ਜ਼ਿਮਨੀ ਚੋਣ: ਵੋਟਰਾਂ ਨੂੰ ‘ਨੋਟਾ’ ਦਾ ਬਟਨ ਦਬਾਉਣ ਦਾ ਹੋਕਾ
ਪਰਸ਼ੋਤਮ ਬੱਲੀ
ਬਰਨਾਲਾ, 9 ਨਵੰਬਰ
ਇੰਟਰਨੈਸ਼ਨਲ ਡੈਮੋਕ੍ਰੇਟਿਕ ਪਲੇਟਫਾਰਮ (ਆਈਡੀਪੀ) ਵੱਲੋਂ ਅੱਜ ਇੱਥੇ ਵੱਖ-ਵੱਖ ਥਾਈਂ ਵੋਟਰਾਂ ਨੂੰ ਮਿਲ ਕੇ ‘ਨੋਟਾ’ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੇ ਅੱਜ ਤੱਕ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਪੁਖ਼ਤਾ ਹੱਲ ‘ਚ ਅਸਫ਼ਲ ਰਹੀਆਂ ਸਾਰੀਆਂ ਸਿਆਸੀ ਹਾਕਮ ਪਾਰਟੀਆਂ ਨੂੰ ‘ਨੋਟ’ ਰਾਹੀਂ ਹਰਾਉਣ ਦਾ ਸੱਦਾ ਦਿੱਤਾ। ਆਈਡੀਪੀ ਵੱਲੋਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਲੋਕ ਜਾਗਰੂਕਤਾ ਹਿਤ ਵਿੱਢੀ ਮੁਹਿੰਮ ਤਹਿਤ ਇੱਥੇ ਅਨਾਜ ਮੰਡੀ ਵਿੱਚ ਪੁੱਜੇ ਕਾਫ਼ਲੇ ‘ਚ ਸ਼ਾਮਲ ਜਥੇਬੰਦੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ, ਸਹਾਇਕ ਸਕੱਤਰ ਮਨਪ੍ਰੀਤ ਕੌਰ ਰਾਮਪੁਰਾ ਤੇ ਗੁਰਤੇਜ ਸਿੰਘ ਸਮਾਣਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਚੋਣਾਂ ਵਿੱਚ ਜਮਹੂਰੀ ਪ੍ਰਕਿਰਿਆ ਅਤੇ ਚੋਣ ਪ੍ਰਣਾਲੀ ਨੂੰ ਲੋਕ ਪੱਖੀ ਤੇ ਸਧਾਰਨ ਲੋਕਾਂ ਦੇ ਹਾਣ ਦੀ ਬਣਾਉਣ ਦੇ ਉਪਰਾਲੇ ਵਜੋਂ ਵੋਟਰਾਂ ਨੂੰ ‘ਨੋਟਾ’ ਦਾ ਬਟਨ ਦਬਾਉਣ ਦਾ ਸੱਦਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਦੀ ਹੋਰ ਮਜ਼ਬੂਤ ਲਈ ‘ਨੋਟਾ’ ਨੂੰ ਉਮੀਦਵਾਰ ਦਾ ਹੱਕ ਦੇਣਾ ਜ਼ਰੂਰੀ ਹੈ। ਆਗੂਆਂ ਨੇ ਦਾਣਾ ਮੰਡੀ ਤੋਂ ਇਲਾਵਾ ਸ਼ਹਿਰ ਦੇ ਬਾਜ਼ਾਰਾਂ ਤੇ ਕਚਹਿਰੀ ਕੰਪਲੈਕਸ ਵਿੱਚ ਵੀ ਵੱਡੀ ਗਿਣਤੀ ਪੈਂਫਲਿਟ ਵੰਡੇ।