ਰਣਨੀਤਕ ਲੋੜਾਂ ਨਾਲ ਮੇਲ ਖਾਣੇ ਚਾਹੀਦੇ ਨੇ ਵਣਜ ਵਿਚਾਰ: ਸੀਤਾਰਮਨ
ਨਵੀਂ ਦਿੱਲੀ, 11 ਦਸੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤੀ ਉਦਯੋਗਾਂ ਦੇ ਵਣਜ ਵਿਚਾਰ ਅਰਥਚਾਰੇ, ਦੇਸ਼ ਦੀਆਂ ਤਰਜੀਹਾਂ ਅਤੇ ਰਣਨੀਤਕ ਲੋੜਾਂ ਨਾਲ ਮੇਲ ਖਾਣੇ ਚਾਹੀਦੇ ਹਨ। ਉਦਯੋਗਾਂ ਨੂੰ ਪਿਛਲੇ ਇਕ ਦਹਾਕੇ ’ਚ ਸਿੱਖੇ ਸਬਕ ਦੇ ਆਧਾਰ ’ਤੇ ਖੁਦ ਨੂੰ ਬਦਲਣ ਦਾ ਸੱਦਾ ਦਿੰਦਿਆਂ ਸੀਤਾਰਮਨ ਨੇ ਕਿਹਾ ਕਿ ਸਪਲਾਈ ਚੇਨਾਂ ਵਿਆਪਕ ਹੋਣੀਆਂ ਚਾਹੀਦੀਆਂ ਹਨ, ਨਹੀਂ ਤਾਂ ਭੂ-ਸਿਆਸੀ ਜੋਖਮ ਉਸ ਦੀ ਰਾਹ ’ਚ ਅੜਿੱਕੇ ਖੜ੍ਹੇ ਕਰ ਸਕਦੇ ਹਨ। ਵਿੱਤ ਮੰਤਰੀ ਨੇ ਇਥੇ ਸੀਆਈਆਈ ਗਲੋਬਲ ਆਰਥਿਕ ਨੀਤੀ ਫੋਰਮ 2024 ਦੌਰਾਨ ਕਿਹਾ ਕਿ ਕਿਸਾਨ ਹੁਣ ਤਕਨਾਲੋਜੀ ਦੇ ਲਾਭ ਨਾਲ ਆਲਮੀ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਦੇ ਸਮਰੱਥ ਬਣ ਗਏ ਹਨ। ਉਨ੍ਹਾਂ ਕਿਹਾ ਕਿ ‘ਖੇਤੀ ਢਾਂਚੇ’ ਦੇ ਮਾਮਲੇ ’ਚ ਭਾਰਤ ਛੇਤੀ ਹੀ ਅਗਾਂਹ ਨਿਕਲੇਗਾ। ਸੀਤਾਰਮਨ ਨੇ ਕਿਹਾ ਕਿ ਦੁਨੀਆ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀ ਝਲਕ ਅਰਥਚਾਰੇ ’ਚ ਦਿਖਾਈ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਸਨਅਤਾਂ ਨੂੰ ਛੋਟੇ ਅਤੇ ਦਰਮਿਆਨੇ ਉੱਦਮਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਉਹ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਚ ਆਪਣਾ ਯੋਗਦਾਨ ਦਿੰਦਿਆਂ ਵੱਡੀਆਂ ਇਕਾਈਆਂ ਦੀ ਕਿਵੇਂ ਸਹਾਇਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਨਅਤਾਂ ਅਤੇ ਸਰਕਾਰਾਂ ਦੋਹਾਂ ਦੀ ਕੋਸ਼ਿਸ਼ ਆਲਮੀ ਸ਼ਾਂਤੀ ਅਤੇ ਆਮ ਹਾਲਾਤ ਬਹਾਲ ਰੱਖਣ ਦੀ ਹੋਣੀ ਚਾਹੀਦੀ ਹੈ। ਸੀਤਾਰਮਨ ਨੇ ਕਿਹਾ ਕਿ ਸਰਕਾਰ ਇਸ ਪ੍ਰਤੀ ਸੁਚੇਤ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ’ਤੇ ਕਰਜ਼ ਦਾ ਅਜਿਹਾ ਬੋਝ ਨਾ ਹੋਵੇ ਜਿਸ ਦਾ ਪ੍ਰਬੰਧਨ ਕਰਨਾ ਮੁਸ਼ਕਲ ਹੋਵੇ। -ਪੀਟੀਆਈ