ਬੋਲੈਰੋ ਨਾਲ ਸਿੱਧੀ ਟੱਕਰ ਮਗਰੋਂ ਬੱਸ ਪਲਟੀ; ਕਈ ਜ਼ਖ਼ਮੀ
ਹਰਦੀਪ ਸਿੰਘ
ਧਰਮਕੋਟ, 29 ਨਵੰਬਰ
ਇੱਥੇ ਜਲੰਧਰ-ਮੋਗਾ ਹਾਈਵੇਅ ’ਤੇ ਸਥਿਤ ਪਿੰਡ ਕਮਾਲ ਕੇ ਪਾਸ ਅੱਜ ਸਵੇਰੇ 8 ਵਜੇ ਦੇ ਕਰੀਬ ਜਲੰਧਰ ਡਿੱਪੂ ਦੀ ਇੱਕ ਬੱਸ ਅਤੇ ਬੋਲੈਰੋ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ’ਚ ਵਿੱਚ ਬੋਲੈਰੋ ਚਾਲਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਅਤੇ ਬੱਸ ਵਿੱਚ ਸਵਾਰ 15 ਤੋਂ 20 ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਤੜਕਸਾਰ ਜਲੰਧਰ ਡਿੱਪੂ ਦੀ ਧਰਮਕੋਟ ਵੱਲ ਆ ਰਹੀ ਬੱਸ ਜਦੋਂ ਪਿੰਡ ਕਮਾਲ ਕੇ ਕੋਲ ਪੁੱਜੀ ਤਾਂ ਡਰਾਈਵਰ ਬੱਸ ਦਾ ਸੰਤੁਲਨ ਗੁਆ ਬੈਠਾ ਤੇ ਬੱਸ ਦੀ ਧਰਮਕੋਟ ਵਾਲੇ ਪਾਸਿਓਂ ਆ ਰਹੀ ਬੋਲੈਰੋ ਨਾਲ ਟੱਕਰ ਹੋ ਗਈ ਤੇ ਬੱਸ 20 ਫੁੱਟ ਡੂੰਘੀ ਨੀਵੀਂ ਥਾਂ ’ਚ ਪਲਟ ਗਈ। ਇਸ ਹਾਦਸੇ ਵਿੱਚ ਬੋਲੈਰੋ ਚਾਲਕ ਬਲਵਿੰਦਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਕੋਰੋਟਾਣਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਬੱਸ ਵਿੱਚ 35 ਸਵਾਰੀਆਂ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਦਾ ਚਾਲਕ ਲਗਾਤਾਰ ਮੋਬਾਈਲ ’ਤੇ ਗੱਲਬਾਤ ਕਰ ਰਿਹਾ ਸੀ। ਸਵਾਰੀਆਂ ਨੇ ਚਾਲਕ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ ਸੀ। ਬੱਸ ਡਰਾਈਵਰ ਅਤੇ ਕੰਡਕਟਰ ਹਾਦਸੇ ਤੋਂ ਬਾਅਦ ਫਰਾਰ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।