ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ; ਚਾਰ ਹਲਾਕ
ਹਤਿੰਦਰ ਮਹਿਤਾ
ਜਲੰਧਰ, 10 ਮਾਰਚ
ਇੱਥੇ ਅੱਜ ਤੜਕੇੇ ਟੂਰਿਸਟ ਬੱਸ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾਅ ਗਈ। ਇਸ ਕਾਰਨ ਬੱਸ ਡਰਾਈਵਰ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 11 ਜ਼ਖ਼ਮੀ ਹੋ ਗਏ। ਘਟਨਾ ਸਥਾਨ ’ਤੇ ਪੁੱਜੇ ਲੋਕਾਂ ਅਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਨ੍ਹਾਂ ’ਚੋਂ ਨੌਂ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਹੈ। ਮ੍ਰਿਤਕਾਂ ਦੀ ਪਛਾਣ ਸੁਖਵੰਤ ਸਿੰਘ ਵਾਸੀ ਰਿਆਸੀ ਜੰਮੂ, ਕੁਲਦੀਪ ਸਿੰਘ ਵਾਸੀ ਉੱਤਮ ਨਗਰ ਦਿੱਲੀ, ਵਰਿੰਦਰਪਾਲ ਸਿੰਘ ਵਾਸੀ ਮਾਛੀਵਾੜਾ ਤੇ ਸਤਵਿੰਦਰ ਸਿੰਘ ਵਾਸੀ ਜੰਮੂ ਵਜੋਂ ਹੋਈ ਹੈ। ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਮੁਤਾਬਕ ਪ੍ਰਾਈਵੇਟ ਕੰਪਨੀ ਦੀ ਬੱਸ ਦਿੱਲੀ ਤੋਂ ਜੰਮੂ ਕਸ਼ਮੀਰ ਨੂੰ ਜਾ ਰਹੀ ਸੀ। ਬੱਸ ਜਦੋਂ ਭੋਗਪੁਰ ਨੇੜੇ ਪੁੱਜੀ ਤਾਂ ਅਚਾਨਕ ਟਰੈਕਟਰ-ਟਰਾਲੀ ਸੜਕ ’ਤੇ ਆ ਗਿਆ। ਇਸ ਕਾਰਨ ਬੱਸ ਟਰੈਕਟਰ-ਟਰਾਲੀ ਨਾਲ ਟਕਰਾਅ ਗਈ। ਇਸ ਮਗਰੋਂ ਸਵਾਰੀਆਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਨੇ ਹੀ ਘਟਨਾ ਦੀ ਸੂਚਨਾ ਭੋਗਪੁਰ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਤੁਰੰਤ ਘਟਨਾ ਸਥਾਨ ’ਤੇ ਪੁੱਜੀਆਂ ਅਤੇ ਯਾਤਰੀਆਂ ਨੂੰ ਬੱਸ ’ਚੋਂ ਕੱਢਣਾ ਸ਼ੁਰੂ ਕਰ ਦਿੱਤਾ। ਪੁਲੀਸ ਤੋਂ ਅਨੁਸਾਰ ਬੱਸ ਚਾਲਕ ਸਤਵਿੰਦਰ ਅਤੇ ਸਵਾਰੀ ਕੁਲਦੀਪ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਗੁਰਬੰਦਨ ਸਿੰਘ ਤੇ ਸੁਨੀਲ ਸਣੇ ਕਰੀਬ 11 ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਨ੍ਹਾਂ ਵਿੱਚੋਂ ਛੇ ਜ਼ਖ਼ਮੀਆਂ ਨੂੰ ਜੌਹਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।