ਬੀਡਬਲਿਊਐੱਫ ਦਰਜਾਬੰਦੀ: ਲਕਸ਼ੈ 13ਵੇਂ ਸਥਾਨ ’ਤੇ
ਨਵੀਂ ਦਿੱਲੀ, 19 ਮਾਰਚ
ਭਾਰਤ ਦਾ ਲਕਸ਼ੈ ਸੇਨ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅੱਜ ਤਾਜ਼ਾ ਬੀਡਬਲਿਊਐੱਫ ਦਰਜਾਬੰਦੀ ਵਿੱਚ ਪੰਜ ਸਥਾਨ ਉਪਰ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ। 22 ਸਾਲਾ ਲਕਸ਼ੈ ਬਰਮਿੰਘਮ ਵਿੱਚ ਸੈਮੀਫਾਈਨਲ ਤੱਕ ਪਹੁੰਚਿਆ ਸੀ। ਅਪਰੈਲ ਦੇ ਅੰਤ ’ਚ ਦੁਨੀਆ ਦੇ ਸਿਖਰਲੇ 16 ਖਿਡਾਰੀ ਓਲੰਪਿਕ ਲਈ ਜਗ੍ਹਾ ਬਣਾਉਣਗੇ। ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗਮਾ ਜੇਤੂ ਐੱਚਐੱਸ ਪ੍ਰਣੌਏ ਪੈਰਿਸ ਦੀ ਦੌੜ ’ਚ ਨੌਵੇਂ ਸਥਾਨ ’ਤੇ ਹੈ ਅਤੇ ਸੇਨ ਦੇ ਵੀ ਇਸ ਕੱਟ ਵਿੱਚ ਜਗ੍ਹਾ ਬਣਾਉਣ ਦੀ ਉਮੀਦ ਹੈ।
ਸੇਨ ਨਵੰਬਰ 2022 ’ਚ ਆਪਣੀ ਸਰਬੋਤਮ ਰੈਂਕਿੰਗ ਛੇ ’ਤੇ ਪਹੁੰਚਿਆ ਸੀ ਪਰ ਪਿਛਲੇ ਸਾਲ ਅਪਰੈਲ ਵਿੱਚ ਉਹ 25ਵੇਂ ਸਥਾਨ ’ਤੇ ਖਿਸਕ ਗਿਆ। ਅਗਸਤ ਵਿੱਚ ਉਹ 11ਵੇਂ ਸਥਾਨ ’ਤੇ ਪਹੁੰਚਿਆ ਅਤੇ ਇਸ ਸਾਲ ਮੁੜ ਉਹ 20ਵੇਂ ਸਥਾਨ ’ਤੇ ਖਿਸਕ ਗਿਆ ਸੀ। ਹੋਰ ਖਿਡਾਰੀਆਂ ’ਚ ਕਿਦਾਂਬੀ ਸ੍ਰੀਕਾਂਤ 27ਵੇਂ ਅਤੇ ਪ੍ਰਿਯਾਂਸ਼ੂ ਰਾਜਾਵਤ 32ਵੇਂ ਸਥਾਨ ’ਤੇ ਹਨ।
ਮਹਿਲਾ ਸਿੰਗਲਜ਼ ਵਿੱਚ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ 11ਵੇਂ ਸਥਾਨ ’ਤੇ ਹੈ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਸਿਖਰਲੇ ਸਥਾਨ ’ਤੇ ਹੈ ਜਦਕਿ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ 20ਵੇਂ ਸਥਾਨ ’ਤੇ ਹਨ। ਇਸੇ ਤਰ੍ਹਾਂ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਰੈਂਕਿੰਗ ਵਿੱਚ 26ਵੇਂ ਸਥਾਨ ’ਤੇ ਕਾਬਜ਼ ਹੈ। -ਪੀਟੀਆਈ