For the best experience, open
https://m.punjabitribuneonline.com
on your mobile browser.
Advertisement

ਵਪਾਰ

09:09 AM Mar 14, 2024 IST
ਵਪਾਰ
Advertisement

ਜੀਤ ਹਰਜੀਤ

Advertisement

‘‘ਯਾਰ ਜੀਤਿਆ... ਇਹ ਮਹਾਜਨਾਂ ਨੇ ਬੜਾ ਦੁਖੀ ਕੀਤਾ ਪਿਆ। ਨਿੱਤ ਨਵੀਂ ਤੋਂ ਨਵੀਂ ਚੀਜ਼ ਲਿਆ ਦਿੰਦੇ ਨੇ ਆਪਣੇ ਜਵਾਕਾਂ ਨੂੰ। ਇਹੋ ਜਿਹੇ ਚੋਚਲੇ ਦੇ ਜਵਾਕ ਨੇ, ਅੰਦਰ ਬੈਠ ਕੇ ਖੇਡ ਲਿਆ ਕਰਨ। ਬਾਹਰ ਰੀਸਾਂ ਲਾਉਂਦੇ ਫਿਰਦੇ ਨੇ ਸਾਡੇ ਆਲਿਆਂ ਨੂੰ।’’ ਦੀਪੇ ਨੇ ਆਪਣੇ ਯੂਨੀਵਰਸਿਟੀ ਪੜ੍ਹਦੇ ਭਤੀਜੇ ਨਾਲ ਆਪਣਾ ਦੁੱਖ ਫਰੋਲਿਆ। ‘‘ਓ ਚਾਚਾ... ਭੋਲਾ ਏਂ ਤੂੰ। ਇਹ ਕਾਰਪੋਰੇਟ ਜਗਤ ਦੇ ਫਾਰਮੂਲੇ ਤੈਨੂੰ ਕਿੱਥੇ ਸਮਝ ਆਉਣੇ ਨੇ? ਇਹ ਪਾਗਲ ਨਹੀਂ ਜਿਹੜਾ ਆਪਣੇ ਬੱਚਿਆਂ ਨੂੰ ਨਵੀਆਂ ਤੋਂ ਨਵੀਆਂ ਖੇਡਾਂ ਅਤੇ ਖਾਣ ਵਾਲੀਆਂ ਚੀਜ਼ਾਂ ਲਿਆ ਕੇ ਦਿੰਦੇ ਨੇ। ਨਾਲੇ ਕਦੇ ਸੁਣਿਆ ਲਾਲਾ ਕੋਈ ਘਾਟੇ ਦਾ ਸੌਦਾ ਕਰਦਾ ਹੋਵੇ। ਇਹ ਤਾਂ ਚਾਚਾ ਮੰਡੀ ਬਣਾਉਣ ਦਾ ਤਰੀਕਾ ਹੁੰਦੈ। ਦੇਸ਼ ’ਤੇ ਰਾਜ ਕਰਨ ਵਾਲੇ ਵੱਡੇ ਘਰਾਣੇ ਐਦਾਂ ਹੀ ਤਾਂ ਕਰਦੇ ਆਏ ਨੇ।’’ ਦੀਪੇ ਨੂੰ ਪਹਿਲਾਂ ਤਾਂ ਜੀਤੇ ਦੀ ਕਹੀ ਗੱਲ ਸਮਝ ਨਾ ਆਈ। ਥੋੜ੍ਹਾ ਗੌਰ ਨਾਲ ਸੋਚਣ ’ਤੇ ਉਸ ਨੂੰ ਮਹਿਸੂਸ ਹੋਇਆ ਜਿਵੇਂ ਇਨ੍ਹਾਂ ਫਾਰਮੂਲਿਆਂ ਨਾਲ ਪੂਰਾ ਦੇਸ਼ ਲੁੱਟਿਆ ਜਾ ਰਿਹਾ ਹੋਵੇ।
ਸੰਪਰਕ: 98146-34446
* * *

Advertisement

ਕੌਣ ਦਿਲਾਂ ਦੀਆਂ ਜਾਣੇ!

ਡਾ. ਪ੍ਰਦੀਪ ਕੌੜਾ

‘‘ਜਗਜੀਤ, ਤੂੰ ਕਿਹੜੀ ਸਬਜ਼ੀ ਲੈ ਕੇ ਆਇਆ ਏਂ ਬਈ?’’
‘‘ਜੀ ਮਟਰ ਮਸ਼ਰੂਮ।’’
‘‘ਵਾਹ ਵਾਹ! ਮਟਰ ਮਸ਼ਰੂਮ ਵਿਟਾਮਿਨ ਅਤੇ ਪ੍ਰੋਟੀਨ ਭਰਪੂਰ ਹੁੰਦੇ ਹਨ।
ਸਾਡੇ ਸਰੀਰ ਨੂੰ ਦਿਨ ਭਰ ਦੇ ਕੰਮਾਂ ਲਈ ਸ਼ਕਤੀ ਅਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਰੋਟੀ ਅਤੇ ਸਬਜ਼ੀਆਂ ਤੋਂ ਵਿਟਾਮਿਨ, ਪ੍ਰੋਟੀਨ, ਖਣਿਜ ਅਤੇ ਲੋਹਾ ਆਦਿ ਦੇ ਰੂਪ ਵਿੱਚ ਮਿਲਦੀ ਹੈ। ਇਸ ਕਰਕੇ ਸਾਨੂੰ ਦਾਲਾਂ ਅਤੇ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਬੱਚਿਓ! ਤੁਸੀਂ ਇੰਜ ਕਰਿਆ ਕਰੋ, ਚਾਰ-ਚਾਰ... ਪੰਜ-ਪੰਜ ਬੱਚੇ ਇਕੱਠੇ ਰੋਟੀ ਖਾਇਆ ਕਰੋ। ਇਸ ਤਰ੍ਹਾਂ ਤੁਹਾਡੇ ਸਰੀਰ ਨੂੰ ਚਾਰ-ਪੰਜ ਸਬਜ਼ੀਆਂ ’ਚੋਂ ਸਾਰੇ ਵਿਟਾਮਿਨ ਮਿਲ ਜਾਇਆ ਕਰਨਗੇ ਅਤੇ ਤੁਸੀਂ ਉਮਰ ਭਰ ਤੰਦਰੁਸਤ ਰਹੋਗੇ।’’
ਜਿਉਂ-ਜਿਉਂ ਮਾਸਟਰ ਜੀ ਇੱਕ-ਇੱਕ ਬੱਚੇ ਦੀ ਲਿਆਂਦੀ ਰੋਟੀ-ਸਬਜ਼ੀ ਬਾਰੇ ਪੁੱਛਦੇ ਅਤੇ ਨਾਲ-ਨਾਲ ਉਸ ਵਿੱਚ ਸੰਤੁਲਿਤ ਤੱਤਾਂ ਬਾਰੇ ਦੱਸਦੇ ਅੱਗੇ ਵਧਦੇ ਜਾ ਰਹੇ ਸਨ, ਉਵੇਂ-ਉਵੇਂ ਕਤਾਰ ਦੇ ਬਿਲਕੁਲ ਅਖੀਰ ’ਤੇ ਬੈਠੇ ਦੀਪੇ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ।
ਇਸ ਤੋਂ ਪਹਿਲਾਂ ਕਿ ਦੀਪੇ ਦੀ ਵਾਰੀ ਆਉਂਦੀ ਅੱਧੀ ਛੁੱਟੀ ਦੀ ਘੰਟੀ ਵੱਜ ਗਈ। ਮਾਸਟਰ ਜੀ ਦੇ ਦੱਸੇ ਅਨੁਸਾਰ ਸਾਰੇ ਬੱਚੇ ਚਾਰ-ਚਾਰ ਪੰਜ-ਪੰਜ ਦੇ ਗਰੁੱਪਾਂ ਵਿੱਚ ਬੈਠ ਕੇ ਰੋਟੀ ਖਾਣ ਦੀ ਤਿਆਰੀ ਕਰਨ ਲੱਗੇ। ਦੀਪਾ ਵੀ ਪੋਣੇ ਵਿੱਚੋਂ ਮਿਰਚਾਂ ਦੀ ਚਟਣੀ ਨਾਲ ਲਬਿੜੀਆਂ ਦੋ ਰੋਟੀਆਂ ਲੈ ਕੇ ਕਿਸੇ ਗਰੁੱਪ ਵੱਲ ਵਧਣ ਲੱਗਦਿਆਂ ਹੀ ਉਸ ਨੂੰ ਚੇਤਾ ਆਇਆ ਕਿ ‘ਮਾਸਟਰ ਜੀ ਨੇ ਦੱਸਿਆ ਹੀ ਨਹੀਂ ਕਿ ਚਟਣੀ ਵਿੱਚ ਕੋਈ ਵਿਟਾਮਿਨ, ਪ੍ਰੋਟੀਨ ਜਾਂ ਖਣਿਜ ਹੁੰਦਾ ਹੈ! ਫਿਰ ਉਸ ਨੂੰ ਕੋਈ ਆਪਣੇ ਨਾਲ ਰੋਟੀ ਕਿਉਂ ਖੁਆਏਗਾ?’ ਇਹ ਸੋਚਦਿਆਂ ਹੀ ਉਹ ਰੋਟੀ ਖਾਣ ਲਈ ਕਲਾਸ ਦੇ ਇੱਕ ਕੋਨੇ ਵਿੱਚ ਜਾ ਬੈਠਿਆ।
ਸੰਪਰਕ: 98156-64444
* * *

ਕਰਮਾਂ ਵਾਲੀ ਕੋਠੀ

ਬਰਜਿੰਦਰ ਕੌਰ ਬਿਸਰਾਓ

ਪ੍ਰਗਟ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਨੇ ਪੜ੍ਹਦੇ ਪੜ੍ਹਦੇ ਨੇ ਹੀ ਆਪਣੇ ਬਾਪੂ ਨਾਲ ਖੇਤੀਬਾੜੀ ਦਾ ਕੰਮ ਸੰਭਾਲ ਲਿਆ ਕਿਉਂਕਿ ਜ਼ਮੀਨ ਜ਼ਿਆਦਾ ਸੀ। ਉਹ ਪਿੰਡ ਵਿੱਚ ਪੁਰਾਣੇ ਘਰ ਵਿੱਚ ਹੀ ਰਹਿੰਦੇ ਸਨ। ਕਈ ਵਾਰ ਨਵਾਂ ਘਰ ਬਣਾਉਣ ਦੀ ਸਲਾਹ ਕਰਦੇ ਪਰ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ। ਪਹਿਲਾਂ ਇਸ ਦਾ ਵਿਆਹ ਕਰਨ ਕਰਕੇ ਨਵੇਂ ਘਰ ਦੀ ਉਸਾਰੀ ਦਾ ਮੁੱਢ ਨਾ ਬੰਨ੍ਹਿਆ, ਫੇਰ ਅੱਗੜ-ਪਿੱਛੜ ਕੁੜੀਆਂ ਲਈ ਵਧੀਆ ਬਾਹਰਲੇ ਮੁੰਡੇ ਮਿਲ ਗਏ, ਉਨ੍ਹਾਂ ਦੇ ਵਿਆਹਾਂ ਕਾਰਨ ਇਸ ਕੰਮ ਨੂੰ ਹੱਥ ਨਾ ਪਿਆ। ਫਿਰ ਉਸ ਦੇ ਬੇਬੇ ਬਾਪੂ ਬਿਮਾਰ ਰਹਿਣ ਲੱਗੇ। ਉਨ੍ਹਾਂ ਦੀ ਸਾਂਭ ਸੰਭਾਲ ਤੇ ਦਵਾਈ ਬੂਟੀ ਕਰਦਿਆਂ ਨਵੀਂ ਕੋਠੀ ਬਣਾਉਣ ਦੀ ਰੀਝ ਮਨ ਵਿੱਚ ਹੀ ਰਹਿੰਦੀ। ਹੁਣ ਪ੍ਰਗਟ ਸਿੰਘ ਦਾ ਵੱਡਾ ਮੁੰਡਾ ਨੌਂ ਸਾਲ ਦਾ ਹੋ ਗਿਆ ਸੀ ਤੇ ਕੁੜੀ ਸੱਤਵੇਂ ਸਾਲ ਵਿੱਚ ਸੀ। ਬੇਬੇ ਬਾਪੂ ਛੇ ਮਹੀਨੇ ਦੇ ਫ਼ਰਕ ਨਾਲ ਦੁਨੀਆ ਤੋਂ ਤੁਰ ਗਏ। ਪਿੱਛੇ ਪ੍ਰਗਟ ਲਈ ਇੰਨੀ ਜ਼ਮੀਨ ਜਾਇਦਾਦ ਛੱਡ ਕੇ ਗਏ ਸਨ ਕਿ ਉਨ੍ਹਾਂ ਦਾ ਮਰਨਾ ਵੀ ਖ਼ੂਬ ਖ਼ਰਚ ਕਰਕੇ ਕੀਤਾ। ਪ੍ਰਗਟ ਦੀ ਬੇਬੇ ਬਾਪੂ ਤੋਂ ਛੇ ਕੁ ਮਹੀਨੇ ਪਹਿਲਾਂ ਪੂਰੀ ਹੋ ਗਈ ਸੀ। ਉਦੋਂ ਪ੍ਰਗਟ ਦੀ ਪਤਨੀ ਨਿਮਰਤ ਨੇ ਆਪਣੀਆਂ ਨਣਦਾਂ ਨਾਲ ਨਵੀਂ ਕੋਠੀ ਬਣਾਉਣ ਦੀ ਗੱਲ ਕਰਦੀ ਨੇ ਆਖਿਆ ਸੀ, ‘‘ਭੈਣ ਜੀ... ਰੱਬ ਸੁੱਖ ਰੱਖੇ... ਹੁਣ ਜਦ ਅਗਲੀ ਵਾਰ ਤੁਸੀਂ ਬਾਹਰੋਂ ਆਵੋਗੀਆਂ ਤਾਂ ਆਪਾਂ ਨੇ ਵੱਡੀ ਨਵੀਂ ਕੋਠੀ ਬਣਾ ਹੀ ਲੈਣੀ ਐ। ਜਦ ਸਾਨੂੰ ਪੁਰਾਣੇ ਘਰ ਵਿੱਚ ਰਹਿਣਾ ਔਖਾ ਲੱਗਦੈ ਤਾਂ ਤੁਹਾਨੂੰ ਬਾਹਰੋਂ ਆ ਕੇ ਕਿੰਨਾ ਔਖਾ ਲੱਗਦਾ ਹੋਊ...!’’
‘‘ਹਾਂ ਭਾਬੀ... ਚਾਹੇ ਅਸੀਂ ਇੱਥੇ ਈ ਜੰਮੀਆਂ ਪਲੀਆਂ ਪਰ ਹੁਣ ਬਾਹਰ ਵਾਲੀਆਂ ਸੁਖ ਸਹੂਲਤਾਂ ਦੇ ਹਿਸਾਬ ਨਾਲ ਰਹਿਣ ਦੀ ਆਦਤ ਪੈਗੀ। ਹੁਣ ਔਖਾ ਲੱਗਦਾ ਪੁਰਾਣੇ ਘਰ ਵਿੱਚ ਰਹਿਣਾ। ਬੀਬੀ ਦਾ ਵਰ੍ਹੀਨਾ ਕਰਕੇ ਸ਼ੁਰੂ ਕਰ ਲਿਓ...!’’ ਛੋਟੀ ਕੁੜੀ ਨੇ ਆਪਣੀ ਭਾਬੀ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ। ਉਨ੍ਹਾਂ ਨੂੰ ਕੀ ਪਤਾ ਸੀ ਕਿ ਜਦ ਤੱਕ ਉਹ ਨਵੀਂ ਕੋਠੀ ਬਣਾਉਣ ਦੀ ਸਲਾਹ ਕਰਦੇ ਨੇ... ਉਦੋਂ ਤੱਕ ਬਾਪੂ ਵੀ ਵੱਧ ਬਿਮਾਰ ਰਹਿ ਕੇ ਛੇ ਮਹੀਨੇ ਬਾਅਦ ਹੀ ਸੰਸਾਰ ਤੋਂ ਤੁਰ ਜਾਵੇਗਾ।
ਬਾਪੂ ਦੇ ਭੋਗ ’ਤੇ ਆਈਆਂ ਕੁੜੀਆਂ ਨੇ ਇਸ ਵਾਰ ਆਪਣੇ ਭਰਾ ਭਰਜਾਈ ਨੂੰ ਸਲਾਹ ਦਿੱਤੀ, ‘‘ਵੀਰੇ... ਕੀ ਤੂੰ ਸਾਰਾ ਦਿਨ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦੈਂ ਤੇ ਭਾਬੀ ਵਿਚਾਰੀ ਤੋਂ ਸਾਰਾ ਦਿਨ ਚੌਂਕਾ ਚੁੱਲ੍ਹਾ ਨੀ ਨਬਿੜਦਾ...। ਨਿਆਣੇ ਅੱਡ ਰੁਲੇ ਰਹਿੰਦੇ ਨੇ। ਹੁਣ ਬੇਬੇ ਬਾਪੂ ਦਾ ਵੀ ਸਹਾਰਾ ਨੀ ਰਿਹਾ। ਅਸੀਂ ਤਾਂ ਚਾਹੁੰਦੀਆਂ... ਨਵੀਂ ਕੋਠੀ ਬਣਾਉਣ ਦਾ ਖਹਿੜਾ ਛੱਡ। ਤੂੰ ਟੱਬਰ ਸਮੇਤ ਕਨੇਡਾ ਦੀ ਫਾਈਲ ਲਾ ਦੇ ਤੇ ਜ਼ਮੀਨ ਠੇਕੇ ’ਤੇ ਦੇ ਦੇ...!’’ ਵੱਡੀ ਭੈਣ ਨੇ ਦੋਵੇਂ ਭੈਣਾਂ ਦੇ ਦਿਲ ਦੀ ਗੱਲ ਆਖੀ। ਉਨ੍ਹਾਂ ਦੀ ਇਹ ਗੱਲ ਪ੍ਰਗਟ ਤੇ ਨਿਮਰਤ ਦੇ ਦਿਲ ਲੱਗੀ।
ਉਨ੍ਹਾਂ ਨੇ ਦੋ ਕੁ ਮਹੀਨੇ ਰੁਕ ਕੇ ਆਪਣੇ ਅਤੇ ਜਵਾਕਾਂ ਦੇ ਕਾਗਜ਼ ਪੱਤਰ ਭਰ ਕੇ ਪਰਿਵਾਰ ਸਮੇਤ ਕੈਨੇਡਾ ਦੀ ਫਾਈਲ ਲਾ ਦਿੱਤੀ ਪਰ ਉਨ੍ਹਾਂ ਦਾ ਵੀਜ਼ਾ ਨਾ ਲੱਗਿਆ। ਉਹ ਬਹੁਤ ਨਿਰਾਸ਼ ਹੋਏ। ਫਿਰ ਨਿਮਰਤ ਨੇ ਪ੍ਰਗਟ ਨੂੰ ਆਖਿਆ ਕਿ ਹੁਣ ਤਾਂ ਰੱਬ ਦਾ ਨਾਂ ਲੈ ਕੇ ਨਵੀਂ ਕੋਠੀ ਬਣਾਉਣੀ ਸ਼ੁਰੂ ਕਰ ਹੀ ਲਵੇ। ਪਿੰਡ ਵਿੱਚ ਦੋ ਦੋ ਕਿੱਲੇ ਜ਼ਮੀਨ ਵਾਲਿਆਂ ਨੇ ਵੀ ਨਵੀਆਂ ਕੋਠੀਆਂ ਉਸਾਰ ਲਈਆਂ ਸਨ। ਪ੍ਰਗਟ ਨੇ ਵੀ ਪਿੰਡ ਦੀ ਫਿਰਨੀ ’ਤੇ ਲੱਗਦੀ ਜ਼ਮੀਨ ਵਿੱਚ ਅੱਧੇ ਕੁ ਕਿੱਲੇ ਨੂੰ ਵਗਲ਼ ਕੇ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ। ਕੋਠੀ ਦੀਆਂ ਨੀਹਾਂ ਦੀ ਚਿਣਾਈ ਕਰਕੇ ਬਾਕੀ ਦੀਵਾਰਾਂ ਦੀ ਵੀ ਚਾਰ ਚਾਰ ਫੁੱਟ ਚਿਣਾਈ ਹੋ ਗਈ ਸੀ। ਨਿਮਰਤ ਨੂੰ ਉਸ ਦੀ ਛੋਟੀ ਨਣਦ ਦਾ ਫ਼ੋਨ ਆਇਆ ਜੋ ਇੰਗਲੈਂਡ ਵਿੱਚ ਰਹਿੰਦੀ ਸੀ। ਉਹ ਆਖਣ ਲੱਗੀ, ‘‘ਭਾਬੀ... ਮੈਂ ਥੋਡੀ ਸਾਰੇ ਟੱਬਰ ਦੀ ਰਾਹਦਾਰੀ ਭੇਜਣ ਲੱਗੀ ਹਾਂ। ਤੁਸੀਂ ਆਪਣੇ ਕਾਗਜ਼ ਭਰ ਦਿਓ ਤੇ ਮੇਰੇ ਕੋਲ ਦੋ ਮਹੀਨੇ ਲਾ ਜਾਓ। ਇਹਦੇ ਨਾਲ ਤੁਹਾਡਾ ਬਾਹਰ ਜਾਣ ਦਾ ਰਾਹ ਖੁੱਲ੍ਹ ਜਾਵੇਗਾ!’’ ਨਿਮਰਤ ਤੇ ਪ੍ਰਗਟ ਨੇ ਉਸ ਦੀ ਸਲਾਹ ਮੁਤਾਬਿਕ ਉਵੇਂ ਹੀ ਕੀਤਾ। ਜਿਸ ਦਿਨ ਕੋਠੀ ਦਾ ਲੈਂਟਰ ਪੈਣਾ ਸੀ.... ਉਸ ਦਿਨ ਉਨ੍ਹਾਂ ਦਾ ਸਾਰੇ ਟੱਬਰ ਦਾ ਇੰਗਲੈਂਡ ਦਾ ਵੀਜ਼ਾ ਲੱਗ ਕੇ ਆ ਗਿਆ। ਸਾਰੇ ਟੱਬਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਕੋਠੀ ਦਾ ਲੈਂਟਰ ਪੁਆ ਕੇ ਤੇ ਅੰਦਰੋਂ ਪਲਸਤਰ ਕਰਵਾ ਕੇ ਸਾਰਾ ਟੱਬਰ ਦੋ ਮਹੀਨੇ ਲਈ ਛੋਟੀ ਕੁੜੀ ਕੋਲ ਇੰਗਲੈਂਡ ਚਲੇ ਗਏ।
ਦੋ ਮਹੀਨੇ ਬਾਅਦ ਵਾਪਸ ਆ ਕੇ ਨਵੀਂ ਕੋਠੀ ਦਾ ਕੰਮ ਫਿਰ ਸ਼ੁਰੂ ਕਰਵਾ ਦਿੱਤਾ। ਨਾਲ ਹੀ ਉਨ੍ਹਾਂ ਨੇ ਫਿਰ ਕੈਨੇਡਾ ਜਾਣ ਲਈ ਅਪਲਾਈ ਕਰ ਦਿੱਤਾ। ਹਾਲੇ ਕੋਠੀ ਦਾ ਕੰਮ ਬਾਹਰੋਂ ਪੂਰਾ ਵੀ ਨਹੀਂ ਹੋਇਆ ਸੀ ਤੇ ਰੰਗ ਰੋਗਨ ਵੀ ਰਹਿੰਦਾ ਸੀ ਉਨ੍ਹਾਂ ਨੇ ਪਾਠ ਕਰਵਾ ਕੇ ਪੁਰਾਣੇ ਘਰ ਵਿੱਚੋਂ ਸਾਮਾਨ ਨਵੀਂ ਕੋਠੀ ਵਿੱਚ ਸ਼ਿਫਟ ਕਰ ਲਿਆ। ਨਵੀਂ ਕੋਠੀ ਵਿੱਚ ਆਇਆਂ ਦੋ ਦਿਨ ਹੀ ਹੋਏ ਸਨ ਕਿ ਸਾਰੇ ਟੱਬਰ ਦਾ ਕੈਨੇਡਾ ਦਾ ਵੀਜ਼ਾ ਲੱਗ ਕੇ ਆ ਗਿਆ। ਉਨ੍ਹਾਂ ਨੂੰ ਪਿੰਡ ਦੇ ਲੋਕ ਵਧਾਈਆਂ ਦੇਣ ਆਉਣ ਲੱਗੇ। ਉਹ ਸਾਰਾ ਟੱਬਰ ਦੋ ਕੁ ਮਹੀਨਿਆਂ ਵਿੱਚ ਬਾਹਰ ਚਲਿਆ ਗਿਆ। ਨਿਮਰਤ ਤਾਂ ਬੱਚਿਆਂ ਨਾਲ ਉੱਥੇ ਹੀ ਪੱਕੇ ਤੌਰ ’ਤੇ ਰਹਿਣ ਲੱਗ ਪਈ ਜਦੋਂਕਿ ਪ੍ਰਗਟ ਕਦੇ ਸਾਲ ਛੇ ਮਹੀਨੇ ਬਾਅਦ ਆ ਕੇ ਦੋ ਚਾਰ ਮਹੀਨੇ ਰਹਿ ਜਾਂਦਾ।
ਸੜਕ ਤੋਂ ਲੰਘੀਆਂ ਜਾਂਦੀਆਂ ਬੁੜੀਆਂ ਅਕਸਰ ਕੋਠੀ ਵੱਲ ਵੇਖ ਕੇ ਉਨ੍ਹਾਂ ਦੀ ਕੋਈ ਨਾ ਕੋਈ ਗੱਲ ਛੇੜ ਲੈਂਦੀਆਂ ਤੇ ਵਿੱਚੋਂ ਕੋਈ ਨਾ ਕੋਈ ਆਖ ਈ ਦਿੰਦੀ, ‘‘...ਭਾਈ ...ਇਹ ਕੋਠੀ ਤਾਂ ਬਹੁਤ ਕਰਮਾਂ ਵਾਲੀ ਐ। ਜਦੋਂ ਦੀ ਬਣਨ ਲੱਗੀ ਉਦੋਂ ਦੇ ਤਾਂ ਉਨ੍ਹਾਂ ਦੇ ਸਾਰੇ ਟੱਬਰ ਦੇ ਵੀਜੇ ਈ ਲੱਗੀ ਗਏ। ਦੇਖ ਲੋ ਇਹ ਕੋਠੀ ਹੁਣ ਬਾਹਰ ਵਾਲਿਆਂ ਦੀ ਕੋਠੀ ਵੱਜਦੀ ਐ...!’’
ਕੋਠੀ ਬਿਨਾਂ ਰੰਗ ਰੋਗਨ ਤੋਂ ਅਧੂਰੀ ਖੜ੍ਹੀ ਇਸ ਤਰ੍ਹਾਂ ਜਾਪਦੀ ਜਿਵੇਂ ਆਖ ਰਹੀ ਹੋਵੇ, ‘‘...ਭੈਣੇ ... ਮੈਂ ਕਰਮਾਂ ਵਾਲੀ ਤਾਂ ਹੁੰਦੀ ... ਜੇ ਮੇਰੇ ਮਾਲਕ ਮੇਰੇ ਵਿੱਚ ਹੱਸਦੇ ਖੇਡਦੇ ਅੱਠੇ ਪਹਿਰ ਰੌਣਕਾਂ ਲਾ ਕੇ ਰੱਖਦੇ... ਵਧਦੇ ਫੁੱਲਦੇ... ਮੈਨੂੰ ਰੰਗ ਰੋਗਨ ਕਰਵਾ ਕੇ ਸ਼ਿੰਗਾਰਦੇ... ਛੋਟੇ ਛੋਟੇ ਬੱਚੇ ਆਪਣੇ ਸਾਥੀਆਂ ਨਾਲ ਮੇਰੇ ਵਿਹੜੇ ਵਿੱਚ ਲੁੱਡੀਆਂ ਪਾਉਂਦੇ... ਸਵੇਰੇ ਸਵੇਰੇ ਸਕੂਲ ਨੂੰ ਜਾਂਦੇ... ਸਾਰਾ ਦਿਨ ਮੇਰਾ ਵੱਡਾ ਸਾਰਾ ਗੇਟ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰਦਾ... ਰੋਜ਼ ਸ਼ਾਮ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੱਤੀਆਂ ਜਗਦੀਆਂ ਤੇ ਮੈਂ ਚਮਚਮ ਕਰਦੀ ਪਿੰਡ ਦਾ ਸ਼ਿੰਗਾਰ ਬਣਦੀ...। ਤੁਸੀਂ ਮੇਰਾ ਦਰਦ ਕੀ ਜਾਣੋਂ...! ਦਿਨ ਤਿਉਹਾਰ ਨੂੰ ਵੀ ਜਦ ਪਿੰਡ ਦੇ ਨਿੱਕੇ ਨਿੱਕੇ ਘਰ ਸਜੇ ਹੋਏ ਦਿਸਦੇ ਹਨ ਤੇ ਮੈਂ ਲਿੱਬੜੀ ਤਿੱਬੜੀ ਕਿੰਨੀ ਅਭਾਗਣ ਮਹਿਸੂਸ ਕਰਦੀ ਹਾਂ...!’’
ਸੰਪਰਕ: 99889-01324
* * *

ਘਰ-ਬਾਰ

ਮਹਿੰਦਰ ਸਿੰਘ ਮਾਨ

ਜਰਨੈਲ ਸਿੰਘ ਨੇ ਆਪਣੀ ਧੀ ਬਲਵਿੰਦਰ ਦੇ ਵਿਆਹ ਦਾ ਕਾਰਡ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ ਮੁਖੀ ਨੂੰ ਫੜਾਉਂਦਿਆਂ ਆਖਿਆ, ‘‘ਸਾਹਿਬ ਜੀ, ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ। ਮੈਂ ਸੋਚਿਆ, ਉਸ ਦੇ ਵਿਆਹ ਦਾ ਕਾਰਡ ਮੈਂ ਤੁਹਾਨੂੰ ਆਪ ਦੇ ਕੇ ਆਉਨਾ। ਉਹ ਤੁਹਾਡੇ ਸਕੂਲੋਂ ਪੜ੍ਹੀ ਜੁ ਹੋਈ।’’
ਵਿਆਹ ਦਾ ਕਾਰਡ ਲੈਂਦਿਆਂ ਸਕੂਲ ਮੁਖੀ ਨੇ ਜਰਨੈਲ ਸਿੰਘ ਨੂੰ ਪੁੱਛਿਆ, ‘‘ਮੁੰਡਾ ਕਿੰਨਾ ਕੁ ਪੜ੍ਹਿਆ ਹੋਇਐ ਤੇ ਕੰਮ ਕੀ ਕਰਦੈ?”
‘‘ਸਾਹਿਬ ਜੀ, ਮੁੰਡਾ ਦਸਵੀਂ ਪਾਸ ਐ। ਸੋਹਣਾ-ਸੁਨੱਖਾ, ਉੱਚਾ-ਲੰਮਾ ਐ। ਆਪਣੇ ਡੈਡੀ ਨਾਲ ਖੇਤੀ ਕਰਦੈ।’’
‘‘ਪਰ ਏਨੇ ਘੱਟ ਪੜ੍ਹੇ ਮੁੰਡੇ ਨਾਲ ਬਲਵਿੰਦਰ ਦਾ ਵਿਆਹ ਕਰਨ ਦੀ ਤੁਹਾਨੂੰ ਕੀ ਲੋੜ ਐ? ਨਾਲੇ ਕਹਿੰਦੇ, ਬਲਵਿੰਦਰ ਤਾਂ ਐੱਮ ਏ ਕਰਦੀ ਐ।’’
‘‘ਸਾਹਿਬ ਜੀ, ਮੁੰਡਾ ਪੜ੍ਹਿਆ ਚਾਹੇ ਘੱਟ ਐ, ਪਰ ਉਸ ਦਾ ਘਰ-ਬਾਰ ਬੜਾ ਚੰਗਾ ਐ। ਉਸ ਦੀਆਂ ਦੋ ਭੈਣਾਂ ਇਟਲੀ ’ਚ ਐ। ਮੁੰਡੇ ਦਾ ਇਟਲੀ ਜਾਣ ਦਾ ਤੁੱਕਾ ਲੱਗ ਸਕਦੈ। ਜੇ ਨਾ ਵੀ ਲੱਗੇ ਤਾਂ ਵੀ ਕੋਈ ਗੱਲ ਨਹੀਂ। ਮੁੰਡੇ ਦੇ ਹਿੱਸੇ ਪੂਰੇ ਦਸ ਕਿੱਲੇ ਜ਼ਮੀਨ ਦੇ ਆਉਂਦੇ ਐ। ਸਾਡੀ ਬਲਵਿੰਦਰ ਉਸ ਦੇ ਘਰ ਭੁੱਖੀ ਨੀ ਮਰਨ ਲੱਗੀ।’’ ਇਹ ਕਹਿ ਕੇ ਜਰਨੈਲ ਸਿੰਘ ਕਾਹਲੀ ਨਾਲ ਸਕੂਲ ਮੁਖੀ ਦੇ ਦਫ਼ਤਰ ਵਿੱਚੋਂ ਬਾਹਰ ਆ ਗਿਆ।
ਸੰਪਰਕ: 99158-03554

Advertisement
Author Image

joginder kumar

View all posts

Advertisement