ਜ਼ਿਮਨੀ ਚੋਣ: ਨਾਮਜ਼ਦਗੀਆਂ ਦੇ ਆਖਰੀ ਿਦਨ ‘ਜਲੰਧਰ ਪੱਛਮੀ’ ਵਿੱਚ ਿਰਹਾ ਿਵਆਹ ਵਰਗਾ ਮਾਹੌਲ
ਪਾਲ ਸਿੰਘ ਨੌਲੀ
ਜਲੰਧਰ, 21 ਜੂਨ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਸੱਤਾਧਾਰੀ ਧਿਰ ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ, ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਸਣੇ 11 ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਅਲਕਾ ਕਾਲੀਆ ਕੋਲ ਦਾਖ਼ਲ ਕੀਤੇ।
ਨਾਮਜ਼ਦਗੀਆਂ ਦਾ ਕੰੰਮ ਮੁਕੰਮਲ ਹੋਣ ਨਾਲ ਚੋਣ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਸ਼ਕਤੀ ਪ੍ਰਦਰਸ਼ਨ ਕੀਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਦੇ ਢੰਗ ਨਾਲ ਪੱਤਰ ਦਾਖ਼ਲ ਕਰਦਿਆਂ ਐਲਾਨ ਕੀਤਾ ਕਿ ਪਾਰਟੀ ਵਿਖਾਵੇ ਲਈ ਨਹੀਂ ਸਗੋਂ ਮੁੱਦਿਆਂ ’ਤੇ ਚੋਣ ਲੜੇਗੀ। ਇਸ ਦੌਰਾਨ ਰਾਜਸੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਵੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਹਾਜ਼ਰ ਰਹੀ। ‘ਆਪ’ ਉਮੀਦਵਾਰ ਮਹਿੰਦਰ ਭਗਤ ਦੀ ਨਾਮਜ਼ਦਗੀ ਭਰਨ ਸਮੇਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੰਤਰੀ ਅਮਨ ਅਰੋੜਾ, ਹੁਸ਼ਿਆਰਪੁਰ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਅਤੇ ਪਾਰਟੀ ਆਗੂ ਹਾਜ਼ਰ ਸਨ। ਨਾਮਜ਼ਦਗੀ ਭਰਨ ਤੋਂ ਪਹਿਲਾਂ ਮਹਿੰਦਰ ਭਗਤ ਨੇ ਆਪਣੇ ਪਿਤਾ ਤੋਂ ਆਸ਼ੀਰਵਾਦ ਲਿਆ। ਉਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਅਕਾਲੀ-ਭਾਜਪਾ ਸਰਕਾਰ ਸਮੇਂ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਭਾਰਗਵ ਕੈਂਪ ਸਥਿਤ ਕਬੀਰ ਮੰਦਰ ਵਿੱਚ ਮੱਥਾ ਟੇਕਿਆ। ਕਾਂਗਰਸ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ ਤੇ ਜਥੇਦਾਰ ਪ੍ਰੀਤਮ ਸਿੰਘ ਹਾਜ਼ਰ ਸਨ।
ਕੁੱਲ 23 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਵਾਸਤੇ ਅੱਜ ਨਾਮਜ਼ਦਗੀਆਂ ਦੇ ਆਖਰੀ ਦਿਨ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਸਮੇਤ ਕੁੱਲ 14 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਅਲਕਾ ਕਾਲੀਆ ਕੋਲ ਦਾਖਲ ਕਰਵਾਏ ਗਏ। ਇਨ੍ਹਾਂ ਵਿੱਚ 4 ਉਮੀਦਵਾਰਾਂ ਵੱਲੋਂ ਕਵਰਿੰਗ ਉਮੀਦਵਾਰ ਦੇ ਤੌਰ `ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਬੀਤੇ ਕੱਲ੍ਹ ਤੱਕ 9 ਉਮੀਦਵਾਰਾਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਸ ਹਲਕੇ ਲਈ ਕੁਲ 23 ਨਾਮਜ਼ਦਗੀਆਂ ਦਾਖਲ ਹੋਈਆਂ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਸਿਆਸੀ ਪਾਰਟੀਆਂ ਤੋਂ ਇਲਾਵਾ ਅਜ਼ਾਦ ਉਮੀਦਵਾਰਾਂ ਵੱਜੋਂ ਨਾਮਜ਼ਦਗੀਆਂ ਦਾਖਲ ਕਰਵਾਉਣ ਵਾਲਿਆਂ ਵਿੱਚ ਬਲਵਿੰਦਰ ਕੁਮਾਰ, ਅਜੇ, ਵਰੁਣ ਕਲੇਰ , ਅਮਿਤ ਕੁਮਾਰ, ਆਰਤੀ, ਦੀਪਕ ਭਗਤ ਅਤੇ ਮਹਿੰਦਰਪਾਲ ਸ਼ਾਮਲ ਹਨ। ਇਸ ਤੋਂ ਇਲਾਵਾ ਅਤੁਲ ਭਗਤ ਕਵਰਿੰਗ ਉਮੀਦਵਾਰ ਆਮ ਆਦਮੀ ਪਾਰਟੀ, ਕਰਨ ਸੁਮਨ ਕਵਰਿੰਗ ਕਾਂਗਰਸ, ਪਰਮਜੀਤ ਮੱਲ੍ਹ ਬਹੁਜਨ ਸਮਾਜ ਪਾਰਟੀ ਕਵਰਿੰਗ ਉਮੀਦਵਾਰ, ਅੰਜੂ ਅਗਰਵਾਲ ਕਵਰਿੰਗ ਉਮੀਦਵਾਰ ਭਾਰਤੀ ਜਨਤਾ ਪਾਰਟੀ ਨੇ ਕਾਗਜ਼ ਦਾਖਲ ਕੀਤੇ। ਉਨ੍ਹਾਂ ਦੱਸਿਆ ਕਿ 24 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਤੇ 26 ਜੂਨ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਜਲੰਧਰ ਪੱਛਮੀ ਉਪ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਸੀਨੀਅਰ ਲੀਡਰਸ਼ਿਪ
ਜਲੰਧਰ (ਨਿੱਜੀ ਪੱੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦੀ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਮਗਰੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਇੱਥੇ ਮੀਟਿੰਗ ਹੋਈ। ਮੀਟਿੰਗ ਵਿੱਚ ਬੀਬੀ ਜਗੀਰ ਕੌਰ , ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ ਸਣੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਲੋਕ ਸਭਾ ਚੋਣਾਂ ਹਾਰਨ ਮਗਰੋਂ ਇਨ੍ਹਾਂ ਅਹਿਮ ਆਗੂਆਂ ਦਾ ਇੱਕਠੇ ਹੋਣਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂ ਕਿ ਮੀਟਿੰਗ ਵਿੱਚ ਹੋਏ ਫੈਸਲਿਆ ਬਾਰੇ ਅਧਿਕਾਰਤ ਤੌਰ ’ਤੇ ਕਿਸੇ ਵੀ ਆਗੂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਅਕਾਲੀ ਦਲ ਦੇ ਆਗੂਆਂ ਦੀ ਅੱਜ ਹੋਈ ਇਹ ਦੂਜੀ ਮੀਟਿੰਗ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਸੀਨੀਅਰ ਆਗੂ ਇਹ ਮਹਿਸੂਸ ਕਰ ਰਹੇ ਹਨ ਕਿ ਮੌਜੂਦਾ ਲੀਡਰਸ਼ਿਪ ਦੇ ਚੱਲਦਿਆਂ ਅਕਾਲੀ ਦਲ ਦਾ ਆਪਣੇ ਪੈਰਾਂ ’ਤੇ ਮੁੜ ਖੜ੍ਹੇ ਹੋਣਾ ਮੁਸ਼ਕਲ ਹੈ। ਅਕਾਲੀ ਆਗੂ ਇਸ ਗੱਲ ’ਤੇ ਸਹਿਮਤ ਦੱਸੇ ਗਏ ਕਿ ਸ੍ਰੀ ਅਕਾਲ ਤਖ਼ਤ ’ਤੇ ਮੁਆਫ਼ੀ ਮੰਗੇ ਬਿਨਾਂ ਗੁਜ਼ਾਰਾ ਨਹੀਂ ਹੋਣਾ ਅਤੇ ਮੁਆਫ਼ੀ ਵੀ ਪੰਥਕ ਰਹੁ ਰੀਤਾਂ ਤੇ ਵਿਧੀ ਵਿਧਾਨ ਨਾਲ ਮੰਗੀ ਜਾਵੇ। ਕਈ ਆਗੂ ਅਜੇ ਵੀ ਸੁਖਬੀਰ ਬਾਦਲ ਨੂੰ ਬਦਲਣ ਬਾਰੇ ਦੁਚਿਤੀ ਵਿੱਚ ਸਨ ਪਰ ਜਦੋਂ ਉਨ੍ਹਾਂ ਦੇ ਸਾਥੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਖਰ ਕਦੋਂ ਤੱਕ ਪਾਰਟੀ ਹਾਰ ਦਰ ਹਾਰ ਕਬੂਲਦੀ ਰਹੇਗੀ। ਜ਼ਿਕਰਯੋਗ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਦੀਆਂ ਸ਼ੋਸ਼ਲ ਮੀਡੀਆ ’ਤੇ ਜਿਹੜੀਆਂ ਵੀਡੀਓ’ਜ਼ ਵਾਇਰਲ ਹੋ ਰਹੀਆਂ ਹਨ ਉਹ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।