ਕਾਰੋਬਾਰੀ ਸ਼ੱਕੀ ਹਾਲਤ ਵਿੱਚ ਲਾਪਤਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਗਸਤ
ਆਪਣੇ ਘਰ ਤੋਂ ਫੈਕਟਰੀ ਖੋਲ੍ਹ ਕੇ ਰਾਤ ਦੀ ਸ਼ਿਫਟ ਲਾਉਣ ਵਾਲੇ ਕਾਰੀਗਰਾਂ ਨੂੰ ਛੁੱਟੀ ਦੇਣ ਗਿਆ ਇੱਕ ਕਾਰੋਬਾਰੀ ਸ਼ੱਕੀ ਹਾਲਤ ’ਚ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਕ ਨਿਊ ਹਰਗੋਬਿੰਦ ਨਗਰ ਇਲਾਕੇ ’ਚ ਰਹਿਣ ਵਾਲਾ ਹੌਜ਼ਰੀ ਕਾਰੋਬਾਰੀ ਸਾਜਨ ਮਲਹੋਤਰਾ ਸ਼ੁੱਕਰਵਾਰ ਨੂੰ ਗਣੇਸ਼ ਨਗਰ ਇਲਾਕੇ ’ਚ ਸਥਿਤ ਫੈਕਟਰੀ ’ਚ ਗਿਆ ਸੀ, ਪਰ ਘਰ ਨਹੀਂ ਪਰਤਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦੇ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਬੰਦ ਸੀ। ਰਿਸ਼ਤੇਦਾਰਾਂ ਅਤੇ ਸਾਜਨ ਦੇ ਦੋਸਤਾਂ ਨਾਲ ਸੰਪਰਕ ਕਰਨ ਤੋਂ ਬਾਅਦ ਜਦੋਂ ਉਹ ਨਹੀਂ ਮਿਲਿਆ ਤਾਂ ਪਰਿਵਾਰ ਨੇ ਥਾਣਾ ਡਿਵੀਜ਼ਨ 3 ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲੀਸ ਨੇ ਸਾਜਨ ਦੇ ਪਿਤਾ ਅਨਿਲ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਗੱਲ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਸਾਜਨ ਨੂੰ ਕਿਸੇ ਨੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ।
ਸਾਜਨ ਦੇ ਪਿਤਾ ਅਨਿਲ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦੀ ਗਣੇਸ਼ ਨਗਰ ਇਲਾਕੇ ਵਿੱਚ ਹੌਜ਼ਰੀ ਦੀ ਫੈਕਟਰੀ ਹੈ। ਵੀਰਵਾਰ ਨੂੰ ਰਾਤ ਦੀ ਡਿਊਟੀ ’ਤੇ ਕੁਝ ਕਾਰੀਗਰਾਂ ਨੇ ਸਾਮਾਨ ਤਿਆਰ ਕਰ ਲਿਆ ਸੀ ਅਤੇ ਸ਼ੁੱਕਰਵਾਰ ਸਵੇਰੇ ਸਾਜਨ ਘਰ ਤੋਂ ਫੈਕਟਰੀ ਗਿਆ ਸੀ। ਸਵੇਰੇ ਕਰੀਬ 8.30 ਵਜੇ ਉਹ ਤਾਲਾ ਖੋਲ੍ਹ ਕੇ ਕਾਰੀਗਰਾਂ ਨੂੰ ਛੱਡਣ ਗਿਆ ਤੇ ਜਦੋਂ 12 ਵਜੇ ਤੱਕ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੇ ਮੋਬਾਈਲ ’ਤੇ ਸੰਪਰਕ ਕੀਤਾ, ਪਰ ਉਹ ਬੰਦ ਸੀ। ਦੇਰ ਰਾਤ ਤੱਕ ਪਰਿਵਾਰਕ ਮੈਂਬਰਾਂ ਨੇ ਸਾਰੇ ਰਿਸ਼ਤੇਦਾਰਾਂ ਦੇ ਘਰਾਂ ’ਚ ਵੀ ਪਤਾ ਕੀਤਾ, ਪਰ ਉਸ ਦਾ ਕਿਤੇ ਵੀ ਕੋਈ ਸੁਰਾਗ ਨਹੀਂ ਮਿਲਿਆ। ਕੁਝ ਸ਼ੱਕੀ ਮੋਬਾਈਲ ਨੰਬਰ ਮਿਲੇ ਹਨ, ਜਿਨ੍ਹਾਂ ’ਤੇ ਉਹ ਵੱਡੇ ਪੱਧਰ ’ਤੇ ਗੱਲਬਾਤ ਕਰਦਾ ਸੀ। ਉਨ੍ਹਾਂ ਨੰਬਰਾਂ ਨੂੰ ਟਰੇਸ ਕਰਨ ਲਈ ਪੁਲੀਸ ਨੂੰ ਦੇ ਦਿੱਤਾ ਗਿਆ ਹੈ। ਅਨਿਲ ਕੁਮਾਰ ਅਨੁਸਾਰ ਉਸ ਨੂੰ ਟਰਾਂਸਪੋਰਟ ਨਗਰ ਨੇੜੇ ਲੱਗੇ ਸੀ.ਸੀ.ਟੀ.ਵੀ. ਵਿੱਚ ਦੇਖਿਆ ਗਿਆ ਸੀ। ਪਰਿਵਾਰ ਮੁਤਾਬਕ ਉਨ੍ਹਾਂ ਦਾ ਲੜਕਾ ਔਰਤਾਂ ਦੇ ਸਵੈਟਰ ਬਣਾਉਣ ਦਾ ਕੰਮ ਕਰਦਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਏਸੀਪੀ ਕੇਂਦਰੀ ਆਕਰਸ਼ੀ ਜੈਨ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।