ਸ਼ੰਭੂ ਕਿਸਾਨ ਮੋਰਚੇ ਤੋਂ ਪਰਤਦਿਆਂ ਫੱਤੂਵਾਲ ਕੋਲ ਬੱਸ ਪਲਟਣ ਕਾਰਨ 32 ਕਿਸਾਨ-ਮਜ਼ਦੂਰ ਜ਼ਖ਼ਮੀ
ਦਵਿੰਦਰ ਸਿੰਘ ਭੰਗੂ/ਸਰਬਜੀਤ ਸਿੰਘ ਭੰਗੂ
ਰਈਆ/ ਪਟਿਆਲਾ, 23 ਮਈ
ਕਿਸਾਨ ਮੋਰਚੇ ਤੋਂ ਵਾਪਸ ਅੰਮ੍ਰਿਤਸਰ ਨੂੰ ਆਉਂਦੇ ਰਈਆ ਨਜ਼ਦੀਕ ਫੱਤੂਵਾਲ ਕੋਲ ਬੱਸ ਪਲਟਣ ਕਾਰਨ 32 ਕਿਸਾਨ-ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਹਾਦਸੇ ਕਾਰਨ 9 ਕਿਸਾਨਾਂ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਗੁਰੂ ਰਾਮਦਾਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ੰਭੂ ਬਾਰਡਰ ਮੋਰਚੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੀਤੀ ਰਾਤ ਪਰਤਦੇ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦੋਸੰਧਾ ਸਿੰਘ ਪਿੰਡ ਦੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਨਾਲ ਭਰੀ ਬੱਸ ਦੇਰ ਰਾਤ ਕਸਬਾ ਰਈਆ ਕੋਲ ਪਿੰਡ ਫੱਤੂਵਾਲ ਵਿਖੇ ਪਲਟ ਗਈ, ਜਿਸ ਕਾਰਨ 32 ਕਿਸਾਨ ਮਜ਼ਦੂਰ ਜ਼ਖ਼ਮੀ ਹੋ ਗਏ। ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਦੱਸਿਆ ਕਿ 9 ਕਿਸਾਨ ਮਜ਼ਦੂਰ ਗੰਭੀਰ ਹਨ। ਜ਼ਖ਼ਮੀਆਂ ਵਿੱਚ ਇਕ ਔਰਤ ਵੀ ਸ਼ਾਮਲ ਹੈ। ਗੰਭੀਰ ਜ਼ਖ਼ਮੀਆਂ ਵਿਚ ਪਿੰਡ ਤਲਵੰਡੀ ਦੋਸੰਧਾ ਦੇ ਬਲਵਿੰਦਰ ਸਿੰਘ, ਰਣਜੋਧ ਸਿੰਘ, ਹਰਭਜਨ ਸਿੰਘ, ਤਰਸੇਮ ਸਿੰਘ, ਨਿਰਵੈਰ ਸਿੰਘ, ਗੁਰਮੁਖ ਸਿੰਘ, ਤਰਲੋਚਨ ਸਿੰਘ, ਸਮੀਰ ਸਿੰਘ, ਗੁਰਵਿੰਦਰ ਸਿੰਘ ਸ਼ਾਮਲ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜ਼ਖ਼ਮੀਆਂ ਦੇ ਪੂਰੇ ਇਲਾਜ ਦਾ ਸਾਰਾ ਖਰਚਾ ਪੰਜਾਬ ਅਤੇ ਭਾਰਤ ਸਰਕਾਰ ਚੁੱਕੇ। ਗੰਭੀਰ ਜ਼ਖ਼ਮੀਆਂ ਨੂੰ 3-3 ਲੱਖ ਅਤੇ ਸਾਧਾਰਨ ਰੂਪ ਚ ਜ਼ਖ਼ਮੀਆਂ ਨੂੰ 1 -1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।