For the best experience, open
https://m.punjabitribuneonline.com
on your mobile browser.
Advertisement

ਜ਼ਿਮਨੀ ਚੋਣ: ਭਗਵੰਤ ਮਾਨ ਵੱਲੋਂ ਧਾਲੀਵਾਲ ਦੇ ਹੱਕ ’ਚ ਰੋਡ ਸ਼ੋਅ

09:21 AM Nov 05, 2024 IST
ਜ਼ਿਮਨੀ ਚੋਣ  ਭਗਵੰਤ ਮਾਨ ਵੱਲੋਂ ਧਾਲੀਵਾਲ ਦੇ ਹੱਕ ’ਚ ਰੋਡ ਸ਼ੋਅ
ਬਰਨਾਲਾ ਵਿੱਚ ਹਰਿੰਦਰ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਆਗੂ।
Advertisement

Advertisement

ਪਰਸ਼ੋਤਮ ਬੱਲੀ
ਬਰਨਾਲਾ, 4 ਨਵੰਬਰ
ਜ਼ਿਮਨੀ ਚੋਣਾਂ ਲਈ ਚੋਣ ਪਿੜ ਪੂਰੀ ਤਰ੍ਹਾਂ ਭਖ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਰਨਾਲਾ ਵਿੱਚ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ’ਚ ਰੋਡ ਸ਼ੋਅ ਕੀਤਾ। ਇਸ ਦੌਰਾਨ ਭਗਵੰਤ ਮਾਨ ਨੇ ਕੇਵਲ ਸਿੰਘ ਢਿੱਲੋਂ, ਕਾਂਗਰਸੀ ਅਤੇ ਅਕਾਲੀ ਆਗੂਆਂ ਸਮੇਤ ਆਪਣੇ ਵਿਰੋਧੀਆਂ ’ਤੇ ਜ਼ੋਰਦਾਰ ਹਮਲੇ ਕੀਤੇ। ਮੁੱਖ ਮੰਤਰੀ ਮਾਨ ਨੇ ਕਿਹਾ, ‘‘ਮੈਨੂੰ ਆਪਣੇ ਸ਼ੁਰੂਆਤੀ ਦਿਨ ਯਾਦ ਹਨ ਜਦੋਂ ਮੈਂ ਇੱਥੇ ਆਪਣੀ ਪੇਸ਼ਕਾਰੀ ਲਈ ਆਇਆ ਕਰਦਾ ਸੀ ਅਤੇ ਆਪਣੀ ਪਹਿਲੀ ਚੋਣ ਦੌਰਾਨ ਵੀ। ਅੱਜ ਲੋਕਾਂ ਵਿੱਚ ਨੇਤਾਵਾਂ ਪ੍ਰਤੀ ਨਫ਼ਰਤ ਭਰ ਗਈ ਹੈ, ਫਿਰ ਵੀ ਤੁਸੀਂ ਫੁੱਲਾਂ ਦੀ ਵਰਖਾ ਕਰ ਰਹੇ ਹੋ।’’ ਇਸ ਦੌਰਾਨ ਭਗਵੰਤ ਮਾਨ ਨੇ ‘ਆਪ’ ਸਰਕਾਰ ਦੀਆਂ ਪਿਛਲੇ ਢਾਈ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਦਾ ਸਾਥ ਦੇਣ।
ਉਨ੍ਹਾਂ ਜ਼ਿਮਨੀ ਚੋਣ ਲਈ ਚਾਰ ਭਰੋਸੇਯੋਗ ਉਮੀਦਵਾਰ ਨਾ ਲੱਭਣ ਉੱਤੇ ਸ਼੍ਰੋਮਣੀ ਅਕਾਲੀ ਦਲ ’ਤੇ ਵਿਅੰਗ ਕਸਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬ ’ਤੇ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਸਨ, ਉਨ੍ਹਾਂ ਨੂੰ ਇਹ ਚੋਣ ਲੜਨ ਲਈ ਚਾਰ ਉਮੀਦਵਾਰ ਵੀ ਨਹੀਂ ਮਿਲੇ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਅਤੇ ਬੇਇਨਸਾਫ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਦੇ ਆਪਣੇ ਵਾਅਦੇ ਦੀ ਪੁਸ਼ਟੀ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਹਰ ਵਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਬਰਨਾਲਾ ਆਉਂਦੇ ਹਨ ਤੇ ਹਾਰ ਕੇ ਚੱਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਢਿੱਲੋਂ ਦਾ ਚੋਣ ਨਿਸ਼ਾਨ ਬਦਲ ਗਿਆ ਹੋਵੇ, ਪਰ ਉਸ ਦੀ ਕਿਸਮਤ ਉਹੀ ਰਹੇਗੀ। ਇਕ ਵਾਰ ਫਿਰ ਬਰਨਾਲਾ ਦੇ ਲੋਕ ਉਸ ਨੂੰ ਹਰਾਉਣਗੇ। ਉਨ੍ਹਾਂ ਕਿਹਾ ਕਿ ਹੁਣ ‘ਆਪ’ ਤੋਂ ਬਾਅਦ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ 20 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣਾਂ ਬਹੁਤ ਅਹਿਮ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਜੇ ਉਹ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਤਾਂ ਹਰਿੰਦਰ ਸਿੰਘ ਧਾਲੀਵਾਲ ਨੂੰ ਵੋਟ ਪਾਉਣ। ਇਸ ਮੌਕੇ ਮੌਜੂਦ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਸਥਾਨਕ ਬੁਨਿਆਦੀ ਢਾਂਚੇ ਲਈ ਇੰਨਾ ਪੈਸਾ ਨਹੀਂ ਦਿੱਤਾ, ਜਿੰਨਾ ‘ਆਪ’ ਨੇ ਦਿੱਤਾ ਹੈ। ਮੀਤ ਹੇਅਰ ਨੇ ਕਿਹਾ ਕਿ ਹਰਿੰਦਰ ਧਾਲੀਵਾਲ ਦੀ ਅਗਵਾਈ ਹੇਠ ਇਹ ਇਲਾਕਾ ਵਿਕਾਸ ਦੀ ਲੀਹ ’ਤੇ ਅੱਗੇ ਵਧੇਗਾ।

Advertisement

ਜ਼ਿਮਨੀ ਚੋਣ: ਅਕਾਲੀ ਦਲ ਤੇ ਭਾਜਪਾ ਦੇ ਕਈ ਆਗੂ ‘ਆਪ’ ਵਿੱਚ ਸ਼ਾਮਲ

ਬਰਨਾਲਾ/ਧਨੌਲਾ (ਪਰਸ਼ੋਤਮ ਬੱਲੀ/ਰਵਿੰਦਰ ਰਵੀ): ਬਰਨਾਲਾ ਹਲਕੇ ਦੀ ਜ਼ਿਮਨੀ ਚੋਣ ’ਚ ਹਰ ਦਿਨ ਨਵੇਂ ਰੰਗ ਦੇਖਣ ਨੂੰ ਮਿਲ ਰਹੇ ਹਨ। ਅੱਜ ਬਰਨਾਲਾ ਵਿੱਚ ‘ਆਪ’ ਉਮੀਦਵਾਰ ਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ’ਚ ਧਨੌਲਾ ਵਿਖੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ 2022 ’ਚ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜ ਚੁੱਕੇ ਧੀਰਜ ਕੁਮਾਰ ਦੱਧਾਹੂਰ­, ਬਰਨਾਲਾ ਨਗਰ ਕੌਂਸਲ ਦੀ ਕੌਂਸਲਰ ਸਰੋਜ ਰਾਣੀ­ ਤੇ ਭਾਜਪਾ ਦਾ ਯੂਥ ਆਗੂ ਨੀਰਜ ਜਿੰਦਲ ਨੇ ਆਪਣੇ ਹੱਥ ਝਾੜੂ ਫੜ ਲਿਆ। ਇਸ ਤੋਂ ਇਲਾਵਾ ਧਨੌਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਨਾਮ ਸਿੰਘ, ਸਤਨਾਮ ਸਿੰਘ ਅਤੇ ਮਹਿਲ ਕਲਾਂ ਹਲਕੇ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਜ਼ਦੀਕੀ ਰਿੰਕਾ ਬਾਹਮਣੀਆਂ ਆਪਣੇ ਸਾਥੀਆਂ ਸਮੇਤ ‘ਆਪ’ ’ਚ ਸ਼ਾਮਲ ਹੋ ਗਏ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ­, ਵਿਧਾਇਕ ਕੁਲਵੰਤ ਸਿੰਘ ਪੰਡੋਰੀ­, ਵਿਧਾਇਕ ਲਾਭ ਸਿੰਘ ਉਗੋਕੇ­ ਤੇ ਜਸਵੰਤ ਸਿੰਘ ਬਿਲਾਸਪੁਰ ਤੋਂ ਇਲਾਵਾ ਕਈ ਹੋਰ ਆਗੂ ਮੌਜੂਦ ਸਨ। ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਲੋਕ ਭਾਜਪਾ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਨੂੰ ਚੋਣਾਂ ਤੋਂ ਬਾਅਦ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ।

ਰੋਡ ਸ਼ੋਅ ਦੀ ਥਾਂ ਮੰਡੀਆਂ ’ਚ ਕਿਸਾਨਾਂ ਦੀ ਸਾਰ ਲੈਣ ਮੁੱਖ ਮੰਤਰੀ: ਢਿੱਲੋਂ

ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਬਰਨਾਲਾ ਵਿੱਚ ਰੋਡ ਸ਼ੋਅ ਕਰਨ ’ਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੰਗਾ ਹੁੰਦਾ ਮੁੱਖ ਮੰਤਰੀ ਰੋਡ ਸ਼ੋਅ ਦੀ ਥਾਂ ਮੰਡੀਆਂ ਵਿੱਚ ਰੁਲਦੇ ਕਿਸਾਨਾਂ ਦੀ ਸਾਰ ਲੈਂਦੇ। ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਨਾ ਹਰ ਵਿਅਕਤੀ ਦਾ ਫਰਜ਼ ਬਣਦਾ ਹੈ­ ਪਰ ਇਸ ਤੋਂ ਪਹਿਲਾਂ 2022 ਵਿੱਚ ਲੋਕਾਂ ਵਲੋਂ ਦਿੱਤੇ ਫਤਵੇ ’ਤੇ ਮੁੱਖ ਮੰਤਰੀ ਖ਼ਰੇ ਉਤਰਦੇ। ਉਨ੍ਹਾਂ ਕਿਹਾ ਕਿ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਝੋਨੇ ਦੇ ਸੀਜ਼ਨ ਦੌਰਾਨ ਕੇਂਦਰ ਸਰਕਾਰ ਵਲੋਂ 43 ਹਜ਼ਾਰ ਕਰੋੜ ਭੇਜੇ ਜਾਣ ਦੇ ਬਾਵਜੂਦ ਸਰਕਾਰ ਖ਼ਰੀਦ ਪ੍ਰਬੰਧ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ 2022 ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਇੱਕ ਵਾਰ ਠੱਗ ਲਿਆ­ ਪਰ ਹੁਣ ਜ਼ਿਮਨੀ ਚੋਣਾਂ ਵਿੱਚ ਪੰਜਾਬ ਦੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ। ਭਾਜਪਾ ਉਮੀਦਵਾਰ ਢਿੱਲੋਂ ਨੂੰ ਪਿੰਡ ਫਰਵਾਹੀ ਵਾਸੀਆਂ ਵੱਲੋਂ ਚੰਗਾਂ ਹੁਲਾਰਾ ਦਿੱਤਾ ਗਿਆ।

Advertisement
Author Image

Advertisement