ਵੈਸਟ ਇੰਡੀਜ਼ ਨੂੰ ਹਰਾ ਕੇ ਭਾਰਤ ਨੇ ਇਕ ਦਿਨਾਂ ਕ੍ਰਿਕਟ ਲੜੀ 2-1 ਨਾਲ ਜਿੱਤੀ
ਤਾਰੋਬਾ, 2 ਅਗਸਤ
ਭਾਰਤ ਨੇ ਵੈਸਟਇੰਡੀਜ਼ ਨੂੰ ਤੀਜੇ ਅਤੇ ਆਖ਼ਰੀ ਇਕ ਦਿਨਾਂ ਮੈਚ ਵਿੱਚ 200 ਦੌੜਾਂ ਨਾਲ ਹਰਾ ਕੇ ਲੜੀ ’ਤੇ 2-1 ਨਾਲ ਕਬਜ਼ਾ ਕਰ ਲਿਆ ਹੈ ਪਰ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਬਾਰੇ ਕਈ ਸਵਾਲ ਅਣਸੁਲਝੇ ਹਨ। ਕਪਤਾਨ ਰੋਹਿਤ ਸ਼ਰਮਾ ਅਤੇ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਬਾਹਰ ਰਹਿ ਕੇ ਵਿਸ਼ਵ ਕੱਪ ਲਈ ਸੰਭਾਵਿਤ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਪਰ ਟੀਮ ’ਤੇ ਸਾਰੇ ਤਜ਼ਰਬਿਆਂ ਤੋਂ ਬਾਅਦ ਵੀ ਹਾਲੇ ਤੱਕ ਸਪਸ਼ਟ ਨਹੀਂ ਕਿ ਕਿਸ ਨੂੰ ਰੱਖਿਆ ਤੇ ਕੱਢਿਆ ਜਾਵੇ।
ਹੁਣ ਤੱਕ ਖਾਮੋਸ਼ ਰਹੇ ਸ਼ੁਭਮਨ ਗਿੱਲ ਦਾ ਬੱਲਾ ਆਖਰ ਬੋਲ ਪਿਆ ਅਤੇ ਉਸ ਨੇ 92 ਗੇਂਦਾਂ 'ਤੇ 85 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਈਸ਼ਾਨ ਕਿਸ਼ਨ (63 ਗੇਂਦਾਂ ਵਿੱਚ 77 ਦੌੜਾਂ) ਦੇ ਨਾਲ 143 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ 'ਤੇ 351 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ 41 ਗੇਂਦਾਂ ਵਿੱਚ 51 ਦੌੜਾਂ ਬਣਾ ਕੇ ਮੱਧਕ੍ਰਮ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ। ਕਪਤਾਨ ਹਾਰਦਿਕ ਪੰਡਿਆ ਨੇ 52 ਗੇਂਦਾਂ 'ਤੇ ਪੰਜ ਛੱਕਿਆਂ ਅਤੇ ਚਾਰ ਚੌਕਿਆਂ ਦੀ ਮਦਦ ਨਾਲ ਨਾਬਾਦ 70 ਦੌੜਾਂ ਬਣਾਈਆਂ। ਜਵਾਬ ਵਿੱਚ ਕੈਰੇਬਿਆਈ ਟੀਮ 35.3 ਓਵਰਾਂ ਵਿੱਚ 151 ਦੌੜਾਂ ਬਣਾ ਕੇ ਆਊਟ ਹੋ ਗਈ। ਮੁਕੇਸ਼ ਕੁਮਾਰ ਨੇ ਸੱਤ ਓਵਰਾਂ ਵਿੱਚ 30 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।