ਜ਼ਿਮਨੀ ਚੋਣਾਂ: ਭਾਜਪਾ ਨੇ 3 ਉਮੀਦਵਾਰ ਐਲਾਨੇ; ਬਾਦਲ, ਢਿੱਲੋਂ ਤੇ ਕਾਹਲੋਂ ਲੜਨਗੇ ਚੋਣ
ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਕਤੂਬਰ
Bypolls Punjab: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਹੋ ਰਹੀਆਂ ਜ਼ਿਮਨੀ ਚੋਣਾਂ ਵਾਸਤੇ ਮੰਗਲਵਾਰ ਨੂੰ ਤਿੰਨ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਗਿੱਦੜਬਾਹਾ ਤੋਂ ਮਨਪ੍ਰੀਤ ਸਿੰਘ ਬਾਦਲ, ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਅਤੇ ਡੇਰਾ ਬਾਬਾ ਨਾਨਕ ਤੋਂ ਰਵੀਕਰਨ ਸਿੰਘ ਕਾਹਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਚੌਥੇ ਹਲਕੇ ਚੱਬੇਵਾਲ (ਰਾਖਵਾਂ) ਤੋਂ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਨ੍ਹਾਂ ਚਾਰੇ ਹਲਕਿਆਂ ਲਈ ਨਾਮਜ਼ਦਗੀਆਂ 25 ਅਕਤੂਬਰ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ, ਜਦੋਂ ਕਿ ਵੋਟਾਂ 13 ਨਵੰਬਰ ਨੂੰ ਪੈਣਗੀਆਂ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ।
ਇਹ ਐਲਾਨ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਮੁੱਖ ਦਫ਼ਤਰ ਇੰਚਾਰਜ ਅਰੁਣ ਸਿੰਘ ਦੇ ਦਸਤਖ਼ਤਾਂ ਤਹਿਤ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ ਹੈ। ਇਸ ਵਿਚ ਮੇਘਾਲਿਆ ਦੇ ਗਾਂਬਰੇਗਰੇ ਹਲਕੇ ਤੋਂ ਵੀ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ।
ਪਾਰਟੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਬਣਾਏ ਜਾਣ ਲਈ ਪਾਰਟੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਇਸ ਸਬੰਧੀ ਸੋਸ਼ਲ ਮੀਡੀਆ ਪਲੈਟਫਾਰਮਾਂ ‘ਫੇਸਬੁੱਕ’ ਅਤੇ ’ਐਕਸ’ ਉਤੇ ਆਪਣੇ ਖ਼ਾਤਿਆਂ ਉਤੇ ਪੋਸਟਾਂ ਸ਼ੇਅਰ ਕੀਤੀਆਂ ਹਨ।
![ਭਾਜਪਾ ਵੱਲੋਂ ਮੰਗਲਵਾਰ ਨੂੰ ਜਾਰੀ ਪ੍ਰੈਸ ਨੋਟ ਦੀ ਕਾਪੀ।](https://www.punjabitribuneonline.com/wp-content/uploads/2024/10/BJP-List-229x300.jpg)