ਜ਼ਿਮਨੀ ਚੋਣ: ਧੌਜ ਖੇਤਰ ’ਚ ਪੁਲੀਸ ਦਾ ਫਲੈਗ ਮਾਰਚ
ਪੱਤਰ ਪ੍ਰੇਰਕ
ਫਰੀਦਾਬਾਦ, 23 ਜੂਨ
ਇੱਥੇ ਜੁਲਾਈ ਵਿੱਚ ਹੋਣ ਵਾਲੀਆਂ ਪੰਚ ਅਤੇ ਕੌਂਸਲ ਦੀਆਂ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲੀਸ ਵੱਲੋਂ ਅੱਜ ਧੌਜ ਖੇਤਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗ੍ਰਾਮ ਪੰਚਾਇਤ ਚੋਣਾਂ ‘ਚ ਕੁਝ ਸੀਟਾਂ ‘ਤੇ ਚੁਣੇ ਗਏ ਮੈਂਬਰਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਕਾਰਨ ਪੰਚ ਅਤੇ ਕੌਂਸਲਰ ਦੀਆਂ ਕੁੱਝ ਸੀਟਾਂ ਖਾਲੀ ਰਹਿ ਗਈਆਂ ਸਨ, ਜਿਸ ਲਈ ਮੁੜ ਚੋਣਾਂ ਜੁਲਾਈ ਵਿੱਚ ਹੋਣਗੀਆਂ। ਪੁਲੀਸ ਨੇ ਅੱਜ ਥਾਣਾ ਧੌਜ ਅਧੀਨ ਆਉਂਦੇ ਪਿੰਡ ਸਿਰੋਹੀ, ਖੋਰੀ ਜਮਾਲਪੁਰ, ਧੌਜ, ਪੱਖਲ, ਫਤਿਹਪੁਰ ਤਾਗਾ ਅਤੇ ਆਲਮਪੁਰ ਵਿੱਚ ਪੈਦਲ ਫਲੈਗ ਮਾਰਚ ਕੱਢ ਕੇ ਆਮ ਲੋਕਾਂ ਨੂੰ ਚੋਣਾਂ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਡੀ-194, ਆਰਏਐਫ ਬਟਾਲੀਅਨ ਦੀ ਸਹਾਇਕ ਕਮਾਂਡੈਂਟ ਸਰਸਵਤੀ ਨੰਦਨ, ਇੰਸਪੈਕਟਰ ਅਨਿਲ ਪੂਨੀਆ, ਲੇਡੀ ਇੰਸਪੈਕਟਰ ਰੁਕਮਣੀ ਦੇਵੀ ਸਮੇਤ ਪੁਲੀਸ ਫੋਰਸ ਉਨ੍ਹਾਂ ਨਾਲ ਮੌਜੂਦ ਸੀ। ਥਾਣਾ ਸਦਰ ਦੇ ਬੁਲਾਰੇ ਸੂਬਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਫਲੈਗ ਮਾਰਚ ਕੱਢਿਆ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਚੋਣਾਂ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗੀ ਹੈ। ਇਸ ਮੌਕੇ ਪਿੰਡ ਦੇ ਲੋਕਾਂ ਨੂੰ ਸਮਝਾਇਆ ਗਿਆ ਕਿ ਇਹ ਚੋਣ ਭਾਈਚਾਰਕ ਸਾਂਝ ਦੀ ਚੋਣ ਹੈ ਪਰ ਕੁਝ ਸਮਾਜ ਵਿਰੋਧੀ ਅਨਸਰ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ।