ਸਿੱਧੀ ਟੱਕਰ ਮਗਰੋਂ ਬੱਸਾਂ ਨੂੰ ਲੱਗੀ ਅੱਗ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੂਨ
ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਦਿੱਲੀ ਦੇ ਜਨਕਪੁਰੀ ਖੇਤਰ ਵਿੱਚ ਪੰਖਾ ਰੋਡ ’ਤੇ ਦੋ ਬੱਸਾਂ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਅਨੁਸਾਰ ਜਨਕਪੁਰੀ ਖੇਤਰ ਵਿੱਚ ਪੰਖਾ ਰੋਡ ’ਤੇ ਅੱਜ ਦੋ ਬੱਸਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਮਗਰੋਂ ਅੱਗ ਵਾਲੀ ਥਾਂ ਨੂੰ ਠੰਢਾ ਕਰਨ ਦੀ ਕਾਰਵਾਈ ਜਾਰੀ ਸੀ। ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੋਵੇਂ ਬੱਸਾਂ ਆਹਮਣੇ ਸਾਹਮਣੇ ਟਕਰਾਈਆਂ ਅਤੇ ਫਿਰ ਇਨ੍ਹਾਂ ਵਿੱਚੋਂ ਅੱਗ ਭੜਕ ਉੱਠੀ। ਦੱਸਿਆ ਗਿਆ ਹੈ ਕਿ ਸਵਾਰੀਆਂ ਨੂੰ ਤੁਰੰਤ ਬੱਸਾਂ ਵਿੱਚੋਂ ਉਤਾਰਿਆ ਗਿਆ ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਇਰ ਬ੍ਰਿਗੇਡ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ ਅਤੇ ਅਮਲੇ ਨੇ ਆ ਕੇ ਦੋਵਾਂ ਬੱਸਾਂ ਦੀ ਅੱਗ ਬੁਝਾਈ। ਦੋਵਾਂ ਬੱਸਾਂ ਦੇ ਇੰਜਣ ਵਾਲੇ ਪਾਸੇ ਬੁਰੀ ਤਰ੍ਹਾਂ ਝੁਲਸ ਗਏ। ਬੱਸਾਂ ਦੀ ਅੱਗ ਭੜਕਣ ਤੋਂ ਬਾਅਦ ਪੰਖਾ ਰੋਡ ਦੀ ਟਰੈਫਿਕ ਨੂੰ ਹੋਰ ਪਾਸੇ ਬਦਲਣਾ ਪਿਆ ਜਿਸ ਨਾਲ ਕੁਝ ਦੇਰ ਲਈ ਟਰੈਫਿਕ ਵਿੱਚ ਵੀ ਵਿਘਨ ਪਿਆ। ਇਸ ਦੌਰਾਨ ਸਬੰਧਤ ਖੇਤਰ ਵਿੱਚ ਇੱਕ ਕਾਰ ਨੂੰ ਵੀ ਅੱਗ ਲੱਗ ਗਈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾ ਲਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।