ਬੰਦ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 18 ਨਵੰਬਰ
ਇੱਥੇ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਨੇੜੇ ਪੈਂਦੀ ਪੰਚਸ਼ੀਲ ਐਨਕਲੇਵ ਕਲੋਨੀ ਵਿੱਚ ਚੋਰ ਇਕ ਬੰਦ ਘਰ ਦਾ ਤਾਲਾ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮੌਕੇ ਦਾ ਦੌਰਾ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰਾਂ ਵੱਲੋਂ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਮਕਾਨ ਮਾਲਕ ਘਰ ਨੂੰ ਤਾਲਾ ਲਾ ਕੇ ਆਪਣੇ ਜੱਦੀ ਘਰ ਕੁਰੂਕਸ਼ੇਤਰ ਗਏ ਹੋਏ ਸਨ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨੋਹਰ ਪਾਲ ਵਾਸੀ ਐੱਫ12, ਪੰਚਸ਼ੀਲ ਐਨਕਲੇਵ ਨੇ ਦੱਸਿਆ ਕਿ ਦੀਵਾਲੀ ਮਗਰੋਂ ਉਹ ਆਪਣੇ ਪਰਿਵਾਰ ਨਾਲ ਘਰ ਨੂੰ ਤਾਲਾ ਲਾ ਕੇ ਆਪਣੇ ਜੱਦੀ ਘਰ ਕੁਰੂਕਸ਼ੇਤਰ ਚਲਾ ਗਿਆ ਸੀ। 15 ਤਰੀਕ ਨੂੰ ਗੁਆਂਢੀਆਂ ਨੇ ਫੋਨ ’ਤੇ ਉਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਵਿੱਚ ਚੋਰੀ ਹੋ ਗਈ ਹੈ। ਜਦੋਂ ਉਹ ਵਾਪਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਘਰ ਦੇ ਕਮਰੇ ਵਿੱਚ ਪਈ ਅਲਮਾਰੀ ਵਿੱਚੋਂ ਨੌਂ ਲੱਖ ਰੁਪਏ ਦੀ ਨਕਦੀ, ਲੱਖਾਂ ਰੁਪਏ ਕੀਮਤ ਦੇ 15 ਤੋਲੇ ਸੋਨੇ ਦੇ ਗਹਿਣੇ ਚੋਰ ਕਰ ਕੇ ਲੈ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਨਕਦੀ ਉਸ ਨੇ ਦੀਵਾਲੀ ਮੌਕੇ ਸਟਾਲ ਲਗਾ ਕੇ ਕਮਾਈ ਸੀ ਪਰ ਚੋਰ ਉਸ ਦੀ ਸਾਰੀ ਕਮਾਈ ਚੋਰੀ ਕਰ ਕੇ ਲੈ ਗਏ। ਉਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।