ਜ਼ਿਮਨੀ ਚੋਣ: ਪੰਜਾਬੀਆਂ ਨੂੰ ਧਮਕਾ ਰਹੇ ਨੇ ਕੇਜਰੀਵਾਲ: ਬਾਜਵਾ
ਪਰਸ਼ੋਤਮ ਬੱਲੀ
ਬਰਨਾਲਾ, 17 ਨਵੰਬਰ
ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਇੱਥੇ ਪੁੱਜੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਸਿੱਧੇ ਤੌਰ ’ਤੇ ਧਮਕਾ ਰਹੇ ਹਨ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੰਘੇ ਦਿਨੀਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਰੈਲੀ ਦੌਰਾਨ ਕਿਹਾ ਸੀ ਕਿ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਜਿੱਤਿਆ ਤਾਂ ਇਲਾਕੇ ਦੇ ‘ਵਿਕਾਸ ਕਾਰਜ’ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਸਿੱਧੀ ਧਮਕੀ ਹੈ ਜੋ ਵੋਟਰ ਬਰਦਾਸ਼ਤ ਨਹੀਂ ਕਰਨਗੇ ਅਤੇ ਜ਼ਿਮਨੀ ਚੋਣਾਂ ’ਚ ਮੂੰਹ ਤੋੜ ਜਵਾਬ ਦੇਣਗੇ। ਪ੍ਰਤਾਪ ਬਾਜਵਾ ਨੇ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਤੇ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਪੰਜਾਬ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੈ ਜਿਸ ਤਹਿਤ ਕੇਂਦਰ ਨਾਲ ਮਿਲ ਕੇ ਕਿਸਾਨਾਂ ਨੂੰ ਮੰਡੀਆਂ ’ਚ ਰੋਲਿਆ ਗਿਆ। ਫ਼ਸਲ ਵੇਚਣ ਸਮੇਂ ਲੱਗੇ ‘ਕੱਟ’ ਕਾਰਨ ਕਿਸਾਨਾਂ ਦੀ ਕੁੱਲ ਆਮਦਨ ਦਾ ਕਰੀਬ ਪੰਜਵਾਂ ਹਿੱਸਾ 5500 ਤੋਂ 6000 ਕਰੋੜ ਦੀ ਲੁੱਟ ਹੋਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਹਲਕੇ ਧੂਰੀ ਵਿੱਚ ਇੱਕ ਵਾਰ ਵੀ ਕਿਸੇ ਮੰਡੀ ’ਚ ਕਿਸਾਨਾਂ ਦੀ ਸਾਰ ਲੈਣ ਨਹੀਂ ਪੁੱਜੇ। ਇੱਥੋਂ ਤੱਕ ਕਿ ਲੰਘੇ ਦਿਨ ਫ਼ਸਲ ਦਾ ਮੁੱਲ ਨਾ ਪੈਣ ’ਤੇ ਕਰਜ਼ਾ ਪੀੜਤ ਨਿਦਾਮਪੁਰ ਦੇ ਖ਼ੁਦਕੁਸ਼ੀ ਕਰ ਗਏ ਕਿਸਾਨ ਦੇ ਪਰਿਵਾਰ ਨਾਲ ਦੁੱਖ ’ਚ ਸ਼ਰੀਕ ਹੋਣ ਵੀ ਕੋਈ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਨਹੀਂ ਬਹੁੜੇ।
ਇਸ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਕਿ ਬੀਬੀਆਂ 1000 ਰੁਪਏ ਪ੍ਰਤੀ ਮਹੀਨਾ ਉਡੀਕ ਰਹੀਆਂ ਹਨ। ਇਸ ਦੌਰਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ, ਬਲਬੀਰ ਸਿੰਘ ਸਿੱਧੂ ਤੇ ਸੁਰਿੰਦਰਪਾਲ ਸਿੰਘ ਸਿਬੀਆ ਹਾਜ਼ਰ ਸਨ।
ਪੰਜਾਬ ਦੇ ‘ਏਕ ਨਾਥ ਸ਼ਿੰਦੇ’ ਬਣਨਗੇ ਭਗਵੰਤ ਮਾਨ: ਬਾਜਵਾ
ਪ੍ਰਤਾਪ ਬਾਜਵਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਨਾਲ ਰਲੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ, ‘‘ਭਗਵੰਤ ਮਾਨ ਪੰਜਾਬ ਦਾ ‘ਏਕ ਨਾਥ ਸ਼ਿੰਦੇ’ ਬਣੇਗਾ ਤੇ ਰਵਨੀਤ ਬਿੱਟੂ ਰਾਹੀਂ ਗੰਢਤੁੱਪ ਹੋ ਰਹੀ ਹੈ। ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਦਾ ਮੌਕਾ ਹੈ।’’