਚੋਣ ਦੀ ਜਿੱਤ ਦਾ ਇਤਿਹਾਸ ਦੁਹਰਾ ਦਿੱਤਾ ਹੈ। ਜ਼ਿਮਨੀ ਚੋਣਾਂ ਵਿਚ ਦੋ ਨਵੇਂ ਚਿਹਰੇ ਡਾ. ਇਸ਼ਾਂਕ ਕੁਮਾਰ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਚੋਣ ਜਿੱਤੇ ਹਨ। ਚੋਣ ਜਿੱਤਣ ਵਾਲਿਆਂ ਵਿਚ ਦੋ ਟਰਾਂਸਪੋਰਟਰ ਹਨ ਜਿਨ੍ਹਾਂ ’ਚ ਡਿੰਪੀ ਢਿੱਲੋਂ ਅਤੇ ਕਾਲਾ ਢਿੱਲੋਂ ਦਾ ਨਾਮ ਸ਼ਾਮਲ ਹੈ। ਬਰਨਾਲਾ ਹਲਕੇ ਵਿਚ ‘ਆਪ’ ਦੀ ਹਾਰ ਲਈ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਲਈ ਬਰਨਾਲਾ ਸੀਟ ਤੋਂ ‘ਆਪ’ ਦੀ ਹਾਰ ਵੱਡਾ ਸਿਆਸੀ ਝਟਕਾ ਹੈ ਕਿਉਂਕਿ ਪਾਰਟੀ ਤਰਫ਼ੋਂ ਉਨ੍ਹਾਂ ਦੇ ਨੇੜਲੇ ਨੂੰ ਟਿਕਟ ਦਿੱਤੀ ਗਈ ਸੀ।
Advertisement

ਪੰਜਾਬ ਦੇ ਲੋਕਾਂ ਨੇ ਪੁਰਾਣੀਆਂ ਪਾਰਟੀਆਂ ਨੂੰ ਨਕਾਰਿਆ: ਕੇਜਰੀਵਾਲ

‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੁਰਾਣੀ ਪਾਰਟੀਆਂ ਨੂੰ ਨਕਾਰ ਕੇ ‘ਆਪ’ ਦੀ ਚੋਣ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਅਤੇ ਪੰਜਾਬ ਵਿੱਚ ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਖੇਤਰ ਵਿੱਚ ਮਿਸਾਲੀ ਕੰਮ ਕੀਤੇ ਹਨ। ਇਸ ਤੋਂ ਇਲਾਵਾ ਔਰਤਾਂ ਦੀ ਸਹੂਲਤ ਲਈ ਬੱਸ ਸਫ਼ਰ ਮੁਫ਼ਤ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਦੇ ਕੰਮਾਂ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ‘ਆਪ’ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਆਉਂਦੇ ਦਿਨਾਂ ਵਿੱਚ ਪੰਜਾਬ ਦੀ ਤਰੱਕੀ ਲਈ ਹੋਰ ਵੀ ਕਈ ਮਿਸਾਲੀ ਫ਼ੈਸਲੇ ਲਏ ਜਾਣਗੇ।

ਲੋਕ ‘ਆਪ’ ਸਰਕਾਰ ਦੇ ਕੰਮਾਂ ਤੋਂ ਖੁਸ਼: ਅਮਨ ਅਰੋੜਾ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਿੰਨ ਵਿਧਾਨ ਸਭਾ ਹਲਕਿਆਂ ’ਚ ਪਾਰਟੀ ਦੀ ਜਿੱਤ ’ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਤਿੰਨ ਸੀਟਾਂ ’ਤੇ ਜਿੱਤ ਨੇ ਇਸ ਗੱਲ ’ਤੇ ਮੋਹਰ ਲਗਾ ਦਿੱਤੀ ਹੈ ਕਿ ਸੂਬੇ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਪਾਰਟੀ ਦੇ ਵਰਕਰਾਂ ਦੀ ਸਖ਼ਤ ਮਿਹਨਤ ਸਦਕਾ ਸੰਭਵ ਹੋ ਸਕੀ ਹੈ।

ਬਾਦਲ ਪਰਿਵਾਰ ਲਈ ਇਕ ਹੋਰ ਝਟਕਾ

ਬਾਦਲ ਪਰਿਵਾਰ ਲਈ ਜ਼ਿਮਨੀ ਚੋਣਾਂ ਸਭ ਤੋਂ ਵੱਡਾ ਝਟਕਾ ਹਨ ਕਿਉਂਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਾਦਲ ਪਰਿਵਾਰ ਦੇ ਕਿਸੇ ਮੈਂਬਰ ਦੀ ਚੋਣਾਂ ਵਿਚ ਜ਼ਮਾਨਤ ਜ਼ਬਤ ਹੋਈ ਹੈ। ਮਨਪ੍ਰੀਤ ਸਿੰਘ ਬਾਦਲ 2022 ਦੀ ਚੋਣ ਵਿਚ ਬਠਿੰਡਾ ਤੋਂ ਆਪਣੀ ਜ਼ਮਾਨਤ ਬਚਾਉਣ ਵਿਚ ਕਾਮਯਾਬ ਰਹੇ ਸਨ ਪ੍ਰੰਤੂ ਹੁਣ ਗਿੱਦੜਬਾਹਾ ਜ਼ਿਮਨੀ ਚੋਣ ਵਿਚ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਇਸ ਤੋਂ ਪਹਿਲਾਂ ਕਦੇ ਵੀ ਬਾਦਲ ਪਰਿਵਾਰ ਨੂੰ ਇਸ ਤਰ੍ਹਾਂ ਦੇ ਹਾਲਾਤ ਨਹੀਂ ਦੇਖਣੇ ਪਏ ਹਨ। ਦੱਸਣਯੋਗ ਹੈ ਕਿ ਮਨਪ੍ਰੀਤ ਬਾਦਲ ਨੇ 1995 ਵਿਚ ਗਿੱਦੜਬਾਹਾ ਦੀ ਜ਼ਿਮਨੀ ਚੋਣ ਜਿੱਤ ਕੇ ਸਿਆਸਤ ਵਿਚ ਪੈਰ ਪਾਇਆ ਸੀ।

ਵੜਿੰਗ ਨੇ ਹਾਰ ਦੀ ਜ਼ਿੰਮੇਵਾਰੀ ਕਬੂਲੀ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਮਨੀ ਚੋਣਾਂ ’ਚ ਪਾਰਟੀ ਦੇ ਤਿੰਨ ਉਮੀਦਵਾਰਾਂ ਦੀ ਹਾਰ ਦੀ ਜ਼ਿੰਮੇਵਾਰੀ ਕਬੂਲੀ ਹੈ। ਉਂਝ ਉਨ੍ਹਾਂ ਕਿਹਾ ਹੈ ਕਿ ਇਹ ਨਤੀਜੇ ਕਾਂਗਰਸ ਨੂੰ ਸੂਬੇ ’ਚ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਵਿੱਚ ਸਹਾਈ ਹੋਣਗੇ। ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕਾਲਾ ਢਿੱਲੋ ਨੂੰ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਵੜਿੰਗ ਨੇ ਕਿਹਾ ਕਿ ਚੋਣਾਂ ਵਿੱਚ ਕਾਂਗਰਸ ਦਾ ਵੋਟ ਬੈਂਕ ਨਹੀਂ ਘਟਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੇ ਵੋਟ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਭੁਗਤਣ ਕਰਕੇ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਤਨੀ ਅੰਮ੍ਰਿਤਾ ਵੜਿੰਗ ਦੀ ਗਿੱਦੜਬਾਹਾ ਤੋਂ ਹਾਰ ਦੇ ਕਾਰਨ ਦਾ ਵੀ ਉਨ੍ਹਾਂ ਅਕਾਲੀ ਦਲ ਦਾ ਉਮੀਦਵਾਰ ਮੈਦਾਨ ’ਚ ਨਾ ਹੋਣ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੇ ਵੀ ਮਾੜੀ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ 78 ਸਾਲਾਂ ਦੇ ਸਮੇਂ ਦੌਰਾਨ ਪਹਿਲੀ ਵਾਰ ਗਿੱਦੜਬਾਹਾ ਤੋਂ ਕਿਸੇ ਔਰਤ ਉਮੀਦਵਾਰ ਦੇ ਚੋਣ ਮੈਦਾਨ ’ਚ ਆਉਣ ਦੀ ਹਲਕੇ ਦੇ ਲੋਕਾਂ ਨੇ ਕਦਰ ਨਹੀਂ ਕੀਤੀ।

ਕਾਂਗਰਸ ਨੇ ‘ਆਪ’ ਦਾ ਗੜ੍ਹ ਢਾਹਿਆ: ਬਾਜਵਾ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਨੇ ਪੰਜਾਬ ਵਿੱਚ ‘ਆਪ’ ਦੇ ਗੜ੍ਹ ਬਰਨਾਲਾ ਨੂੰ ਢਾਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ‘ਆਪ’ ਦਾ ਖਾਤਮਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ ਦੀ ਮਦਦ ਕੀਤੀ ਹੈ।

ਲੋਕ ਸਭਾ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਕਾਂਗਰਸ ਜ਼ਿਮਨੀ ਚੋਣਾਂ ’ਚ ਹਾਰੀ

ਕਾਂਗਰਸ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਪੱਤਰਕਾਰਾਂ ਨੂੰ ਹਾਰ ਦੇ ਕਾਰਨਾਂ ਬਾਰੇ ਦੱਸਦੇ ਹੋਏ। -ਫੋਟੋ: ਗੁਰਸੇਵਕ ਸਿੰਘ ਪ੍ਰੀਤ

ਚੰਡੀਗੜ੍ਹ (ਆਤਿਸ਼ ਗੁਪਤਾ): ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 13 ਵਿੱਚੋਂ ਸੱਤ ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਸੂਬਾਈ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਕੋਈ ਖਾਸ ਨਹੀਂ ਰਿਹਾ। ਕਾਂਗਰਸ ਚਾਰ ਸੀਟਾਂ ਵਿੱਚ ਵਿੱਚੋਂ ਸਿਰਫ਼ ਬਰਨਾਲਾ ਵਿਧਾਨਾ ਸਭਾ ਹਲਕੇ ਵਿੱਚ ਹੀ ਜਿੱਤ ਦਰਜ ਕਰ ਸਕੀ। ਕਾਂਗਰਸ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਬਰਨਾਲਾ ਤੋਂ ‘ਆਪ’ ਦੇ ਆਪਣੇ ਵਿਰੋਧੀ ਹਰਿੰਦਰ ਸਿੰਘ ਧਾਲੀਵਾਲ ਨੂੰ 2157 ਵੋਟਾਂ ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਕੀ ਤਿੰਨ ਹਲਕੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਜਿੱਤੇ ਸਨ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਿੰਪੀ ਢਿੱਲੋਂ ਨੂੰ 1349 ਵੋਟਾਂ ਨਾਲ ਹਰਾਇਆ ਸੀ। ਰਾਜਾ ਵੜਿੰਗ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਗਿੱਦੜਬਾਹਾ ਸੀਟ ਖਾਲੀ ਹੋ ਗਈ ਸੀ। ਕਾਂਗਰਸ ਨੇ ਇਸ ਸੀਟ ਤੋਂ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਬਾਅਦ ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਡਿੰਪੀ ਢਿੱਲੋਂ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਸੀ। ਡਿੰਪੀ ਢਿੱਲੋਂ ਨੇ ਇਨ੍ਹਾਂ ਚੋਣਾਂ ਵਿੱਚ ਅੰਮ੍ਰਿਤਾ ਵੜਿੰਗ ਨੂੰ 21,969 ਵੋਟਾਂ ਨਾਲ ਹਰਾ ਕੇ ਆਪਣੀ ਪਿਛਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਵੜਿੰਗ ਗਿੱਦੜਬਾਹਾ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।
ਉਧਰ, ਸੁਖਜਿੰਦਰ ਸਿੰਘ ਰੰਧਾਵਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੂੰ 466 ਵੋਟਾਂ ਨਾਲ ਹਰਾਇਆ ਸੀ। ਉਨ੍ਹਾਂ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ। ਕਾਂਗਰਸ ਨੇ ਜ਼ਿਮਨੀ ਚੋਣ ਵਿੱਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਸੀ। ਹਾਲਾਂਕਿ, ਉਹ ‘ਆਪ’ ਦੇ ਗੁਰਦੀਪ ਸਿੰਘ ਰੰਧਾਵਾ ਤੋਂ 5699 ਵੋਟਾਂ ਨਾਲ ਹਾਰ ਗਈ। ਸੁਖਜਿੰਦਰ ਰੰਧਾਵਾ ਵੀ ਡੇਰਾ ਬਾਬਾ ਨਾਨਕ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।
ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਸਾਲ 2022 ਵਿੱਚ ਡਾ. ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਲੜਦਿਆਂ ਜਿੱਤ ਦਰਜ ਕੀਤੀ ਸੀ। ਹਾਲਾਂਕਿ ਰਾਜਕੁਮਾਰ ਚੱਬੇਵਾਲ ਦੇ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵਿੱਚ ਸ਼ਾਮਲ ਹੋਣ ਮਗਰੋਂ ਇਹ ਸੀਟ ਖਾਲੀ ਗਈ। ‘ਆਪ’ ਨੇ ਜ਼ਿਮਨੀ ਚੋਣ ਵਿੱਚ ਰਾਜਕੁਮਾਰ ਦੇ ਪੁੱਤਰ ਡਾ. ਇਸ਼ਾਂਕ ਚੱਬੇਵਾਲ ਨੂੰ ਟਿਕਟ ਦਿੱਤੀ। ਇਸ਼ਾਂਕ ਨੇ ਕਾਂਗਰਸ ਉਮੀਦਵਾਰ ਰਣਜੀਤ ਕੁਮਾਰ ਨੂੰ 28690 ਹਰਾਇਆ।

ਪੰਜਾਬ ਵਿੱਚ ਭਾਜਪਾ ਦੇ ਪੈਰ ਨਾ ਲੱਗੇ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ’ਤੇ 18.56 ਫ਼ੀਸਦ ਵੋਟਾਂ ਹਾਸਲ ਕਰਕੇ ਪੰਜਾਬ ਦੀ ਸਿਆਸਤ ਵਿੱਚ ਮਜ਼ਬੂਤੀ ਨਾਲ ਅੱਗੇ ਵਧਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਮਨੀ ਚੋਣਾਂ ਦੌਰਾਨ ਪੈਰ ਨਹੀਂ ਲੱਗ ਸਕੇ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚ ਭਾਜਪਾ ਉਮੀਦਵਾਰਾਂ ਦੀਆਂ ਤਿੰਨ ਹਲਕਿਆਂ ਵਿੱਚ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਵਿਧਾਨ ਸਭਾ ਹਲਕਾ ਬਰਨਾਲਾ ਤੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਹੀ ਆਪਣੀ ਜ਼ਮਾਨਤ ਬਚਾਉਣ ਵਿੱਚ ਕਾਮਯਾਬ ਰਹੇ ਹਨ। ਕੇਵਲ ਢਿੱਲੋਂ ਨੂੰ 17958 ਵੋਟਾਂ ਪਈਆਂ ਹਨ। ਭਾਜਪਾ ਨੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਚਾਰ ਵਾਰ ਵਿਧਾਇਕ ਚੁਣੇ ਗਏ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਪਰ ਸ੍ਰੀ ਬਾਦਲ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਮਨਪ੍ਰੀਤ ਬਾਦਲ ਨੂੰ 12227 ਵੋਟਾਂ ਮਿਲੀਆਂ ਹਨ। ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਡਲ ਨੂੰ 8692 ਅਤੇ ਡੇਰਾ ਬਾਬਾ ਨਾਨਕ ਤੋਂ ਭਾਜਪਾ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੂੰ 6505 ਵੋਟਾਂ ਹੀ ਪਈਆਂ ਹਨ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਆਗੂਆਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਗਠਜੋੜ ਨੂੰ ਸਿਰਫ਼ 6.6 ਫ਼ੀਸਦ ਵੋਟ ਪਈ ਸੀ, ਜੋ ਸਾਲ 2024 ਵਿੱਚ ਵੱਧ ਕੇ 18.56 ਫ਼ੀਸਦ ਹੋ ਗਈ ਸੀ। ਪੰਜਾਬ ਵਿੱਚ ਭਾਜਪਾ ਦਾ ਵੋਟ ਪ੍ਰਤੀਸ਼ਤ ਵਧਣ ਕਰਕੇ ਭਾਜਪਾ ਆਗੂਆਂ ਵੱਲੋਂ ਇਸ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਸੀ, ਪਰ ਜ਼ਿਮਨੀ ਚੋਣਾਂ ਵਿੱਚ ਭਾਜਪਾ ਮੁੜ ਹਾਸ਼ੀਏ ’ਤੇ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਜ਼ਿਮਨੀ ਚੋਣਾਂ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਵੀ ਭਾਜਪਾ ਉਮੀਦਵਾਰਾਂ ਦਾ ਵੱਡੇ ਪੱਧਰ ’ਤੇ ਵਿਰੋਧ ਕੀਤਾ ਗਿਆ, ਜਿਸ ਕਾਰਨ ਵੀ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਲੋਕਾਂ ਨੇ ‘ਆਪ’ ਦੇ ਕੰਮਾਂ ’ਤੇ ਮੋਹਰ ਲਾਈ: ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ, ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਪਾਰਟੀ ਆਗੂ ਜਿੱਤ ਦਾ ਜਸ਼ਨ ਮਨਾਉਂਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਨਵੀਂ ਦਿੱਲੀ (ਟਨਸ): ਪੰਜਾਬ ਦੀਆਂ ਜ਼ਿਮਨੀ ਚੋਣਾਂ ’ਚ ‘ਆਪ’ ਵੱਲੋਂ ਤਿੰਨ ਸੀਟਾਂ ਜਿੱਤਣ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਸਰਕਾਰ ਵੱਲੋਂ ਢਾਈ ਸਾਲਾਂ ਵਿੱਚ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ਵਿੱਚ ਕੀਤੇ ਕੰਮਾਂ ’ਤੇ ਅੱਜ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਗਿੱਦੜਬਾਹਾ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਡੇਰਾ ਬਾਬਾ ਨਾਨਕ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਹਰਾ ਕੇ ਕਾਂਗਰਸ ਨੂੰ ਮੋੜਵਾਂ ਜਵਾਬ ਦਿੱਤਾ ਹੈ। ਤਿੰਨ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪਾਰਟੀਆਂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੀਆਂ ਰਹੀਆਂ ਹਨ।

Advertisement