ਮਹਾਪੰਚਾਇਤ ਲਈ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ, ਕਈ ਜ਼ਖ਼ਮੀ
ਮਨੋਜ ਸ਼ਰਮਾ
ਬਠਿੰਡਾ, 4 ਜਨਵਰੀ
ਬਠਿੰਡਾ ਵਿੱਚ ਸੰਘਣੀ ਧੁੰਦ ਕਾਰਨ ਹੋਏ ਹਾਦਸੇ ਵਿੱਚ ਕਿਸਾਨਾਂ ਨੂੰ ਲਿਜਾ ਰਹੀ ਇੱਕ ਵੈਨ ਜੱਸੀ ਚੌਕ ਵਿਚ ਪਲਟ ਗਈ, ਜਿਸ ਕਾਰਨ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਬਠਿੰਡਾ ਵਿੱਚ 10 ਦਿਨਾਂ ਦੇ ਅੰਦਰ ਇਹ ਬੱਸ ਪਲਟਣ ਦੀ ਤੀਜੀ ਘਟਨਾ ਹੈ। ਕਿਸਾਨ ਆਗੂ ਜਗਸੀਰ ਸਿੰਘ ਝੰਬਾ ਨੇ ਦੱਸਿਆ ਕਿ ਸੰਘਣੀ ਧੁੰਦ ਦੇ ਚਲਦੇ ਬੱਸ ਮਾਨਸਾ ਨੈਸ਼ਨਲ ਹਾਈਵੇ ’ਤੇ ਫੁੱਟਪਾਥ ਉੱਤੇ ਚੜ੍ਹ ਗਈ ਅਤੇ ਸੰਤੁਲਨ ਵਿਗੜਣ ਕਾਰਨ ਪਲਟ ਗਈ।
ਉਕਤ ਕਿਸਾਨ ਪਿੰਡ ਦਿਉਣ ਤੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਟੋਹਾਣਾ ਵਿੱਚ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਜ਼ਖ਼ਮੀ ਕਿਸਾਨਾਂ, ਜਿਨ੍ਹਾਂ ਵਿੱਚ ਸਾਧੂ ਸਿੰਘ, ਘੁੱਦਾ ਸਿੰਘ ਅਤੇ ਦਰਸ਼ਨ ਸਿੰਘ ਸ਼ਾਮਲ ਹਨ, ਨੂੰ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਗੌਰਤਲਬ ਹੈ ਕਿ ਬੀਤੀ ਕੱਲ੍ਹ ਬਠਿੰਡਾ ਦੇ ਡੱਬਵਾਲੀ ਰੋਡ ’ਤੇ ਇੱਕ ਨਿੱਜੀ ਕੰਪਨੀ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਸੀ, ਜਿਸ ਵਿੱਚ 20 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਸਨ। ਇਸੇ ਤਰ੍ਹਾਂ, ਪਿਛਲੇ ਹਫਤੇ ਇੱਕ ਹੋਰ ਨਿੱਜੀ ਕੰਪਨੀ ਦੀ ਬੱਸ ਡਰੇਨ ਵਿੱਚ ਡਿੱਗ ਗਈ ਸੀ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ 45 ਸਵਾਰੀਆਂ ਜ਼ਖ਼ਮੀ ਹੋ ਗਈਆਂ ਸਨ