ਖ਼ਰੀਦਦਾਰਾਂ ਨੇ ਚੌੜਾ ਬਾਜ਼ਾਰ ਨੂੰ ‘ਭੀੜਾ’ ਕੀਤਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੂਨ
ਸੂਬੇ ਦੇ ਸਭ ਤੋਂ ਮਸ਼ਹੂਰ ਬਾਜ਼ਾਰਾਂ ਵਿੱਚੋਂ ਇੱਕ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਖ਼ਰੀਦਦਾਰਾਂ ਦੀ ਭੀੜ ਇੰਨੀ ਵੱਧ ਸੀ ਕਿ ਲੋਕਾਂ ਨੂੰ ਪੈਰ ਰੱਖਣ ਲਈ ਥਾਂ ਨਹੀਂ ਸੀ ਮਿਲ ਰਹੀ। ਆਮ ਦਿਨਾਂ ਦੇ ਮੁਕਾਬਲੇ ਅੱਜ ਦੀ ਭੀੜ ਕਈ ਗੁਣਾ ਵੱਧ ਸੀ। ਇਸ ਭੀੜ ਦਾ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ਵਿੱਚ ਆਈ ਕੁੱਝ ਕਮੀ ਨੂੰ ਮੰਨਿਆ ਜਾ ਰਿਹਾ ਹੈ।
ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜੂਨ ਮਹੀਨੇ ਦੇ ਪਹਿਲੇ ਦਿਨਾਂ ’ਚ ਭਾਵੇਂ ਤਾਪਮਾਨ ਕਾਫ਼ੀ ਵੱਧ ਦਰਜ ਕੀਤਾ ਗਿਆ ਹੈ ਪਰ ਦੋ ਕੁ ਦਿਨ ਪਹਿਲਾਂ ਪਏ ਮੀਂਹ ਤੇ ਝੱਖੜ ਤੋਂ ਬਾਅਦ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਕਮੀ ਆ ਗਈ ਹੈ। ਜਿਹੜੇ ਲੋਕ ਵੱਧ ਤਾਪਮਾਨ ਕਰ ਕੇ ਖ਼ਰੀਦਦਾਰੀ ਲਈ ਬਾਹਰ ਨਿੱਕਲਣ ਤੋਂ ਕਤਰਾਉਂਦੇ ਸਨ, ਅੱਜ ਐਤਵਾਰ ਨੂੰ ਉਹ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਖ਼ਰੀਦਦਾਰੀ ਕਰਦੇ ਦੇਖੇ ਗਏ। ਜੇ ਸੂਬੇ ਦੇ ਸਭ ਤੋਂ ਮਸ਼ਹੂਰ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਲੁਧਿਆਣਾ ਦਾ ਚੌੜਾ ਬਾਜ਼ਾਰ ਪਹਿਲੇ ਨੰਬਰ ’ਤੇ ਆਉਂਦਾ ਹੈ। ਇਸ ਬਾਜ਼ਾਰ ਵਿੱਚ ਅੱਜ ਸਾਰਾ ਦਿਨ ਖ਼ਰੀਦਦਾਰਾਂ ਦੀ ਭੀੜ ਇੰਨੀ ਜ਼ਿਆਦਾ ਸੀ ਕਿ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਹੋ ਰਿਹਾ ਸੀ। ਇਸ ਦੀ ਇੱਕ ਵਜ੍ਹਾ ਤਾਪਮਾਨ ਦਾ ਘੱਟ ਹੋਣਾ ਅਤੇ ਦੂਜਾ ਹਰ ਐਤਵਾਰ ਵੱਖ ਵੱਖ ਚੀਜ਼ਾਂ ’ਤੇ ਲੱਗਦੀ ਸੇਲ ਨੂੰ ਮੰਨਿਆ ਜਾ ਰਿਹਾ ਹੈ। ਚੌੜੇ ਬਾਜ਼ਾਰ ਤੋਂ ਇਲਾਵਾ ਘੁਮਾਰ ਮੰਡੀ, ਜਵਾਹਰ ਨਗਰ ਕੈਂਪ, ਫੀਲਡ ਗੰਜ, ਕਿਤਾਬ ਬਾਜ਼ਾਰ, ਦਰੇਸ਼ੀ ਮਾਰਕੀਟ, ਸ਼ਿਮਲਾ ਪੁਰੀ, ਡਿਵੀਜ਼ਨ ਨੰਬਰ ਤਿੰਨ ਆਦਿ ਵਿੱਚ ਵੀ ਭੀੜ ਦੇਖਣ ਨੂੰ ਮਿਲੀ ਹੈ। ਇਨ੍ਹਾਂ ਬਾਜ਼ਾਰਾਂ ਵਿੱਚ ਈ-ਰਿਕਸ਼ਿਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਵੀ ਰਾਹਗੀਰਾਂ ਲਈ ਸਿਰਦਰਦੀ ਦਾ ਕਾਰਨ ਬਣਦੀ ਜਾ ਰਹੀ ਹੈ।