ਜ਼ਿਮਨੀ ਚੋਣ: ਚੱਬੇਵਾਲ ਤੋਂ ਸੰਸਦ ਮੈਂਬਰ ਆਪਣੇ ਪੁੱਤਰ ਨੂੰ ਟਿਕਟ ਦਿਵਾਉਣ ਵਿੱਚ ਸਫ਼ਲ ਹੋਏ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 20 ਅਕਤੂਬਰ
ਜਿਵੇਂ ਕਿ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਨੇ ਚੱਬੇਵਾਲ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਮੌਜੂਦਾ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਡਾ. ਈਸ਼ਾਂਕ ਚੱਬੇਵਾਲ ਨੂੰ ਟਿਕਟ ਦਿੱਤੀ ਹੈ। ਡਾ. ਰਾਜ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਜਿੱਤ ਵਿੱਚ ਸਭ ਤੋਂ ਅਹਿਮ ਰੋਲ ਚੱਬੇਵਾਲ ਹਲਕੇ ਦਾ ਹੀ ਰਿਹਾ ਸੀ ਜਿੱਥੋਂ ਉਨ੍ਹਾਂ ਨੂੰ ਸਭ ਤੋਂ ਵੱਧ ਲੀਡ ਮਿਲੀ ਸੀ। ਉਹ ਇਸ ਹਲਕੇ ਤੋਂ 2017 ਤੇ 2022 ਵਿੱਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਦੇ ਕਾਂਗਰਸ ਵਿਧਾਇਕ ਵਜੋਂ ਅਸਤੀਫ਼ਾ ਦੇਣ ਕਾਰਨ ਹੀ ਚੱਬੇਵਾਲ ਜ਼ਿਮਨੀ ਚੋਣ ਹੋਈ ਸੀ। ਪਹਿਲਾਂ ਇਹ ਚਰਚਾ ਸੀ ਕਿ ਡਾ. ਰਾਜ ਆਪਣੇ ਭਰਾ ਡਾ. ਜਤਿੰਦਰ ਨੂੰ ਇੱਥੋਂ ਟਿਕਟ ਦਿਵਾਉਣ ਵਿੱਚ ਦਿਲਚਸਪੀ ਰੱਖਦੇ ਹਨ। ਡਾ. ਜਤਿੰਦਰ ਨੇ ਸਾਰੀਆਂ ਚੋਣਾਂ ’ਚ ਉਨ੍ਹਾਂ ਦੀ ਡਟ ਕੇ ਮੱਦਦ ਕੀਤੀ ਸੀ। ਸੂਤਰਾਂ ਅਨੁਸਾਰ ਡਾ. ਜਤਿੰਦਰ ਲਈ ਜਦੋਂ ਟਿਕਟ ਸੰਭਵ ਨਹੀਂ ਹੋਈ ਤਾਂ ਉਨ੍ਹਾਂ ਆਪਣੇ ਲਈ ਜ਼ੋਰ ਅਜਮਾਇਸ਼ ਸ਼ੁਰੂ ਕੀਤੀ। ਉਧਰ, ‘ਆਪ’ ਨਾਲ ਸ਼ੁਰੂ ਤੋਂ ਹੀ ਜੁੜੇ ਹਰਮਿੰਦਰ ਸਿੰਘ ਸੰਧੂ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਡਾ. ਰਾਜ ਖਿਲਾਫ਼ ਚੱਬੇਵਾਲ ਤੋਂ ਚੋਣ ਲੜੇ ਸਨ, ਨੂੰ ਉਮੀਦ ਸੀ ਕਿ ਪਾਰਟੀ ਉਨ੍ਹਾਂ ਨੂੰ ਹੀ ਟਿਕਟ ਦੇਵੇਗੀ ਪਰ ਉਨ੍ਹਾਂ ਦੀ ਆਸ ’ਤੇ ਪਾਣੀ ਫਿਰ ਗਿਆ। 29 ਸਾਲਾ ਡਾ. ਈਸ਼ਾਂਕ ਐੱਮਡੀ ਰੇਡੀਓ ਡਾਇਗਨੋਸਿਸ ਹੈ।