ਜ਼ਿਮਨੀ ਚੋਣਾਂ: ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ
ਜੋਗਿੰਦਰ ਸਿੰਘ ਮਾਨ
ਮਾਨਸਾ, 22 ਨਵੰਬਰ
ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਭਾਵੇਂ ਭਲਕੇ 23 ਨਵੰਬਰ ਨੂੰ ਹੋਣ ਜਾ ਰਹੀ ਹੈ ਪਰ ਰਾਜ ਦੀ ਸੱਤਾਧਾਰੀ ਆਪ ਸਮੇਤ ਕਾਂਗਰਸ ਅਤੇ ਭਾਜਪਾ ਹਾਈਕਮਾਨ ਵੱਲੋਂ ਮਾਲਵਾ ਖੇਤਰ ਦੀਆਂ ਗਿੱਦੜਬਾਹਾ ਅਤੇ ਬਰਨਾਲਾ ਵਿੱਚ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾਣ ਲੱਗੇ ਹਨ। ਗਿੱਦੜਬਾਹਾ ਦੀ ਵੀਆਈਪੀ ਸੀਟ ਲਈ ਸਭ ਤੋਂ ਵੱਧ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਅਤੇ ਇਸ ਹਲਕਾ ਦਾ ਨਤੀਜਾ ਵੀ ਸਭ ਤੋਂ ਪਹਿਲਾਂ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਇਸ ਸੀਟ ’ਤੇ ਵੋਟਾਂ ਦੀ ਗਿਣਤੀ 13 ਗੇੜ ਵਿੱਚ ਖ਼ਤਮ ਹੋ ਜਾਵੇਗੀ। ਇਸੇ ਤਰ੍ਹਾਂ ਚੱਬੇਵਾਲ ਦੇ 15 ਗੇੜ, ਬਰਨਾਲਾ ਦੇ 16 ਗੇੜ ਤੇ ਡੇਰਾ ਬਾਬਾ ਨਾਨਕ ਦੇ 18 ਗੇੜ ਵਿੱਚ ਗਿਣਤੀ ਸਮਾਪਤ ਹੋਣ ਦੀ ਜਾਣਕਾਰੀ ਮਿਲੀ ਹੈ। ਇਸੇ ਹਲਕੇ ਤੋਂ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਭਾਜਪਾ ਵੱਲੋਂ ਉਮੀਦਵਾਰ ਹਨ, ਜਦਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਤਨੀ ਅੰਮ੍ਰਿਤਾ ਵੜਿੰਗ ਕਾਂਗਰਸ ਵੱਲੋਂ ਅਤੇ ਸਾਬਕਾ ਅਕਾਲੀ ਨੇਤਾ ਹਰਦੀਪ ਸਿੰਘ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ ਹੋਏ ਹਨ। 20 ਨਵੰਬਰ ਪਈਆਂ ਚਾਰ ਹਲਕਿਆਂ ਵਿੱਚ ਪਈਆਂ ਵੋਟਾਂ ਦੌਰਾਨ ਸਭ ਤੋਂ ਜ਼ਿਆਦਾ ਵੋਟ ਦੇ ਹੱਕ ਦੀ ਵਰਤੋਂ ਗਿੱਦੜਬਾਹਾ ਹਲਕੇ ਵਿੱਚ 81.90 ਫੀਸਦੀ ਵੋਟਰਾਂ ਵੱਲੋਂ ਕੀਤੀ ਗਈ ਹੈ, ਜਦੋਂ ਕਿ ਚੱਬੇਵਾਲ ’ਚ ਸਭ ਤੋਂ ਘੱਟ 53.43 ਪ੍ਰਤੀਸ਼ਤ ਵੋਟਾਂ ਭੁਗਤੀਆਂ ਹਨ। ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਮੈਦਾਨ ਵਿੱਚ ਉਤਾਰਿਆ ਹੋਇਆ ਹੈ, ਜਿਸ ਦੀ ਜਿੱਤ ਲਈ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਠੋਕਵਾਂ ਦਾਅਵਾ ਕਰਦਿਆਂ ਕਿਹਾ ਕਿ ਡਿੰਪੀ ਢਿੱਲੋਂ ਵਾਂਗ ਬਰਨਾਲਾ ਵਿੱਚ ਵੀ ਪਾਰਟੀ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੀ ਤਰ੍ਹਾਂ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ। ਹਰਿੰਦਰ ਸਿੰਘ ਧਾਲੀਵਾਲ, ਬਰਨਾਲਾ ਤੋਂ ਦੋ ਵਾਰ ਵਿਧਾਇਕ ਰਹੇ। ਗੁਰਮੀਤ ਸਿੰਘ ਮੀਤ ਹੇਅਰ ਦੇ ਬਹੁਤ ਕਰੀਬੀ ਦੋਸਤ ਹਨ। ਇਸੇ ਤਰ੍ਹਾਂ ਭਾਜਪਾ ਨੇ ਬਰਨਾਲਾ ਤੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਅਤੇ ਦੋ ਵਾਰ ਹਲਕੇ ਦੇ ਵਿਧਾਇਕ ਰਹੇ ਕੇਵਲ ਸਿੰਘ ਢਿੱਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੋਇਆ ਹੈ, ਜਦੋਂ ਕਿ ਕਾਂਗਰਸ ਪਾਰਟੀ ਵੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਉਮੀਦਵਾਰ ਬਣਾਇਆ ਹੋਇਆ ਹੈ।ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਪੰਜਾਬ ਦੀਆਂ ਚਾਰੇ ਸੀਟਾਂ ਤੋਂ ਭਾਜਪਾ ਦੇ ਜਿੱਤਣ ਦਾ ਦਾਅਵਾ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਆਗੂ ਅਜੀਤਇੰਦਰ ਸਿੰਘ ਮੋਫ਼ਰ ਨੇ ਪੰਜਾਬ ਦੀਆਂ ਚਾਰ ਜ਼ਿਮਨੀ ਚੋਣ ਵਾਲੀਆਂ ਸੀਟਾਂ ’ਤੇ ਜਿੱਤ ਦਾ ਵਿਸ਼ਵਾਸ ਪ੍ਰਗਟਾਇਆ ਹੈ।