ਕਟੜਾ ਵਿੱਚ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਚੌਥੇ ਦਿਨ ਕਾਰੋਬਾਰ ਬੰਦ
ਰਾਇਸੀ/ਜੰਮੂ, 28 ਦਸੰਬਰ
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ ਦੀਆਂ ਤ੍ਰਿਕੁਟਾ ਪਹਾੜੀਆਂ ’ਚ ਪ੍ਰਸਤਾਵਿਤ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਅੱਜ ਚੌਥੇ ਦਿਨ ਵੀ ਵਪਾਰਕ ਗਤੀਵਿਧੀਆਂ ਬੰਦ ਰਹੀਆਂ। ਪ੍ਰਦਰਸ਼ਨਕਾਰੀ ਕਟੜਾ ਵਿੱਚ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਲੋਕਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਹਨ। ਜੰਮੂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ (ਜੇਸੀਸੀਆਈ) ਨੇ ਸ੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਕਮੇਟੀ ਨੂੰ ਆਪਣਾ ਸਮਰਥਨ ਦਿੱਤਾ ਹੈ ਅਤੇ ਪ੍ਰਸ਼ਾਸਨ ਨੂੰ ਗੱਲਬਾਤ ਰਾਹੀਂ ਇਸ ਮੁੱਦੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ। ਸੰਘਰਸ਼ ਕਮੇਟੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਖੇਤਰ ਦੀਆਂ ਸਾਰੀਆਂ ਵਪਾਰਕ ਗਤੀਵਿਧੀਆਂ ਬੰਦ ਕਰਨ ਦਾ ਐਲਾਨ ਕੀਤਾ ਸੀ। ਸ਼ੁੱਕਰਵਾਰ ਰਾਤ ਨੂੰ ਸੰਘਰਸ਼ ਕਮੇਟੀ ਨੇ ਬੰਦ ਦੀ ਮਿਆਦ 72 ਘੰਟਿਆਂ ਲਈ ਵਧਾ ਦਿੱਤੀ ਸੀ। ਬੁੱਧਵਾਰ ਤੋਂ ਸਾਰੀਆਂ ਦੁਕਾਨਾਂ, ਰੇਸਤਰਾਂ ਅਤੇ ਵਪਾਰਕ ਅਦਾਰੇ ਬੰਦ ਹਨ। ਬੰਦ ਕਾਰਨ ਕਟੜਾ ’ਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਕਟੜਾ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕਰਨ ਆਉਂਦੇ ਹਨ। ਉਧਰ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਰੋਸ ਮਾਰਚ ਦੌਰਾਨ ਨਜ਼ਰਬੰਦ ਕੀਤੇ ਗਏ ਮੈਂਬਰਾਂ ਦੀ ਰਿਹਾਈ ਲਈ ਪੰਜ ਵਿਅਕਤੀ ਭੁੱਖ ਹੜਤਾਲ ’ਤੇ ਹਨ। -ਪੀਟੀਆਈ
ਉਪ ਮੁੱਖ ਮੰਤਰੀ ਵੱਲੋਂ ਰੋਪਵੇਅ ਬਣਾਉਣ ਦਾ ਫ਼ੈਸਲਾ ਗਲਤ ਕਰਾਰ
ਜੰਮੂ ਵਿੱਚ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਨੇ ਰੋਪਵੇਅ ਬਣਾਉਣ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਉਪ ਰਾਜਪਾਲ ਨੂੰ ਇਸ ਮੁੱਦੇ ਦੇ ਹੱਲ ਲਈ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਜੇ ਕਟੜਾ ਦੇ ਲੋਕ ਰੋਪਵੇਅ ਪ੍ਰੋਜੈਕਟ ਨਹੀਂ ਚਾਹੁੰਦੇ ਹਨ ਤਾਂ ਸ਼੍ਰਾਈਨ ਬੋਰਡ ਅਤੇ ਐੱਲਜੀ (ਉਪ ਰਾਜਪਾਲ) ਸਾਹਿਬ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ।’