ਤੰਗੌਰੀ ਤੋਂ ਪੀਜੀਆਈ ਲਈ ਹਰ ਪੱਚੀ ਮਿੰਟ ਬਾਅਦ ਚੱਲਣਗੀਆਂ ਬੱਸਾਂ
ਪੱਤਰ ਪ੍ਰੇਰਕ
ਬਨੂੜ, 16 ਜੁਲਾਈ
ਸੀਟੀਯੂ ਦੀਆਂ ਦੈੜੀ ਤੋਂ ਪੀਜੀਆਈ ਲਈ ਚੱਲਦੀਆਂ ਬੱਸਾਂ ਹੁਣ ਤੰਗੌਰੀ ਤੋਂ ਚੱਲਣਗੀਆਂ। ਰੂਟ ਨੰਬਰ 242 ਅਧੀਨ ਪਹਿਲਾਂ ਚੱਲਦੀਆਂ ਅੱਠ ਬੱਸਾਂ ਦੀ ਗਿਣਤੀ ਵਧਾ ਕੇ ਹੁਣ ਨੌਂ ਕਰ ਦਿੱਤੀ ਗਈ ਹੈ, ਜਿਸ ਵਿੱਚ ਪੰਜ ਏਸੀ ਅਤੇ ਚਾਰ ਨਾਨ-ਏਸੀ ਬੱਸਾਂ ਸ਼ਾਮਲ ਹਨ।
ਸੀਟੀਯੂ ਵੱਲੋਂ ਵਧਾਏ ਗਏ ਇਸ ਰੂਟ ਦਾ ਮਾਣਕਪੁਰ ਕੱਲਰ, ਤੰਗੌਰੀ, ਮੋਟੇਮਾਜਰਾ ਸਮੇਤ ਕਈਂ ਪਿੰਡਾਂ ਦੀਆਂ ਸਵਾਰੀਆਂ, ਪੀਜੀਆਈ ਜਾਂਦੇ ਮਰੀਜ਼ਾਂ, ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਭਾਰੀ ਲਾਭ ਮਿਲੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸੀਟੀਯੂ ਦੀ ਪਹਿਲੀ ਬੱਸ ਸਵੇਰੇ 6.15 ਵਜੇ ਤੰਗੌਰੀ ਤੋਂ ਤੁਰੇਗੀ ਅਤੇ 7.05 ਵਜੇ ਪੀਜੀਆਈ ਪਹੁੰਚ ਜਾਵੇਗੀ। ਇਸ ਮਗਰੋਂ ਹਰ 25 ਮਿੰਟ ਬਾਅਦ ਬੱਸ ਸਰਵਿਸ ਉਪਲਬੱਧ ਹੋਵੇਗੀ। ਤੰਗੌਰੀ ਤੋਂ ਆਖਰੀ ਬੱਸ ਰਾਤੀਂ 8.50 ਵਜੇ ਤੁਰੇਗੀ, ਜਿਹੜੀ ਕਿ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਅੱਡੇ ਤੱਕ ਹੀ ਜਾਵੇਗੀ। ਪੀਜੀਆਈ ਤੋਂ ਤੰਗੌਰੀ ਲਈ ਪਹਿਲੀ ਬੱਸ ਸਵੇਰੇ 5.20 ਤੋਂ ਆਰੰਭ ਹੋ ਜਾਵੇਗੀ। ਤੰਗੌਰੀ ਤੋਂ ਇਹ ਬੱਸ ਦੈੜੀ, ਸਨੇਟਾ, ਰਾਏਪੁਰ ਕਲਾਂ, ਲਾਂਡਰਾਂ, ਲਖਨੌਰ, ਸੋਹਾਣਾ, ਆਈਵੀ ਹਸਪਤਾਲ, ਤਿੰਨ-ਪੰਜ ਫੇਜ਼, ਸੈਕਟਰ 42 ਕਾਲਜ, ਸੈਕਟਰ 43 ਬੱਸ ਅੱਡਾ, ਸੈਕਟਰ 34/35, ਅਰੋਮਾ ਹੋਟਲ, ਸੈਕਟਰ 17 ਬੱਸ ਅੱਡਾ, ਸੈਕਟਰ 16 ਹਸਪਤਾਲ ਨੂੰ ਹੁੰਦੀ ਹੋਈ ਪੀਜੀਆਈ ਪਹੁੰਚੇਗੀ।
ਤੰਗੌਰੀ ਤੋਂ ਪੀਜੀਆਈ ਦੇ ਇਸ 36 ਕਿਲੋਮੀਟਰ ਲੰਮੇ ਰੂਟ ਦਾ ਏਸੀ ਬੱਸ ਦਾ ਕਿਰਾਇਆ 65 ਰੁਪਏ ਅਤੇ ਨਾਨ ਏਸੀ ਬੱਸ ਦਾ 50 ਰੁਪਏ ਹੋਵੇਗਾ।
ਇਸੇ ਦੌਰਾਨ ਅੱਜ ਸਵੇਰੇ ਤੰਗੌਰੀ ਤੋਂ ਪਹਿਲੀ ਬੱਸ ਦੀ ਆਰੰਭਤਾ ਮੌਕੇ ਪਿੰਡ ਮੋਟੇਮਾਜਰਾ ਅਤੇ ਤੰਗੌਰੀ ਦੇ ਵਸਨੀਕਾਂ ਨੇ ਬੱਸ ਦੇ ਡਰਾਈਵਰ-ਕੰਡਕਟਰ ਦਾ ਫੁੱਲਾਂ ਦੇ ਹਾਰ ਅਤੇ ਸਿਰੋਪੇ ਪਾ ਕੇ ਸਨਮਾਨ ਕੀਤਾ।
ਬੱਸ ਸਰਵਿਸ ਬਨੂੜ ਤੱਕ ਵਧਾਉਣ ਦੀ ਮੰਗ
ਅਕਾਲੀ ਦਲ ਦੇ ਆਗੂ ਸਾਧੂ ਸਿੰਘ ਖਲੌਰ, ਕਾਂਗਰਸ ਦੇ ਕੁਲਵਿੰਦਰ ਸਿੰਘ ਭੋਲਾ, ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਤੇ ਹੋਰਨਾਂ ਕਈਂ ਸ਼ਹਿਰ ਵਾਸੀਆਂ ਨੇ ਸੀਟੀਯੂ ਦੀ ਮੈਨੇਜਮੈਂਟ ਨੂੰ ਅਪੀਲ ਕੀਤੀ ਹੈ ਕਿ ਬੱਸ ਦਾ ਰੂਟ ਬਨੂੜ ਤੱਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤੰਗੌਰੀ ਤੋਂ ਬਨੂੜ ਮਸੀਂ ਚਾਰ ਕਿਲੋਮੀਟਰ ਦੂਰ ਹੈ ਤੇ ਬਨੂੜ ਤੋਂ ਪੀਜੀਆਈ ਨੂੰ ਬੱਸਾਂ ਚੱਲਣ ਨਾਲ ਦਰਜਨ ਤੋਂ ਵੱਧ ਪਿੰਡਾਂ ਦੀ ਸਵਾਰੀਆਂ ਨੂੰ ਫਾਇਦਾ ਹੋਵੇਗਾ ਅਤੇ ਸੀਟੀਯੂ ਦੀ ਆਮਦਨ ਵੀ ਵਧੇਗੀ।