ਜ਼ਿਮਨੀ ਚੋਣ: ਅਧਿਆਪਕਾਂ ਵੱਲੋਂ ‘ਆਪ’ ਉਮੀਦਵਾਰ ਦੇ ਘਰ ਅੱਗੇ ਮੁਜ਼ਾਹਰਾ
ਸਤਵਿੰਦਰ ਬਸਰਾ
ਲੁਧਿਆਣਾ, 8 ਜੂਨ
ਐਸੋਸੀਏਟ ਅਧਿਆਪਕ (ਸਿੱਖਿਆ ਪ੍ਰੋਵਾਈਡਰ) ਫਰੰਟ ਪੰਜਾਬ ਵੱਲੋਂ ਅੱਜ ਲੁਧਿਆਣਾ ਵਿੱਚ ਹਲਕਾ ਪੱਛਮੀ ਤੋਂ ਜ਼ਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਘਰ ਅੱਗੇ ਮੁਜ਼ਾਹਰਾ ਕੀਤਾ ਗਿਆ। ਇਹ ਅਧਿਆਪਕ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਤੋਂ ਖ਼ਫ਼ਾ ਹਨ।
ਮੁਜ਼ਾਹਰੇ ਵਿੱਚ ਫਰੰਟ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਅਜਮੇਰ ਸਿੰਘ ਔਲਖ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ ਅਧਿਆਪਕਾਂ ਨੇ ਸ਼ਮੂਲੀਅਤ ਕਰ ਕੇ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕੀਤੀ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੁਲਾਈ 2023 ਵਿੱਚ ਇਕ ਨਿਯੁਕਤੀ ਪੱਤਰ ਜਾਰੀ ਕਰ ਕੇ ਉਨ੍ਹਾਂ ਨੂੰ ਸਕੂਲਾਂ ’ਚ ਮੁੜ ਨਵੇਂ ਸਿਰੇ ਤੋਂ ਜੁਆਇਨ ਕਰਵਾ ਦਿੱਤਾ ਪਰ ਅਫ਼ਸੋਸ ਉਹ ਪੱਤਰ ਸਿਰਫ਼ ਇਕ ਰਸਮ ਹੀ ਸਾਬਤ ਹੋਈ। ਉਨ੍ਹਾਂ ਕਿਹਾ ਕਿ ਪੱਤਰ ਵਿੱਚ ਸਿਰਫ ਰੈਗੂਲਰ ਸ਼ਬਦ ਹੀ ਵਰਤਿਆ ਗਿਆ ਪਰ ਉਸ ਵਿੱਚ ਵਿਭਾਗ ਵੱਲੋਂ ਰੈਗੂਲਰ ਮੁਲਾਜ਼ਮ ਨੂੰ ਮਿਲਦੀਆਂ ਸਹੂਲਤਾਂ ਪੇਅ ਸਕੇਲ, ਟੀਏ, ਡੀਏ ਅਤੇ ਮੈਡੀਕਲ ਸਹੂਲਤ ਆਦਿ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੱਡੇ-ਵੱਡੇ ਫਲੈਕਸ ਲਾ ਕੇ ਲੱਖਾਂ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਕਿ ਕੱਚੇ ਪੱਕੇ ਕਰ ਦਿੱਤੇ ਪਰ ਮਿਲਿਆ ਸਿਰਫ਼ ਤਨਖਾਹ ਵਿੱਚ ਨਿਗੁੂਣਾ ਜਿਹਾ ਵਾਧਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਲਈ ਸਮਾਂ ਦੇ ਕੇ ਮੁੱਕਰ ਜਾਣਾ ਇਹ ਸਾਬਤ ਕਰਦਾ ਹੈ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਅੱਜ ਪੰਜਾਬ ਸਰਕਾਰ ਅੱਗੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਹੋਏ ਅਪੀਲ ਕਰਦੇ ਹਨ ਕਿ ਉਨ੍ਹਾਂ ਦਾ ਬਣਦਾ ਪੇਅ ਸਕੇਲ ਲਾਗੂ ਕਰਕੇ ਸੀਐੱਸਆਰ ਜਲਦੀ ਦਿੱਤੀ ਜਾਵੇ। ਜਨਰਲ ਸਕੱਤਰ ਗੁਰਮੀਤ ਪੱਡਾ, ਜਗਸੀਰ ਸੰਧੂ, ਅਸ਼ੋਕ ਹਾਂਡਾ ਅਤੇ ਕੁਲਦੀਪ ਕਪੂਰਥਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਕੋਈ ਸਾਥੀ ਸੇਵਾਮੁਕਤ ਹੁੰਦਾ ਹੈ ਤਾਂ ਉਸ ਨੂੰ ਖਾਲੀ ਹੱਥ ਘਰ ਜਾਣਾ ਪੈਂਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਦੀਆਂ ਮੰਗਾਂ
ਮੰਨੀਆਂ ਜਾਣ।