ਚਾਰ ਸੂਬਿਆਂ ’ਚ ਰਾਜ ਸਭਾ ਦੀਆਂ ਛੇ ਸੀਟਾਂ ਲਈ ਜ਼ਿਮਨੀ ਚੋਣ 20 ਨੂੰ
ਨਵੀਂ ਦਿੱਲੀ, 26 ਨਵੰਬਰ
ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਚਾਰ ਸੂਬਿਆਂ ’ਚ ਰਾਜ ਸਭਾ ਦੀਆਂ ਖਾਲੀ ਛੇ ਸੀਟਾਂ ਲਈ ਜ਼ਿਮਨੀ ਚੋਣ 20 ਦਸੰਬਰ ਨੂੰ ਕਰਵਾਈ ਜਾਵੇਗੀ। ਇਨ੍ਹਾਂ ਛੇ ਸੀਟਾਂ ਵਿੱਚੋਂ ਤਿੰਨ ਆਂਧਰਾ ਪ੍ਰਦੇਸ਼ ’ਚ ਜਦਕਿ ਇੱਕ-ਇੱਕ ਸੀਟ ਉੜੀਸਾ, ਪੱਛਮੀ ਬੰਗਾਲ ਅਤੇ ਹਰਿਆਣਾ ਵਿੱਚ ਹੈ। ਆਂਧਰਾ ਪ੍ਰਦੇਸ਼ ’ਚ ਤਿੰਨ ਸੀਟਾਂ ਵਾਈਐੱਸਆਰਸੀਪੀ ਦੇ ਮੈਂਬਰਾਂ ਵੈਂਕਟਰਮਨ ਰਾਓ ਮੋਪੀਦੇਵੀ, ਬੀਧਾ ਮਸਤਾਨ ਰਾਓ ਯਾਦਵ ਅਤੇ ਰਯਾਗ ਕ੍ਰਿਸ਼ਨੱਈਆ ਵੱਲੋਂ ਅਗਸਤ ਮਹੀਨੇ ਰਾਜ ਸਭਾ ਮੈਂਬਰੀ ਛੱਡੇ ਜਾਣ ਕਾਰਨ ਖਾਲੀ ਹੋਈਆਂ ਸਨ। ਯਾਦਵ ਤੇ ਕ੍ਰਿਸ਼ਨੱਈਆ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ 21 ਜੂਨ 2028 ਨੂੰ ਖਤਮ ਹੋਣਾ ਸੀ, ਜਦਕਿ ਮੋਪੀਦੇਵੀ ਨੇ 21 ਜੂਨ 2026 ਨੂੰ ਸੇਵਾਮੁਕਤ ਹੋਣਾ ਸੀ। ਉੜੀਸਾ ’ਚ ਸੁਜੀਤ ਕੁਮਾਰ ਵੱਲੋਂ ਸੀਟ ਛੱਡਣ ਕਾਰਨ ਚੋਣ ਕਰਵਾਈ ਜਾ ਰਹੀ ਹੈ। ਸੁਜੀਤ ਕੁਮਾਰ ਨੇ ਬੀਜੂ ਜਨਤਾ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ’ਚੋਂ ਕੱਢੇ ਜਾਣ ਮਗਰੋਂ ਇਹ ਸੀਟ ਛੱਡੀ ਸੀ। ਪੱਛਮੀ ਬੰਗਾਲ ’ਚ ਰਾਜ ਸਭਾ ਸੀਟ ਜਵਾਹਰ ਸਿਰਕਾਰ ਵੱਲੋਂ ਅਸਤੀਫ਼ਾ ਮਗਰੋਂ ਖਾਲੀ ਹੋਈ ਸੀ। ਉਨ੍ਹਾਂ ਨੇ ਕੋਲਕਾਤਾ ’ਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਕਾਂਡ ਦੇ ਰੋਸ ਵਜੋਂ ਅਸਤੀਫ਼ਾ ਦਿੱਤਾ ਸੀ। ਹਰਿਆਣਾ ਵਿਚਲੀ ਰਾਜ ਸਭਾ ਸੀਟ ਭਾਜਪਾ ਦੇ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪੰਵਾਰ ਦੇ ਹਾਲੀਆ ਅਸੈਂਬਲੀ ਚੋਣਾਂ ਦੌਰਾਨ ਵਿਧਾਇਕ ਚੁਣੇ ਜਾਣ ਮਗਰੋਂ ਖਾਲੀ ਹੋਈ ਹੈ। -ਪੀਟੀਆਈ