ਬਰਸਟ ਨੇ ਫ਼ਲ ਤੇ ਸਬਜ਼ੀ ਮੰਡੀ ਦੇ ਕੰਮ ਦੀ ਸ਼ੁਰੂਆਤ ਕਰਵਾਈ
ਖੇਤਰੀ ਪ੍ਰਤੀਨਿਧ
ਪਟਿਆਲਾ, 5 ਮਾਰਚ
ਬਲਾਕ ਪਟਿਆਲਾ ’ਚ ਪੈਂਦੇ ਨੇੜਲੇ ਪਿੰਡ ਮਹਿਮਦਪੁਰ ਵਿੱਚ ਨਵੀਂ ਫ਼ਲ ਅਤੇ ਸਬਜ਼ੀ ਮੰਡੀ ਬਣਾਈ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਇਸ ਮੰਡੀ ’ਚ ਆਲੂ ਦੀ ਫਸਲ ਦੀ ਪਲੇਠੀ ਬੋਲੀ ਕਰਵਾ ਕੇ ਕੀਤੀ। ਇਸ ਅਨਾਜ ਮੰਡੀ ਲਈ ਪਿੰਡ ਦੀ ਪੰੰਚਾਇਤ ਵੱਲੋਂ 83 ਏਕੜ ਜ਼ਮੀਨ ਦਾਨ ਕੀਤੀ ਗਈ ਹੈ ਜਿਸ ਲਈ ਸ੍ਰੀ ਬਰਸਟ ਨੇ ਪੰਚਾਇਤ ਦਾ ਧੰਨਵਾਦ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਰਚੰਦ ਬਰਸਟ ਨੇ ਕਿਹਾ ਕਿ ਮਹਿਮਦਪੁਰ ਦੇ ਆਲੇ-ਦੁਆਲੇ ਕੋਈ ਵੀ ਇੰਡਸਟਰੀ ਜਾਂ ਫੈਕਟਰੀ ਨਹੀਂ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਇੱਥੇ ਫ਼ਲ਼ ਅਤੇ ਸਬਜ਼ੀ ਮੰਡੀ ਸ਼ੁਰੂ ਕਰਦਿਆਂ, ਸਬ-ਯਾਰਡ ਵਜੋਂ ਮੰਡੀ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉੱਥੇ ਹੀ ਕਿਸਾਨਾਂ ਨੂੰ ਵੀ ਉਨ੍ਹਾਂ ਦੀਆਂ ਜਿਣਸਾਂ ਦਾ ਸਹੀ ਮੁੱਲ ਮਿਲ ਸਕੇਗਾ।
ਉਨ੍ਹਾਂ ਦੱਸਿਆ ਕਿ ਇਸ ਮੰਡੀ ਵਿੱਚ ਬਣਨ ਵਾਲ਼ੇ ਸ਼ੈੱਡਾਂ ’ਤੇ 90 ਲੱਖ ਰੁਪਏ ਖਰਚ ਆਉਣਗੇ ਤੇ ਜਲਦੀ ਹੀ ਮੰਡੀ ਦੀ ਚਾਰਦੀਵਾਰੀ ਕਰਕੇ ਗੇਟ ਲਗਾਇਆ ਜਾਵੇਗਾ। ਦੁਕਾਨਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਮਹਿਮਦਪੁਰ ਮੰਡੀ ਪਟਿਆਲਾ-ਸੰਗਰੂਰ ਰੋਡ ’ਤੇ ਸਥਿਤ ਹੋਣ ਕਾਰਨ ਇਸ ਦੇ 25 ਕਿਲੋਮੀਟਰ ਦੇ ਰੇਡੀਅਸ ਵਿੱਚ ਇਲਾਕੇ ਦੇ 40 ਹਜ਼ਾਰ ਕਿਸਾਨਾਂ ਨੂੰ ਫ਼ਲ ਅਤੇ ਸਬਜ਼ੀਆਂ ਬੀਜਣ ਵੱਲ ਪ੍ਰੇਰਿਤ ਕੀਤਾ ਜਾ ਸਕੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਾ ਸੁਨਹਿਰਾ ਮੌਕਾ ਵੀ ਮਿਲੇਗਾ।
ਇਸ ਮੌਕੇ ਗੁਰਦੀਪ ਸਿੰਘ ਇੰਜੀਨਿਅਰ-ਇਨ-ਚੀਫ਼, ਅਜੇਪਾਲ ਬਰਾੜ, ਜਿਲ੍ਹਾ ਮੰਡੀ ਅਫ਼ਸਰ ਤੇ ਸੰਦੀਪ ਸਿੰਘ ਸਰਪੰਚ ਮਹਿਮਦਪੁਰ ਸਮੇਤ ਨਰਿੰਦਰ ਬਰਸਟ, ਹਰਿੰਦਰ ਧਬਲਾਨ, ਸੋਨੀ ਜਲੂਰ, ਹੇਮਇੰਦਰ ਮੱਲੋਮਾਜਰਾ, ਦਵਿੰਦਰ ਸ਼ੇਰਮਾਜਰਾ, ਚਮਕੌਰ ਸਿੰਘ ਸਰਪੰਚ ਚੂਹੜਪੁਰ ਮਰਾਸੀਆਂ, ਅਨਿਲ ਮਿੱਤਲ ਸਰਪੰਚ ਬਰਸਟ, ਮਲਕੀਤ ਸਿੰਘ ਸਰਪੰਚ ਚੂਹੜਪੁਰ ਕਲਾਂ, ਗੁਰਪ੍ਰੀਤ ਸਿੰਘ ਸਰਪੰਚ ਰਾਜਗੜ੍ਹ ਆਦਿ ਵੀ ਮੌਜੂਦ ਸਨ।