ਜ਼ਿਮਨੀ ਚੋਣ: ਕਾਂਗਰਸ ਵੱਲੋਂ ਪੰਜਾਬ ਸਰਕਾਰ ਤੋਂ ਹਰ ਵਰਗ ਦੁਖੀ ਕਰਾਰ
ਪੱਤਰ ਪ੍ਰੇਰਕ
ਬਠਿੰਡਾ 1 ਨਵੰਬਰ
ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਕਾਂਗਰਸ ਲੀਡਰਸ਼ਿਪ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹਾ ਬਠਿੰਡਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਕਾਂਗਰਸ ਲੀਡਰਸ਼ਿਪ ਵੱਲੋਂ ਅੱਜ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਘਰ-ਘਰ ਅਤੇ ਦੁਕਾਨਾਂ ਤੇ ਜਾ ਕੇ ਵੋਟਾਂ ਦੀ ਮੰਗ ਕੀਤੀ।
ਜ਼ਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੇ ਦੱਸਿਆ ਕਿ ਇਸ ਮੌਕੇ ਰਾਜਾ ਵੜਿੰਗ ਨੇ ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਉਥੇ ਹੀ ਚਾਰ ਉਪ ਚੋਣਾਂ ਜਿੱਤਣ ਦਾ ਦਾਅਵਾ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਸਰਕਾਰ ਤੋਂ ਲੋਕ ਦੁਖੀ ਹਨ ਕਿਉਂਕਿ ਨਸ਼ਿਆਂ ਦੀ ਦਲਦਲ ਵਿੱਚ ਪੰਜਾਬ ਦਾ ਨੌਜਵਾਨ ਧਸ ਰਿਹਾ ਹੈ, ਕਿਸਾਨ ਸੜਕਾਂ ਤੇ ਰੁਲਣ ਲਈ ਮਜਬੂਰ ਹਨ, ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਨਹੀਂ ਹੋ ਰਹੀ। ਲੋਕ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ ਤੇ ਸਰਕਾਰ ਨੇ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ, ਜਿਸ ਕਰਕੇ ਲੋਕ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਸਰਕਾਰ ਨੂੰ ਸਭ ਕੁਝ ਸਿਖਾਉਣ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦੇਣਗੇ। ਕਾਂਗਰਸੀ ਲੀਡਰ ਤੇ ਵਰਕਰ ਚੋਣ ਮੁਹਿੰਮ ਨੂੰ ਭਖਵਾਂ ਰੂਪ ਦਿੰਦੇ ਹੋਏ ਘਰ ਘਰ ਅਤੇ ਦੁਕਾਨਾਂ ਤੇ ਜਾ ਕੇ ਕਾਂਗਰਸ ਉਮੀਦਵਾਰ ਲਈ ਵੋਟਾਂ ਮੰਗੀਆਂ ਜਾ ਰਹੇ ਹਨ।
ਨਗਰ ਕੌਂਸਲ ਭੁੱਚੋ ਦੇ ਪ੍ਰਧਾਨ ਬਾਂਸਲ ਦੀ ਕਾਂਗਰਸ ’ਚ ਵਾਪਸੀ
ਭੁੱਚੋ ਮੰਡੀ (ਪਵਨ ਗੋਇਲ): ਨਗਰ ਕੌਂਸਲ ਭੁੱਚੋ ਮੰਡੀ ਦੇ ਪ੍ਰਧਾਨ ਜੋਨੀ ਬਾਂਸਲ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇੱਕ ਸਾਲ ਪਹਿਲਾਂ ਉਹ ਸੱਤਾਧਾਰੀ ਪਾਰਟੀ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਜੌਨੀ ਬਾਂਸਲ ਨੇ ਦੱਸਿਆ ਕਿ ਉਹ ਕਾਂਗਰਸ ਦੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਤੇ ਹਲਕਾ ਭੁੱਚੋ ਮੰਡੀ ਦੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਪ੍ਰੇਰਨਾ ਸਦਕਾ ਮੁੜ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਅੱਜ ਸ਼ਾਮ ਸਮੇਂ ਗਿੱਦਰਵਾਹਾ ਵਿੱਚ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਪਹੁੰਚੇ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਾਰਟੀ ਦਾ ਸਿਰੋਪਾ ਦੇ ਕੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੁਕਮਾਂ ਅਨੁਸਾਰ ਸੇਵਾ ਨਿਭਾਉਂਦੇ ਰਹਿਣਗੇ।