ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਕਾਰਨ ਚੰਡੀਗੜ੍ਹ ਦੇ ਕਾਰੋਬਾਰੀ ਨਾਰਾਜ਼
ਮੁਕੇਸ਼ ਕੁਮਾਰ
ਚੰਡੀਗੜ੍ਹ, 27 ਅਪਰੈਲ
ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਕਾਰਨ ਕਾਰੋਬਾਰੀਆਂ ਤੇ ਪ੍ਰਾਪਰਟੀ ਡੀਲਰਾਂ ਵਿੱਚ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਚੋਣਾਂ ਦੌਰਾਨ ਵੋਟਾਂ ਮੰਗ ਰਹੇ ਉਮੀਦਵਾਰਾਂ ਤੋਂ ਜਵਾਬ-ਤਲਬੀ ਸ਼ੁਰੂ ਕਰ ਦਿੱਤੀ ਹੈ ਅਤੇ ਇਨ੍ਹਾਂ ਮੰਗਾਂ ਬਾਰੇ ਜਵਾਬ ਮੰਗਿਆ ਜਾ ਰਿਹਾ ਹੈ। ਉਮੀਦਵਾਰਾਂ ਲਈ ਕਸੂਤੀ ਸਥਿਤੀ ਪੈਦਾ ਹੋ ਰਹੀ ਹੈ। ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਉਮੀਦਵਾਰ ਸੰਜੇ ਟੰਡਨ ਵੱਲੋਂ ਵੱਖ-ਵੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਚੰਡੀਗੜ੍ਹ ਦੀ ਸਾਲਾਨਾ ਮੀਟਿੰਗ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਰੱਖੀਆਂ ਆਪਣੀਆਂ ਮੰਗਾਂ ਦੇ ਹੱਲ ਬਾਰੇ ਜਵਾਬ-ਤਲਬੀ ਦਾ ਸਾਹਮਣਾ ਕਰਨਾ ਪਿਆ। ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ, ਜਨਰਲ ਸਕੱਤਰ ਜਤਿੰਦਰ ਸਿੰਘ, ਚੀਫ ਪੈਟਰਨ ਸਾਬਕਾ ਮੇਅਰ ਸੁਰਿੰਦਰ ਸਿੰਘ, ਤਰਲੋਚਨ ਬਿੱਟੂ, ਵਿਕਰਮ ਚੋਪੜਾ ਨੇ ਦੱਸਿਆ ਕਿ ਸ਼ਹਿਰ ਵਿੱਚ ਸ਼ੇਅਰ ਵਾਈਜ਼ ਜਾਇਦਾਦ ਦੀ ਰਜਿਸਟਰੀ ਕਰੀਬ ਇੱਕ ਸਾਲ ਤੋਂ ਬੰਦ ਪਈ ਹੈ। ਉਨ੍ਹਾਂ ਦੱਸਿਆ ਕਿ ਇਸਤੋਂ ਇਲਾਵਾ ਵਪਾਰਕ ਅਤੇ ਉਦਯੋਗਿਕ ਸੰਪਤੀਆਂ ਨੂੰ ਰਿਆਇਤੀ ਦਰਾਂ ’ਤੇ ਲੀਜ਼ ਹੋਲਡ ਤੋਂ ਫਰੀ ਹੋਲਡ ਵਿੱਚ ਤਬਦੀਲ ਕਰਨਾ, ਬਕਾਇਆ ਇਮਾਰਤੀ ਉਲੰਘਣਾਵਾਂ ਦਾ ਇੱਕ ਮੁਸ਼ਤ ਨਿਪਟਾਰਾ, ਅਸਟੇਟ ਆਫਿਸ ਵਿੱਚ ਫਾਈਲਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣਾ, ਹਰਿਆਣਾ ਤੇ ਪੰਜਾਬ ਦੀ ਤਰਜ ’ਤੇ ਜਨਰਲ ਪਾਵਰ ਆਫ ਅਟਾਰਨੀ ਨੂੰ ਮਾਨਤਾ ਦੇਣਾ, ਪਰਿਵਾਰ ਤੇ ਖੂਨ ਦੇ ਰਿਸ਼ਤੇ ਵਿੱਚ ਸਟੈਂਪ ਡਿਊਟੀ ਨੂੰ ਹਟਾਉਣਾ, ਅਸਟੇਟ ਆਫਿਸ ਦੀ ਤਰਜ਼ ’ਤੇ ਹਾਊਸਿੰਗ ਬੋਰਡ ਦੇ ਫਲੈਟਾਂ ’ਤੇ ਘਰਾਂ ਵਿੱਚ ਕਵਰਡ ਏਰੀਆ ਨੂੰ 70 ਫੀਸਦੀ ਤੱਕ ਵਧਾਉਣ ਦੀ ਪ੍ਰਵਾਨਗੀ ਦੇਣਾ, ਫਰੀ ਹੋਲਡ ਸੁਸਾਇਟੀ ਫਲੈਟਾਂ ਵਿੱਚ ਐੱਨਓਸੀ ਦੀ ਲੋੜ ਨੂੰ ਖ਼ਤਮ ਕਰਨਾ ਅਤੇ ਸਾਰੇ ਬਕਾਇਆ ਤਬਾਦਲੇ ਦੇ ਕੇਸਾਂ ਨੂੰ ਖ਼ਤਮ ਕਰਕੇ ਤਬਾਦਲਾ ਪ੍ਰਕਿਰਿਆ ਨੂੰ ਸਰਲ ਬਣਾਉਣਾ ਆਦਿ ਹੋਰ ਮੁੱਖ ਮੰਗਾਂ ਜੋ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਮਨੀਸ਼ ਤਿਵਾੜੀ ਨੇ ਲੰਮੇ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਭਰੋਸਾ ਦਿੰਦੇ ਹੋਏ ਕਿਹਾ ਕਿ ਸ਼ੇਅਰ ਵਾਈਜ਼ ਰਜਿਸਟਰੀ ਤੇ ਰੈਗੂਲੇਟਰੀ ਬਾਡੀ ਲਈ ਆਰਡੀਨੈਂਸ ਰਾਹੀਂ ਮਨਜ਼ੂਰੀ ਦੀ ਲੋੜ ਹੋਵੇਗੀ। ਇਸਦੇ ਨਾਲ ਹੀ ਸੱਤਾ ਵਿੱਚ ਆਉਣ ’ਤੇ ਹੋਰ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਦੂਜੇ ਪਾਸੇ ਚੰਡੀਗੜ੍ਹ ਪ੍ਰਾਪਰਟੀ ਸ਼ੇਅਰ ਹੋਲਡਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਸੇਵਾ ਭਾਰਤੀ ਸੈਕਟਰ-29 ਵਿੱਚ ਕੀਤੀ ਗਈ ਮੀਟਿੰਗ ਵਿੱਚ ਪੁੱਜੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਜਥੇਬੰਦੀ ਦੇ ਅਧਿਕਾਰੀਆਂ ਅਤੇ ਸੀਨੀਅਰ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਸ਼ੇਅਰਵਾਈਜ਼ ਪ੍ਰਾਪਰਟੀ ਨੂੰ ਲੈ ਕੇ ਰਜਿਸਟਰੀ ’ਤੇ ਲੱਗੀ ਰੋਕ ਸਮੇਤ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਕਈਂ ਮਸਲੇ ਮੰਤਰਾਲੇ ਵਿੱਚ ਰੁਕੇ ਹੋਏ ਹਨ ਅਤੇ ਸ਼ਹਿਰ ਦੇ ਲਗਪਗ ਸਾਰੇ ਵਰਗਾਂ ਦੇ ਮਹੱਤਵਪੂਰਨ ਮੁੱਦੇ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮਸਲਿਆਂ ਦੇ ਹੱਲ ਲਈ ਉਨ੍ਹਾਂ ਵਲੋਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਚੰਡੀਗੜ੍ਹ ਪ੍ਰਸ਼ਾਸਨ ਸਮੇਤ ਇਥੋਂ ਦੀਆਂ ਜਥੇਬੰਦੀਆਂ ਨਾਲ ਮਹੀਨੇਵਾਰ ਮੀਟਿੰਗ ਕਰਵਾਉਣ ਦੀ ਤਜਵੀਜ਼ ਭੇਜੀ ਜਾ ਚੁੱਕੀ ਹੈ।
ਵਪਾਰੀਆਂ ਵੱਲੋਂ ਸ਼ੰਭੂ ਬਾਰਡਰ ਖੋਲ੍ਹਣ ਦੀ ਮੰਗ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਸ਼ਹਿਰ ਦੀਆਂ ਸਾਰੀਆਂ ਮੁੱਖ ਐਸੋਸੀਏਸ਼ਨਾਂ ਨਾਲ ਸਬੰਧਤ ਵਪਾਰੀਆਂ ਨੇ ਪ੍ਰੈੱਸ ਕਾਨਫਰੰਸ ਦੱਸਿਆ ਕਿ ਉਹ ਪਹਿਲਾਂ ਕਰੋਨਾ ਅਤੇ ਹੜ੍ਹ ਦਾ ਦੁਖਾਂਤ ਭੋਗ ਚੁੱਕੇ ਹਨ ਅਤੇ ਹੁਣ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਬਾਰਡਰ ਬੰਦ ਹੋਣ ਕਰਕੇ ਉਨ੍ਹਾਂ ਦਾ ਕਾਰੋਬਾਰ ਚੌਪਟ ਹੋ ਚੁੱਕਾ ਹੈ। ਪਿਛਲੇ 10-11 ਦਿਨਾਂ ਤੋਂ ਰੇਲ ਮਾਰਗ ਜਾਮ ਹੋਣ ਕਰਕੇ ਦਿੱਕਤ ਵਧ ਗਈ ਹੈ। ਉਨ੍ਹਾਂ ਕਿਹਾ ਕਿ ਅੰਬਾਲਾ ਬਾਰਡਰ ਜ਼ਿਲ੍ਹਾ ਅਤੇ ਉੱਤਰ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਰਕੇ ਇੱਥੋਂ ਦਾ ਵਪਾਰੀ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਮਾਲ ਸਪਲਾਈ ਕਰਦਾ ਆ ਰਿਹਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਕੱਪੜਾ ਮਾਰਕੀਟ ਵਿੱਚ ਕੱਪੜਾ ਵਪਾਰ ਹੁਣ ਸਿਰਫ਼ 20 ਫੀਸਦੀ ਰਹਿ ਗਿਆ ਹੈ ਜਿਸ ਕਰਕੇ ਵਰਕਰਾਂ ਨੂੰ ਤਨਖ਼ਾਹ ਦੇਣੀ ਵੀ ਮੁਸ਼ਕਲ ਹੋ ਗਈ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਅੰਬਾਲਾ ਦੀ ਇਲੈਕਟ੍ਰੀਕਲ, ਸਰਾਫ਼ਾ, ਮਿਕਸੀ ਉਦਯੋਗ, ਮਨਿਆਰੀ ਮਾਰਕੀਟ, ਟਰਾਂਸਪੋਰਟ ਉਦਯੋਗ ਅਤੇ ਇਕ ਦੂਜੇ ਨਾਲ ਜੁੜੀਆਂ ਹੋਰ ਦੂਜੀਆਂ ਮਾਰਕੀਟਾਂ ਇਸ ਮੰਦੀ ਦੀ ਮਾਰ ਝੱਲ ਰਹੀਆਂ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਇਸ ਸੰਕਟ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਹੋਲਸੇਲ ਕਲਾਥ ਮਾਰਕੀਟ ਐਸੋਸੀਏਸ਼ਨ, ਅੰਬਾਲਾ ਇਲੈਕਟ੍ਰੀਕਲ ਡੀਲਰਜ਼ ਐਸੋਸੀਏਸ਼ਨ, ਸਰਾਫ਼ਾ ਐਸੋਸੀਏਸ਼ਨ, ਹੋਲਸੇਲ ਜਨਰਲ ਮਰਚੈਂਟ ਡੀਲਰ ਐਸੋਸੀਏਸ਼ਨ, ਟਰਾਂਸਪੋਰਟ ਐਸੋਸੀਏਸ਼ਨ, ਮਿਕਸੀ ਐਸੋਸੀਏਸ਼ਨ, ਹੋਲਸੇਲ ਟੈਕਸਟਾਈਲ ਮਾਰਕੀਟ, ਸੁਪਰ ਆਦਰਸ਼ ਮਾਰਕੀਟ ਆਦਿ ਦੇ ਆਗੂ ਮੌਜੂਦ ਸਨ।