ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਣ ਤੋਂ ਕੱਚੇ ਬੱਸ ਕਾਮੇ ਖਫ਼ਾ
ਸ਼ਗਨ ਕਟਾਰੀਆ
ਬਠਿੰਡਾ, 8 ਫਰਵਰੀ
ਪੀਆਰਟੀਸੀ/ਪਨਬੱਸ/ਪੰਜਾਬ ਰੋਡਵੇਜ਼ ਕੰਟਰੈਕਟ ਵਰਕਰਜ਼ ਯੂਨੀਅਨ ਨਾਲ ਮੁੱਖ ਮੰਤਰੀ ਦੀ ਅੱਜ ਲਈ ਤੈਅ ਮੀਟਿੰਗ ਕਿਸੇ ਕਾਰਨ ਨਾ ਹੋਣ ’ਤੇ ਕੱਚੇ ਬੱਸ ਮੁਲਾਜ਼ਮ ਫਿਰ ਖਫ਼ਾ ਹੋ ਗਏ। ਯੂਨੀਅਨ ਦੇ ਸੂਬਾਈ ਆਗੂਆਂ ਰੇਸ਼ਮ ਸਿੰਘ ਤੇ ਕੁਲਵੰਤ ਸਿੰਘ ਮਨੇਸ ਨੇ ਕਿਹਾ ਕਿ ਮੁੱਖ ਮੰਤਰੀ ਦੇ ਰੁਝੇਵੇਂ ਹੋਣ ਕਾਰਨ ਉਨ੍ਹਾਂ ਦੀ ਪਹਿਲਾਂ ਤੋਂ ਤੈਅਸ਼ੁਦਾ ਅੱਜ ਦੀ ਮੀਟਿੰਗ ਨਹੀਂ ਹੋ ਸਕੀ। ਆਗੂਆਂ ਨੇ ਕਿਹਾ ਕਿ ਹੁਣ ਅਗਲੀ ਮੀਟਿੰਗ ਲਈ ਉਨ੍ਹਾਂ ਨੂੰ ਨਵੀਂ ਚਿੱਠੀ ਜਾਰੀ ਕਰ ਕੇ ਹੱਥ ਫੜਾ ਦਿੱਤੀ ਗਈ ਹੈ। ਆਗੂਆਂ ਨੇ ਆਖਿਆ ਕਿ ਉਹ ਭਲਕੇ ਸ਼ੁੱਕਰਵਾਰ ਨੂੰ ਸਵੇਰੇ ਬੱਸ ਡਿੱਪੂਆਂ ਅੱਗੇ ਗੇਟ ਰੈਲੀਆਂ ਕਰ ਕੇ ਚਿੱਠੀ ਦੀਆਂ ਕਾਪੀਆਂ ਸਾੜਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਅੱਗੇ ਤੋਂ ਫਿਰ 52 ਤੇ 28 ਸੀਟਾਂ ਵਾਲੀਆਂ ਬੱਸਾਂ ’ਤੇ ਉਹ ਪੂਰੀਆਂ ਸਵਾਰੀਆਂ ਹੀ ਚੜ੍ਹਾਉਣਗੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ 10 ਤੇ 11 ਫਰਵਰੀ ਨੂੰ ਖੰਨਾ ਤੇ ਸ਼ੇਰੋਂ ’ਚ ਕੀਤੀਆਂ ਜਾ ਰਹੀਆਂ ਰੈਲੀਆਂ ਦਾ ਕੱਚੇ ਬੱਸ ਮੁਲਾਜ਼ਮ ਬਾਈਕਾਟ ਕਰਦੇ ਹੋਏ ਬੱਸਾਂ ਨਹੀਂ ਲਿਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਯੂਨੀਅਨ ਵੱਲੋਂ 13 ਤੋਂ 15 ਫਰਵਰੀ ਦੀ ਪ੍ਰਸਤਾਵਿਤ ਹੜਤਾਲ ਹੋਵੇਗੀ ਤੇ 16 ਫਰਵਰੀ ਨੂੰ ‘ਭਾਰਤ ਬੰਦ’ ਮੌਕੇ ਵੀ ਉਹ ਬੱਸਾਂ ਨਹੀਂ ਚਲਾਉਣਗੇ।
ਹੜਤਾਲ ਦੀ ਘੁਰਕੀ ਮਗਰੋਂ ਸਰਕਾਰ ਨੇ ਅੱਜ ਮੁੜ ਸੱਦੀ ਮੀਟਿੰਗ
ਪਟਿਆਲਾ: (ਸਰਬਜੀਤ ਸਿੰਘ ਭੰਗੂ): ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਣ ਤੋਂ ਖਫ਼ਾ ਕਾਮਿਆਂ ਵੱਲੋਂ ਹੜਤਾਲ ਤੇ ਸਿਆਸੀ ਰੈਲੀਆਂ ’ਚ ਬੱਸਾਂ ਨਾ ਲਿਜਾਣ ਦੀ ਘੁਰਕੀ ਮਗਰੋਂ ਸਰਕਾਰ ਨੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਨਾਲ ਭਲਕੇ ਮੁੜ ਮੀਟਿੰਗ ਸੱਦ ਲਈ ਹੈ। ਅੱਜ ਦੇਰ ਸ਼ਾਮ ਸਰਕਾਰ ਦੇ ਨੁਮਾਇੰਦੇ ਨੇ ਯੂਨੀਅਨ ਪ੍ਰਧਾਨ ਰੇਸ਼ਮ ਗਿੱਲ ਨੂੰ ਪੱਤਰ ਭੇਜ ਕੇ 9 ਫਰਵਰੀ ਨੂੰ 11 ਵਜੇ ਸਰਕਾਰ ਨਾਲ ਮੀਟਿੰਗ ਲਈ ਸਕੱਤਰੇਤ ਚੰਡੀਗੜ੍ਹ ਪੁੱਜਣ ਦਾ ਸੱਦਾ ਦਿੱਤਾ ਹੈ। ਮੀਟਿੰਗ ਭਾਵੇਂ ਉੱਚ ਅਧਿਕਾਰੀਆਂ ਨਾਲ ਹੋਵੇਗੀ, ਪਰ ਨਾਲ ਹੀ ਕੱਲ੍ਹ ਦੀ ਮੀਟਿੰਗ ਨਾਲ ਸੰਤੁਸ਼ਟੀ ਨਾ ਹੋਣ ’ਤੇ 22 ਫਰਵਰੀ ਨੂੰ ਮੁੁੱਖ ਮੰਤਰੀ ਨਾਲ ਵੀ ਮੀਟਿੰੰਗ ਦਾ ਪ੍ਰਬੰਧ ਕੀਤਾ ਗਿਆ ਹੈ। ਯੂਨੀਅਨ ਦੇ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਨੇ ਮੀਟਿੰਗ ਸਬੰਧੀ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਮੀਟਿੰਗ ਸਿਰਫ਼ ਮੁੱਖ ਮੰਤਰੀ ਨਾਲ ਹੀ ਕਰਵਾਈ ਜਾਵੇ, ਉਹ ਤਾਂ ਸਿਰਫ਼ ਆਪਣੇ ਮਸਲਿਆਂ ਦਾ ਹੱਲ ਲੋਚਦੇ ਹਨ। ਵਿੱਕੀ ਨੇ ਕਿਹਾ, ‘‘ਮਸਲਿਆਂ ਦੇ ਹੱਲ ਲਈ ਅਸੀਂ ਛੋਟੇ ਤੋਂ ਛੋਟੇ ਅਧਿਕਾਰੀ ਨਾਲ ਵੀ ਮੀਟਿੰਗ ਕਰਨ ਲਈ ਤਿਆਰ ਹਾਂ।’’