For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣਾਂ: ਪੰਜਾਬ ਵਿੱਚ ਅੱਜ ਬੰਦ ਹੋਵੇਗਾ ਪ੍ਰਚਾਰ

06:14 AM Nov 18, 2024 IST
ਜ਼ਿਮਨੀ ਚੋਣਾਂ  ਪੰਜਾਬ ਵਿੱਚ ਅੱਜ ਬੰਦ ਹੋਵੇਗਾ ਪ੍ਰਚਾਰ
ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਬਰਨਾਲਾ ’ਚ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਪ੍ਰਚਾਰ ਕਰਦੇ ਹੋਏ। -ਫੋਟੋ: ਰਵਿੰਦਰ ਰਵੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 17 ਨਵੰਬਰ
ਪੰਜਾਬ ’ਚ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਹੁਣ ਅੰਤਿਮ ਦੌਰ ਵਿਚ ਦਾਖ਼ਲ ਹੋ ਗਿਆ ਹੈ ਅਤੇ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਭਲਕੇ ਸੋਮਵਾਰ ਨੂੰ ਜ਼ਿਮਨੀ ਚੋਣਾਂ ਲਈ ਪ੍ਰਚਾਰ ਬੰਦ ਹੋ ਜਾਵੇਗਾ ਅਤੇ 20 ਨਵੰਬਰ ਨੂੰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਚ ਵੋਟਾਂ ਪੈਣਗੀਆਂ। ਇਨ੍ਹਾਂ ਚਾਰੋਂ ਹਲਕਿਆਂ ਦੇ 6.96 ਲੱਖ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ।
ਸੂਬੇ ਦੇ ਰਾਜਸੀ ਇਤਿਹਾਸ ’ਚ ਇੱਕ ਦਫ਼ਾ ਪਹਿਲਾਂ 2019 ’ਚ ਅਮਰਿੰਦਰ ਸਰਕਾਰ ਸਮੇਂ ਚਾਰ ਵਿਧਾਨ ਸਭਾ ਸੀਟਾਂ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ’ਚ ਜ਼ਿਮਨੀ ਚੋਣ ਹੋਈ ਸੀ। ‘ਆਪ’ ਲਈ ਮੌਜੂਦਾ ਸੀਟਾਂ ਵੱਕਾਰੀ ਹਨ ਜਦੋਂ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਗਿੱਦੜਬਾਹਾ ਸੀਟ ਸਭ ਤੋਂ ਅਹਿਮ ਹੈ ਜਿੱਥੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿਚ ਹੈ। ਹਲਕਾ ਡੇਰਾ ਬਾਬਾ ਨਾਨਕ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਚੋਣ ਮੈਦਾਨ ਵਿਚ ਹੈ। ਸਭ ਤੋਂ ਦਿਲਚਸਪ ਮੁਕਾਬਲਾ ਬਰਨਾਲਾ ਦਾ ਬਣ ਗਿਆ ਹੈ ਜਿੱਥੋਂ ਦੀ ਚੋਣ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਲਈ ਸਭ ਤੋਂ ਅਹਿਮ ਹੈ। ਮੀਤ ਹੇਅਰ ਨੇ ਆਪਣੇ ਨੇੜਲੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ਇੱਥੋਂ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਸੱਤਾਧਾਰੀ ਧਿਰ ਦੀ ਖੇਡ ਵਿਗਾੜ ਰੱਖੀ ਹੈ।

Advertisement


ਜ਼ਿਮਨੀ ਚੋਣਾਂ ਵਿਚ ਪ੍ਰਚਾਰ ’ਚ ਜੁਟੇ ਵੱਡੇ ਆਗੂਆਂ ਦੀ ਗੱਲ ਕਰੀਏ ਤਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚਾਰੋ ਹਲਕਿਆਂ ਵਿਚ ਪ੍ਰਚਾਰ ਕੀਤਾ ਹੈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਹਲਕੇ ਵਿਚ ਕਈ-ਕਈ ਗੇੜੇ ਲਗਾ ਦਿੱਤੇ ਹਨ। ਕਾਂਗਰਸ ਪਾਰਟੀ ਦਾ ਕੌਮੀ ਪੱਧਰ ਦਾ ਕੋਈ ਨੇਤਾ ਪ੍ਰਚਾਰ ਲਈ ਸੂਬੇ ’ਚ ਨਹੀਂ ਆਇਆ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖ਼ੁਦ ਗਿੱਦੜਬਾਹਾ ਵਿਚ ਫਸ ਕੇ ਰਹਿ ਗਏ ਹਨ ਅਤੇ ਉਨ੍ਹਾਂ ਨੇ ਸਿਰਫ਼ ਇੱਕ ਦਿਨ ਬਰਨਾਲਾ ਹਲਕੇ ਵਿਚ ਪ੍ਰਚਾਰ ਕੀਤਾ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਹਲਕਿਆਂ ਵਿਚ ਚੋਣ ਪ੍ਰਚਾਰ ਕੀਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਚੋਣ ਪ੍ਰਚਾਰ ਵਿਚ ਭਰਵੀਂ ਹਾਜ਼ਰੀ ਲਵਾਈ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਦਾ ਚਿਹਰਾ ਬਹੁਤਾ ਕਿਧਰੇ ਨਜ਼ਰ ਨਹੀਂ ਆਇਆ ਹੈ। ਭਾਜਪਾ ਦੇ ਚੋਣ ਪ੍ਰਚਾਰ ਵਾਸਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਈ ਹਲਕਿਆਂ ਵਿਚ ਗੇੜਾ ਲਾਇਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤਾਂ ਚੋਣ ਪ੍ਰਚਾਰ ਤੋਂ ਦੂਰ ਹੀ ਰਹੇ ਪਰ ਸਥਾਨਕ ਆਗੂਆਂ ਨੇ ਹਰ ਹਲਕੇ ਵਿਚ ਮੋਰਚਾ ਸੰਭਾਲਿਆ ਹੋਇਆ ਹੈ। ਪਤਾ ਲੱਗਾ ਹੈ ਕਿ ਹਲਕਾ ਬਰਨਾਲਾ ਵਿਚ ‘ਆਪ’ ਆਪਣਾ ਚੋਣ ਪ੍ਰਚਾਰ ਡੋਰ ਟੂ ਡੋਰ ਮੁਹਿੰਮ ਨਾਲ ਖ਼ਤਮ ਕਰੇਗੀ।
ਹਲਕਾ ਡੇਰਾ ਬਾਬਾ ਨਾਨਕ ਵਿਚ ‘ਆਪ’ ਦੇ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਨੇ ਹੀ ਮੁਹਿੰਮ ਸੰਭਾਲੀ ਹੋਈ ਹੈ। ਉੱਥੇ ਵੀ ਰੋਡ ਸ਼ੋਅ ਹੋਣ ਦੀ ਸੰਭਾਵਨਾ ਹੈ। ਪ੍ਰਮੁੱਖ ਪਾਰਟੀਆਂ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਗਿੱਦੜਬਾਹਾ ਤੋਂ ਉਮੀਦਵਾਰ ਸੁਖਰਾਜ ਸਿੰਘ ਨਿਆਮੀਵਾਲਾ ਮੈਦਾਨ ਵਿਚ ਹਨ ਜੋ ਬਹਿਬਲ ਗੋਲੀ ਕਾਂਡ ਵਿਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦਾ ਸਪੁੱਤਰ ਹੈ। ਇਸ ਪਾਰਟੀ ਦੇ ਹਲਕਾ ਬਰਨਾਲਾ ਤੋਂ ਉਮੀਦਵਾਰ ਗੋਵਿੰਦ ਸਿੰਘ ਸੰਧੂ ਹਨ ਜੋ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਹਨ।
ਇਨ੍ਹਾਂ ਜ਼ਿਮਨੀ ਚੋਣਾਂ ਵਿਚ ਇੱਕ ਨਵਾਂ ਪੈਂਤੜਾ ਦੇਖਣ ਨੂੰ ਮਿਲਿਆ ਹੈ ਕਿ ਦਲਿਤ ਵੋਟਰ ਭਾਜਪਾ ਵੱਲ ਝੁਕਾਅ ਰੱਖਣ ਲੱਗ ਪਏ ਹਨ ਅਤੇ ਡੇਰਾ ਸਿਰਸਾ ਦੀ ਵੋਟ ਵੀ ਭਾਜਪਾ ਦੇ ਪਾਲੇ ਵਿਚ ਜਾਣ ਦਾ ਅਨੁਮਾਨ ਹੈ। ਚੋਣ ਕਮਿਸ਼ਨ ਨੂੰ ਸਭ ਤੋਂ ਵੱਧ ਸ਼ਿਕਾਇਤਾਂ ਗਿੱਦੜਬਾਹਾ ’ਚੋਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਕਿਸੇ ਜ਼ਿਮਨੀ ਚੋਣ ਤੋਂ ਲਾਂਭੇ ਹੋਇਆ ਹੈ।

Advertisement

ਕੁੱਲ 45 ਉਮੀਦਵਾਰ ਚੋਣ ਮੈਦਾਨ ’ਚ

ਚਾਰ ਵਿਧਾਨ ਸਭਾ ਹਲਕਿਆਂ ’ਚ 45 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਿਰਫ਼ ਦੋ ਹੈ। ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਹਲਕੇ ਤੋਂ 14-14 ਉਮੀਦਵਾਰ ਮੈਦਾਨ ਵਿਚ ਹਨ ਜਦੋਂ ਕਿ ਬਰਨਾਲਾ ’ਚ 11 ਅਤੇ ਚੱਬੇਵਾਲ ’ਚ ਸਭ ਤੋਂ ਘੱਟ ਛੇ ਉਮੀਦਵਾਰ ਚੋਣ ਲੜ ਰਹੇ ਹਨ। ਭਾਜਪਾ ਨੇ ਚਾਰੋਂ ਹਲਕਿਆਂ ’ਚ ਦਲ-ਬਦਲੂਆਂ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ‘ਆਪ’ ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਲੜਕੇ ਇਸ਼ਾਂਕ ਕੁਮਾਰ ਨੂੰ ਚੱਬੇਵਾਲ ਤੋਂ ਟਿਕਟ ਦਿੱਤੀ ਹੈ।

Advertisement
Author Image

Advertisement