ਜ਼ਿਮਨੀ ਚੋਣ: ‘ਆਪ’ ਨੇ ਤਿੰਨ ਸੀਟਾਂ ’ਤੇ ਜਿੱਤ ਦਾ ਜਸ਼ਨ ਮਨਾਇਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਨਵੰਬਰ
ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਚਾਰ ਵਿੱਚੋਂ ਤਿੰਨ ਸੀਟਾਂ ’ਤੇ ਕਬਜ਼ਾ ਕਰ ਲਿਆ ਹੈ। ਪਹਿਲਾਂ ਇਹ ਤਿੰਨੋਂ ਸੀਟਾਂ ਕਾਂਗਰਸ ਕੋਲ ਸਨ। ‘ਆਪ’ ਨੇ ਅੱਜ ਤਿੰਨ ਸੀਟਾਂ ’ਤੇ ਜਿੱਤ ਹਾਸਲ ਕਰਨ ’ਤੇ ਸੈਕਟਰ-39 ਵਿੱਚ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਜਿੱਤ ਦਾ ਜਸ਼ਨ ਮਨਾਇਆ ਹੈ। ਇਸ ਮੌਕੇ ‘ਆਪ’ ਆਗੂਆਂ ਤੇ ਵਰਕਰਾਂ ਨੇ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਇੱਕ-ਦੂਜੇ ਨੂੰ ਵਧਾਈ ਦਿੱਤੀ। ਜਸ਼ਨ ਵਿੱਚ ਮੰਤਰੀ ਹਰਜੋਤ ਬੈਂਸ, ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਸਣੇ ਪਾਰਟੀ ਦੇ ਕਈ ਹੋਰ ਆਗੂ ਹਾਜ਼ਰ ਸਨ।
‘ਆਪ’ ਆਗੂ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅੱਜ ਕਾਂਗਰਸੀ ਆਗੂਆਂ ਦੀ ਹੰਕਾਰ ਦਾ ਪਤਨ ਹੋ ਗਿਆ ਹੈ। ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਵਿੱਚ ਕਈ ਜਿੱਤਾਂ ਕਰ ਕੇ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਦਾ ਹੰਕਾਰ ਬਹੁਤ ਵਧ ਗਿਆ ਸੀ ਪਰ ਅੱਜ ਲੋਕਾਂ ਨੇ ਉਨ੍ਹਾਂ ਦੇ ਹੰਕਾਰ ਨੂੰ ਹਰਾ ਦਿੱਤਾ। ਇਹ ‘ਆਪ’ ਸਰਕਾਰ ਦੇ ਲੋਕ ਭਲਾਈ ਕੰਮਾਂ ਅਤੇ ਇਮਾਨਦਾਰ ਰਾਜਨੀਤੀ ਦੀ ਜਿੱਤ ਹੈ। ਇਹ ਜਿੱਤ ਪੰਜਾਬ ਵਿੱਚ ‘ਆਪ’ ਦੀ ਹਰਮਨਪਿਆਰਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਅਤੇ ਲਗਨ ਨਾਲ ਪੰਜਾਬ ਦੀ ਬਿਹਤਰੀ ਲਈ ਕੰਮ ਕਰੇਗੀ।
ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਦੇ ਲੋਕ ਭਲਾਈ ਕੰਮਾਂ ’ਤੇ ਲੋਕਾਂ ਨੇ ਪ੍ਰਵਾਨਗੀ ਦੀ ਮੋਹਰ ਲਗਾ ਦਿੱਤੀ ਹੈ। ਲੋਕਾਂ ਨੇ ਕੰਮ ਦੇ ਆਧਾਰ ’ਤੇ ਵੋਟਾਂ ਪਾਈਆਂ ਹਨ। ਸਾਡੇ ਨੇਤਾਵਾਂ ਨੇ ਵੀ ਆਪਣੀ ਸਰਕਾਰ ਦੇ ਢਾਈ ਸਾਲਾਂ ਦੇ ਕੰਮ ਨੂੰ ਜਨਤਾ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਕੰਮਾਂ ਤੋਂ ਪੰਜਾਬ ਦੇ ਲੋਕ ਪ੍ਰਭਾਵਿਤ ਹਨ।