ਬੱਸ ਹਾਦਸਾ: ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਮੁਆਵਜ਼ੇ ਲਈ ਪੱਕਾ ਮੋਰਚਾ ਸ਼ੁਰੂ
ਸ਼ਗਨ ਕਟਾਰੀਆ
ਬਠਿੰਡਾ, 20 ਜਨਵਰੀ
ਬੱਸ ਹਾਦਸੇ ’ਚ ਫ਼ੌਤ ਹੋਏ 3 ਬੀਬੀਆਂ ਅਤੇ 2 ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੁਆਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਫਿਰ ਡੀਸੀ ਦਫ਼ਤਰ ਅੱਗੇ ਬੇਮਿਆਦੀ ਧਰਨਾ ਸ਼ੁਰੂ ਕਰ ਦਿੱਤਾ।
ਸੜਕ ਹਾਦਸਾ 4 ਜਨਵਰੀ ਨੂੰ ਹੰਢਿਆਇਆ (ਜ਼ਿਲ੍ਹਾ ਬਰਨਾਲਾ) ਵਿਖੇ ਵਾਪਰਿਆ ਸੀ। ਪਿੰਡ ਕੋਠਾਗੁਰੂ (ਜ਼ਿਲ੍ਹਾ ਬਠਿੰਡਾ) ਦੇ ਕਾਫੀ ਕਿਸਾਨ, ਕਿਸਾਨ ਮਹਾ ਪੰਚਾਇਤ ’ਚ ਸ਼ਾਮਲ ਹੋਣ ਲਈ ਟੋਹਾਣਾ (ਹਰਿਆਣਾ) ਜਾ ਰਹੇ ਸਨ ਕਿ ਰਸਤੇ ’ਚ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ’ਚ ਕੋਠਾਗੁਰੂ ਦੀਆਂ 3 ਔਰਤਾਂ ਮੌਕੇ ’ਤੇ ਹੀ ਦਮ ਤੋੜ ਗਈਆਂ ਸਨ, ਜਦਕਿ 2 ਵਿਅਕਤੀਆਂ ਦੀ ਮੌਤ ਹਸਪਤਾਲਾਂ ਵਿੱਚ ਇਲਾਜ ਦੌਰਾਨ ਬਾਅਦ ’ਚ ਹੋਈ। ਮੁਆਵਜ਼ੇ ਲਈ ਉਗਰਾਹਾਂ ਜਥੇਬੰਦੀ ਨੇ 6 ਜਨਵਰੀ ਤੋਂ ਅੱਜ ਵਾਲੀ ਜਗ੍ਹਾ ’ਤੇ ਹੀ ਬੇਮਿਆਦੀ ਧਰਨਾ ਸ਼ੁਰੂ ਕੀਤਾ ਅਤੇ 10 ਜਨਵਰੀ ਨੂੰ ਮੁਲਤਵੀ ਕਰ ਦਿੱਤਾ ਸੀ। ਧਰਨਾਕਾਰੀਆਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਅਤੇ ਪਰਿਵਾਰਾਂ ਸਿਰ ਚੜ੍ਹਿਆ ਪੂਰਾ ਕਰਜ਼ਾ ਮੁਆਫ਼ ਕਰਨ ਤੋਂ ਇਲਾਵਾ ਜ਼ਖਮੀਆਂ ਨੂੰ 5 ਲੱਖ ਅਤੇ ਘੱਟ ਜ਼ਖ਼ਮੀਆਂ ਨੂੰ 2 ਲੱਖ ਦਾ ਮੁਆਵਜ਼ਾ ਅਤੇ ਜ਼ਖ਼ਮੀਆਂ ਦਾ ਵਧੀਆ ਹਸਪਤਾਲਾਂ ’ਚ ਮੁਫ਼ਤ ਇਲਾਜ ਕਰਾਉਣ ਦੀ ਮੰਗ ਕੀਤੀ।
ਕਿਸਾਨ ਆਗੂਆਂ ਮੁਤਾਬਕ ਅੱਜ ਡੀਸੀ ਅਤੇ ਏਡੀਸੀ ਵੱਲੋਂ ਕਿਸਾਨਾਂ ਦੇ ਵਫ਼ਦ ਨਾਲ ਦੋ ਗੇੜ ਦੀ ਗੱਲਬਾਤ ਦੌਰਾਨ ਮ੍ਰਿਤਕਾਂ ਦੇ ਵਾਰਸਾਂ ਨੂੰ 7 ਲੱਖ ਦੇਣ ਦੀ ਪੇਸ਼ਕਸ਼ ਕੀਤੀ ਗਈ, ਜੋ ਕਿਸਾਨ ਆਗੂਆਂ ਨੇ ਰੱਦ ਕਰ ਦਿੱਤੀ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ’ਤੇ ‘ਅੜੀਅਲ ਰਵੱਈਆ’ ਅਖਤਿਆਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁਆਵਜ਼ਾ ਨਾ ਮਿਲਣ ਕਾਰਨ ਮਰਹੂਮ ਬਸੰਤ ਸਿੰਘ ਕੋਠਾਗੁਰੂ ਤੇ ਕਰਮ ਸਿੰਘ ਦੀਆਂ ਬਠਿੰਡਾ ਦੇ ਸਿਵਲ ਹਸਪਤਾਲ ’ਚ ਪਈਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ।
ਕਿਸਾਨ ਆਗੂ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ ਤੇ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਪ੍ਰਸ਼ਾਸਨ ਦੇ ਵਤੀਰੇ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ।