ਬੱਸ ਹਾਦਸਾ: ਮੁਆਵਜ਼ੇ ਦੇ ਚੈੱਕ ਮਿਲਣ ਮਗਰੋਂ ਧਰਨਾ ਸਮਾਪਤ
ਸ਼ਗਨ ਕਟਾਰੀਆ
ਬਠਿੰਡਾ, 22 ਜਨਵਰੀ
ਬੱਸ ਹਾਦਸੇ ਦੌਰਾਨ 4 ਜਨਵਰੀ ਨੂੰ ਫ਼ੌਤ ਹੋਈਆਂ ਤਿੰਨ ਕਿਸਾਨ ਔਰਤਾਂ ਤੇ ਦੋ ਵਿਅਕਤੀਆਂ ’ਚੋਂ ਚਾਰ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 8-8 ਲੱਖ ਰੁਪਏ ਦਾ ਮੁਆਵਜ਼ਾ ਦੇਣ ਮਗਰੋਂ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਇੱਥੇ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ ਖ਼ਤਮ ਕਰ ਦਿੱਤਾ ਗਿਆ। ਇਨ੍ਹਾਂ ਮ੍ਰਿਤਕਾਂ ’ਚੋਂ ਇੱਕ ਔਰਤ ਪਰਿਵਾਰ ’ਚ ਇਕੱਲੀ ਸੀ, ਇਸ ਲਈ ਉਸ ਦਾ ਮੁਆਵਜ਼ਾ ਲੈਣ ’ਚ ਕਾਨੂੰਨੀ ਅੜਚਨ ਆ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਕਾਨੂੰਨੀ ਰੁਕਾਵਟ ਨਾਲ ਜਲਦੀ ਨਜਿੱਠ ਕੇ ਮੁਆਵਜ਼ਾ ਲੈ ਲਿਆ ਜਾਵੇਗਾ। ਇਸ ਫ਼ੈਸਲੇ ਬਾਰੇ ਏਡੀਸੀ ਪੂਨਮ ਸਿੰਘ ਵੱਲੋਂ ਸਟੇਜ ’ਤੇ ਆ ਕੇ ਐਲਾਨ ਕੀਤਾ ਗਿਆ ਜਿਸ ਮਗਰੋਂ ਇੱਥੇ ਹਸਪਤਾਲ ’ਚ ਪਈਆਂ ਕਰਮ ਸਿੰਘ ਅਤੇ ਬਸੰਤ ਸਿੰਘ ਦੀਆਂ ਲਾਸ਼ਾਂ ਦਾ ਕੋਠਾਗੁਰੂ ਲਿਜਾ ਕੇ ਸ਼ਾਮ ਨੂੰ ਸਸਕਾਰ ਕਰ ਦਿੱਤਾ ਗਿਆ। ਬੀਕੇਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਡੀਸੀ ਤੇ ਏਡੀਸੀ ਬਠਿੰਡਾ ਨਾਲ ਅੱਜ ਹੋਈ ਮੀਟਿੰਗ ਵਿੱਚ ਮ੍ਰਿਤਕਾਂ ਦੇ ਵਾਰਸਾਂ ਨੂੰ 8-8 ਲੱਖ ਰੁਪਏ ਮੁਆਵਜ਼ਾ ਦੇਣ, ਪਰਿਵਾਰ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰਾਂ ਦਾ ਕਰਜ਼ਾ ਖ਼ਤਮ ਕਰਨ ਦੀ ਸਿਫ਼ਾਰਸ਼ ਕਰਨ ਬਾਰੇ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ ਗੰਭੀਰ ਜ਼ਖ਼ਮੀਆਂ ਨੂੰ ਉਨ੍ਹਾਂ ਦੀ ਹਾਲਤ ਮੁਤਾਬਕ 2-2 ਲੱਖ ਰੁਪਏ ਤੇ 1-1 ਲੱਖ ਰੁਪਏ ਸਹਾਇਤਾ ਰਕਮ ਦੇਣ ਸਣੇ ਵਿਛੋੜਾ ਦੇ ਗਏ ਨੌਜਵਾਨ ਕਰਮ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਪ੍ਰਸ਼ਾਸਨ ਵੱਲੋਂ ਦੇਣ ਵਰਗੀਆਂ ਮੰਗਾਂ ਪ੍ਰਵਾਨ ਕੀਤੀਆਂ ਗਈਆਂ ਹਨ।