ਨੌਜਵਾਨਾਂ ਵੱਲੋਂ ਬੱਸ ਚਾਲਕ ਤੇ ਕੰਡਕਟਰ ਦੀ ਕੁੱਟਮਾਰ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 7 ਅਕਤੂਬਰ
ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪਿੰਡ ਰੋਸ਼ਨਵਾਲਾ ਨੇੜੇ ਮੋਟਰਸਾਈਕਲ ਸਵਾਰਾਂ ਵੱਲੋਂ ਦੇਰ ਸ਼ਾਮ ਪੀਆਰਟੀਸੀ ਬੱਸ ਨੂੰ ਜਬਰੀ ਰੋਕ ਕੇ ਡਰਾਈਵਰ ਅਤੇ ਕੰਡਕਟਰ ਦੀ ਲੋਹੇ ਦੇ ਪੰਚਾਂ ਅਤੇ ਕੜਿਆਂ ਨਾਲ ਕੁੱਟਮਾਰ ਕੀਤੀ ਗਈ। ਪੀਆਰਟੀਸੀ ਬੱਸ ਦੇ ਡਰਾਈਵਰ ਬਿੱਕਰ ਸਿੰਘ ਵਾਸੀ ਰੂੜੇਕੇ ਨੇ ਇਥੇ ਥਾਣੇ ਵਿੱਚ ਸ਼ਿਕਾਇਤ ਲਿਖਾਈ ਕਿ ਉਹ ਬੱਸ ਸੰਗਰੂਰ ਤੋਂ ਪਟਿਆਲਾ ਲਿਜਾ ਰਿਹਾ ਸੀ ਕਿ ਪਿੰਡ ਰੋਸ਼ਨਵਾਲਾ ਵਿਖੇ ਜੰਮੂ ਕੱਟੜਾ ਐਕਸਪ੍ਰੈਸ-ਵੇਅ ਦੇ ਪੁਲ ਹੇਠਾਂ ਅਚਾਨਕ ਦੋ ਨੌਜਵਾਨਾਂ ਨੇ ਆਪਣਾ ਮੋਟਰਸਾਈਕਲ ਬੱਸ ਦੇ ਅੱਗੇ ਖੜ੍ਹਾ ਕਰ ਦਿੱਤਾ। ਫਿਰ ਦੋਵਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਦੋਂ ਕੰਡਕਟਰ ਉਸ ਨੂੰ ਛੁਡਾਉਣ ਲੱਗਿਆ ਤਾਂ 3-4 ਹੋਰ ਨੌਜਵਾਨਾਂ ਨੇ ਕੰਡਕਟਰ ਦੀ ਵੀ ਕੁੱਟਮਾਰ ਕੀਤੀ। ਬਾਅਦ ਵਿਚ ਉਹ ਭੱਜ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੋਟਰਸਾਈਕਲ ਦੇ ਨੰਬਰ ਤੋਂ ਪੜਤਾਲ ਕਰਕੇ ਪਤਾ ਲੱਗਿਆ ਕਿ ਹਮਲਾਵਰਾਂ ਵਿੱਚੋਂ ਸੰਜੂ ਸ਼ਰਮਾ ਵਾਸੀ ਜਲੂਰ ਸੀ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ।
ਨਿਰਧਾਰਤ ਅੱਡੇ ’ਤੇ ਬੱਸ ਨਾ ਰੋਕਣ ਕਾਰਨ ਚਾਲਕ ਤੇ ਕੰਡਕਟਰ ਦੀ ਕੁੱਟਮਾਰ
ਪਟਿਆਲਾ (ਖੇਤਰੀ ਪ੍ਰਤੀਨਿਧ): ਚੀਕਾ ਤੋਂ ਪਟਿਆਲਾ ਤੱਕ ਚੱਲਦੀ ਪੀਆਰਟੀਸੀ ਦੀ ਬੱਸ (ਪੀਬੀ 11 ਸੀਐਫ 9208) ਨੂੰ ਨਿਰਧਾਰਤ ਕੀਤੇ ਗਏ ਬੱਸ ਅੱਡੇ ’ਤੇ ਨਾ ਰੋਕਣ ਕਾਰਨ ਇਲਾਕੇ ਦੇ ਕੁਝ ਵਿਅਕਤੀਆਂ ਵੱਲੋਂ ਇਸ ਬੱਸ ਦੇ ਚਾਲਕ ਅਤੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ। ਥਾਣਾ ਸਦਰ ਪਟਿਆਲਾ ਦੇ ਪਿੰਡ ਬਲਬੇੜਾ ਵਿੱਚ ਵਾਪਰੀ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਡਰਾਈਵਰ ਤੇ ਕੰਡਕਟਰ ਰਾਜਿੰਦਰ ਹਸਪਤਾਲ ਹਸਪਤਾਲ ਦਾਖਲ ਹਨ। ਇਸ ਦੌਰਾਨ ਉਨ੍ਹਾਂ ਨੇ ਮੁਲਜ਼ਮਾਂ ’ਤੇ ਬੱਸ ਦੇ ਮੁੂਹਰਲੇ ਸ਼ੀਸ਼ਿਆਂ ਦੀ ਭੰਨਤੋੜ ਕਰਨ ਦੇ ਦੋਸ਼ ਵੀ ਲਾਏ। ਭਾਵੇਂ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮਿਲੀ ਜਾਣਕਾਰੀ ਅਨੁਸਾਰ ਕੁੱਟਮਾਰ ਦੀ ਇਹ ਘਟਨਾ ਡਰਾਈਵਰ ਵੱਲੋਂ ਬਲਬੇੜਾ ਸਥਿਤ ਨਿਰਧਾਰਤ ਬੱਸ ਅੱਡੇ ਤੋਂ ਅੱਗੇ ਪਿੱਛੇ ਕਰ ਕੇ ਬੱਸ ਖੜ੍ਹਾਏ ਜਾਣ ਦੇ ਮਾਮਲੇ ਤੋਂ ਵਾਪਰੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੁਲੀਸ ਚੌਕੀ ਬਲਬੇੜਾ ਦੇ ਇੰਚਾਰਜ ਏਐਸਆਈ ਸੂਬਾ ਸਿੰਘ ਸੰਧੂ ਦਾ ਕਹਿਣਾ ਸੀ ਕਿ ਇਸ ਸਬੰਧੀ ਜਾਂਚ ਜਾਰੀ ਹੈ ਤੇ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।