ਜ਼ਿਮਨੀ ਚੋਣ: ਮੀਤ ਹੇਅਰ ਦੇ ਬਚਪਨ ਦਾ ਦੋਸਤ ਮੈਦਾਨ ਵਿੱਚ ਨਿੱਤਰਿਆ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 20 ਅਕਤੂਬਰ
ਮਹਿਲ ਕਲਾਂ ਹਲਕੇ ਦੇ ਪਿੰਡ ਛੀਨੀਵਾਲ ਕਲਾਂ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਆਮ ਆਦਮੀ ਪਾਰਟੀ ਨੇ ਬਰਨਾਲਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਹੈ ਜਿਸ ਨਾਲ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਦੀ ਪੰਚਾਇਤ ਅਤੇ ਪਾਰਟੀ ਵਰਕਰਾਂ ਟਿਕਟ ਮਿਲਣ ’ਤੇ ਹਰਿੰਦਰ ਧਾਲੀਵਾਲ ਅਤੇ ਉਸ ਦੇ ਪਿਤਾ ਮੁਖਤਿਆਰ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਨਿਰਭੈ ਸਿੰਘ ਢੀਂਡਸਾ, ਜਗਮੇਲ ਸਿੰਘ ਛੀਨੀਵਾਲ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ, ਜਸਪ੍ਰੀਤ ਸਿੰਘ ਬਲਾਕ ਪ੍ਰਧਾਨ, ਲਖਵੀਰ ਸਿੰਘ ਇਕਾਈ ਪ੍ਰਧਾਨ, ਡਾ. ਜਸਵੰਤ ਸਿੰਘ, ਗੁਰਜੀਤ ਸਿੰਘ ਪੰਚ, ਨਿਰਭੈ ਸਿੰਘ, ਪੰਚ ਗੁਰਜੀਤ ਸਿੰਘ, ਗੁਰਮੀਤ ਸਿੰਘ ਪੰਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਹਰਿੰਦਰ ਧਾਲੀਵਾਲ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ। ਉਸ ਦੇ ਪਿਤਾ ਮੁਖਤਿਆਰ ਸਿੰਘ ਸੇਵਾਮੁਕਤ ਵੈਟਰਨਰੀ ਇੰਸਪੈਕਟਰ ਹਨ। 35 ਸਾਲਾ ਹਰਿੰਦਰ ਆਪਣੀ ਮਾਤਾ ਸੁਖਪਾਲ ਕੌਰ, ਪਿਤਾ ਅਤੇ ਪਤਨੀ ਨਾਲ ਰਹਿ ਰਿਹਾ ਹੈ ਜਦਕਿ ਉਸ ਦਾ ਇੱਕ ਭਰਾ ਆਸਟਰੇਲੀਆ ਰਹਿੰਦਾ ਹੈ।
ਹਰਿੰਦਰ ਸਿੰਘ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਬਚਪਨ ਦਾ ਮਿੱਤਰ ਹੈ। ਇਨ੍ਹਾਂ ਦੋਵਾਂ ਨੇ ਸਕੂਲੀ ਪੜ੍ਹਾਈ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਸਕੂਲ ਇਕੱਠਿਆਂ ਕੀਤੀ ਅਤੇ ਬਾਅਦ ਵਿੱਚ ਬੀਟੈੱਕ (ਆਈਟੀ) ਵੀ ਬਨੂੜ ਕਾਲਜ ਤੋਂ ਕੀਤੀ। ਉਪਰੰਤ ਮੀਤ ਹੇਅਰ ਦੇ ਨਾਲ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ। ਹਰਿੰਦਰ ਨੂੰ ਮੀਤ ਹੇਅਰ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ ਅਤੇ ਮੀਤ ਹੇਅਰ ਦੀ ਸਿਫਾਰਿਸ਼ ਸਦਕਾ ਹੀ ਉਹ ਇਹ ਜ਼ਿਮਨੀ ਚੋਣ ਦੀ ਟਿਕਟ ਲੈਣ ਵਿੱਚ ਕਾਮਯਾਬ ਹੋ ਸਕਿਆ ਹੈ। ਮੀਤ ਹੇਅਰ ਵੱਲੋਂ ਵੀ ਬਰਨਾਲਾ ਵਿਧਾਨ ਸਭਾ ਸੀਟ ਉਪਰ ਆਪਣੀ ਦਬਦਬਾ ਰੱਖਣ ਲਈ ਆਪਣੇ ਖਾਸ ਮਿੱਤਰ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਮੀਤ ਹੇਅਰ ਵੀ ਮਹਿਲ ਕਲਾਂ ਹਲਕੇ ਨਾਲ ਸਬੰਧਤ ਰਿਹਾ ਹੈ, ਜਿਸ ਦਾ ਜੱਦੀ ਪਿੰਡ ਕੁਰੜ ਹੈ।