ਜੱਲ੍ਹਣ ਜੱਟ ਗਲ ਗੰਢਿਆਂ ਦੀ...
ਨੂਰ ਮੁਹੰਮਦ ਨੂਰ
‘ਜੱਲ੍ਹਣ ਜੱਟ ਗਲ ਗੰਢਿਆਂ ਦੀ ਮਾਲਾ, ਜਪੋ ਜਪ ਨਹੀਂ ਤੇ ਖਾਓ ਸੁਖਾਲਾ’ ਜਦੋਂ ਹਰ ਹਾਲਤ ਵਿਚ ਨਫ਼ਾ ਹੀ ਨਫ਼ਾ ਹੋਵੇ ਅਤੇ ਨੁਕਸਾਨ ਹੋਣ ਦਾ ਉੱਕਾ ਹੀ ਡਰ ਨਾ ਹੋਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
ਇਸ ਅਖਾਣ ਦਾ ਮੁੱਖ ਪਾਤਰ ਜੱਲ੍ਹਣ ਜੱਟ ਹੈ ਜਿਹੜਾ ਕੌਮ ਦਾ ਸੰਧੂ ਜੱਟ ਸੀ ਅਤੇ ਖੇਤੀ-ਬਾੜੀ ਕਰਕੇ ਟੱਬਰ ਦਾ ਪੇਟ ਪਾਲਦਾ ਸੀ। ਇਹ ਦਰਵੇਸ਼ ਸੁਭਾਅ ਰੱਖਣ ਵਾਲਾ ਬੰਦਾ ਪਿੰਡ ਭੰਡਾਨਾ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ। ਇਸ ਦਾ ਜਨਮ ਜਹਾਂਗੀਰ ਦੇ ਰਾਜ ਸਮੇਂ ਹੋਇਆ ਅਤੇ ਸਨ 1644 ਵਿਚ ਸ਼ਾਹਜਹਾਂ ਦੇ ਰਾਜ ਸਮੇਂ ਇਸ ਦੀ ਮੌਤ ਹੋਈ। ਇਹ ਸਿੱਖ ਗੁਰੂਆਂ ਦਾ ਸੇਵਕ ਸੀ। ਜ਼ਿਲ੍ਹਾ ਅੰਮ੍ਰਿਤਸਰ ਵਿਚ ਅਟਾਰੀ ਤੋਂ ਪੰਜ ਕੋਹ ਦੀ ਵਿੱਥ ’ਤੇ ਪਿੰਡ ਧਾਲਾ ਨੌਸ਼ਹਿਰਾ ਤਹਿਸੀਲ ਤਰਨ ਤਾਰਨ ਵਿਖੇ ਇਸ ਦੇ ਸ਼ਰਧਾਲੂਆਂ ਵੱਲੋਂ ਬਣਾਇਆ ਇਸ ਦੇ ਨਾਂ ਦਾ ਗੁਰਦੁਆਰਾ ਹੈ।
ਜੱਲ੍ਹਣ ਜੱਟ ਨੂੰ ਹਾਸ ਰਸ ਦਾ ਕਵੀ ਆਖਦਿਆਂ ‘ਪੰਜਾਬ ਕੋਸ਼’ ਦਾ ਲੇਖਕ ਲਿਖਦਾ ਹੈ, ‘ਇਹ ਗੁਰੂ ਹਰਗੋਬਿੰਦ ਜੀ ਦਾ ਸਮਕਾਲੀ ਸੀ। ਇਹ ਅਤੇ ਇਸ ਦੀ ਪਤਨੀ ਰਾਮਕੀ ਦੋਵੇਂ ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ। ਸਿੱਧੇ ਸਾਦੇ ਸੁਭਾਅ ਦੇ ਇਸ ਭਗਤ ਕਵੀ ਦੀ ਕਵਿਤਾ ਵਿਚ ਜਿੱਥੇ ਰਹੱਸਵਾਦੀ ਕਵਿਤਾ ਦੇ ਅੰਸ਼ ਮਿਲਦੇ ਹਨ, ਉੱਥੇ ਇਸ ਨੇ ਹਾਸਰਸੀ ਕਵਿਤਾ ਲਿਖ ਕੇ ਪਖੰਡਵਾਦ ਦਾ ਵੀ ਪਰਦਾ ਫਾਸ਼ ਕੀਤਾ ਹੈ। ਜੱਲ੍ਹਣ ਦੀ ਕਵਿਤਾ ਸਧੂਕੜੀ ਬੋਲੀ ਵਿਚ ਹੈ ਅਤੇ ਬੜੀ ਮਿਠਾਸ ਭਰਪੂਰ ਹੈ। ਖ਼ਿਆਲਾਂ ਦੀ ਸਾਦਗੀ ਇਸ ਦੀ ਰਚੀ ਕਵਿਤਾ ਵਿਚ ਹਾਸ-ਰਸ ਪੈਦਾ ਕਰਦੀ ਹੈ। ਥੋੜ੍ਹੀ ਜਿਹੀ ਟਕੋਰ ਨਾਲ ਦੂਜੇ ਦੇ ਦਿਲ ਨੂੰ ਕਾਬੂ ਕਰ ਲੈਣਾ ਇਸ ਦੀ ਕਵਿਤਾ ਦਾ ਖ਼ਾਸ ਗੁਣ ਹੈ।’’ ਹਲਕੇ ਫੁਲਕੇ ਸ਼ਬਦ ਵਰਤ ਕੇ ਲਿਖੇ ਉਸ ਦੇ ਬਿਸ਼ਨਪਦਿਆਂ ਨੂੰ ਲੋਕਾਂ ਦੇ ਦਿਲ ਟੁੰਬਣ ਵਿਚ ਕਮਾਲ ਹਾਸਲ ਹੈ। ਉਸ ਲਿਖਦਾ ਹੈ:
ਨਿੱਕੇ ਹੁੰਦਿਆਂ ਢੱਗੇ ਚਾਰੇ ਵੱਡੇ ਹੋ ਹਲ ਵਾਹਿਆ।
ਬੁੱਢੇ ਹੋ ਕੇ ਮਾਲਾ ਫੇਰੀ, ਰੱਬ ਦਾ ਉਲਾਂਭਾ ਲਾਹਿਆ।
-ਵੱਡਾ ਕਿੱਕਰ ਵੱਢ ਕੇ ਜਪਮਾਲ ਬਣਾਇਆ।
ਉੱਚੇ ਟਿੱਬੇ ਬਹਿ ਕੇ ਠਾਹ ਠਾਹ ਵਜਾਇਆ।
ਲੋਕਾਂ ਦੀਆਂ ਜਪਮਾਲੀਆਂ ਜੱਲ੍ਹਣ ਦਾ ਜਪਮਾਲ,
ਸਾਰੀ ਉਮਰ ਜਪੇਂਦਿਆਂ ਇਕ ਨਾ ਖੁੱਥਾ ਵਾਲ।
ਡਾਕਟਰ ਮੋਹਨ ਸਿੰਘ ‘ਪੰਜਾਬੀ ਸਾਹਿਤ ਦਾ ਇਤਿਹਾਸ’ ਵਿਚ ਅਤੇ ਮੌਲਾ ਬਖ਼ਸ਼ ਕੁਸ਼ਤਾ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਵਿਚ ਜੱਲ੍ਹਣ ਦੀਆਂ ਲਿਖੀਆਂ 313 ਸਾਖ਼ੀਆਂ ਅਤੇ 44 ਬਿਸ਼ਨਪਦਿਆਂ ਦਾ ਜ਼ਿਕਰ ਕਰਦੇ ਹਨ। ਜੱਲ੍ਹਣ ਜੱਟ ਦੀ ਜਿਹੜੀ ਕਿਤਾਬ ਅੰਮ੍ਰਿਤਸਰ ਦੇ ਗੁਰਮਤਿ ਪ੍ਰੈੱਸ ਵਾਲਿਆਂ ਨੇ ਛਾਪੀ ਹੈ ਉਸ ਵਿਚ 392 ਸਾਖੀਆਂ ਅਤੇ 44 ਬਿਸ਼ਨਪਦੇ ਸ਼ਾਮਲ ਕੀਤੇ ਗਏ ਹਨ। ਜੱਲ੍ਹਣ ਦੇ ਸਮੁੱਚੇ ਕਲਾਮ ਵਿਚ ਦੋਹੜੇ, ਬਿਸ਼ਨਪਦੇ ਅਤੇ ਸਾਖੀਆਂ ਮਿਲਦੇ ਹਨ।
ਪੰਜਾਬੀ ਜ਼ੁਬਾਨ ਵਿਚ ਲਿਖਣ ਵਾਲੇ ਦੂਜੇ ਭਗਤ ਕਵੀਆਂ ਵਾਂਗ ਇਸ ਨੇ ਵੀ ਬਹੁਤਾ ਤੋਲ-ਤੁਕਾਂਤ ਅਤੇ ਛੰਦ-ਬੰਦੀ ਦਾ ਖ਼ਿਆਲ ਨਹੀਂ ਰੱਖਿਆ। ਬਸ ਆਪਣੀ ਗੱਲ ਕਹਿ ਕੇ ਲੋਕਾਂ ਨੂੰ ਸਮਝਾਉਣ ਤਕ ਹੀ ਮਤਲਬ ਰੱਖਿਆ ਹੈ। ਭਾਵੇਂ ਇਸ ਦੇ ਲਿਖੇ ਸ਼ਬਦ ਅੱਘੜ-ਦੁੱਘੜ ਹੀ ਹਨ, ਪਰ ਉਨ੍ਹਾਂ ਵਿਚ ਰਵਾਨਗੀ ਮਿਲਦੀ ਹੈ। ਬੁਢਾਪੇ ਸਮੇਂ ਦੀ ਜ਼ਿੰਦਗੀ ਦੇ ਪਲਾਂ ਦਾ ਜ਼ਿਕਰ ਕਰਦਿਆਂ ਹਲਕੀ-ਫੁਲਕੀ ਸ਼ਬਦਾਵਲੀ ਦੀ ਵਰਤੋਂ ਕਰਕੇ ਉਹ ਕਿੰਨਾ ਹੀ ਕੁਝ ਕਹਿ ਗਿਆ ਹੈ:
ਪੁੱਤਾਂ ਨੂੰ ਲੈ ਗਈਆਂ ਨੂੰਹਾਂ, ਧੀਆਂ ਨੂੰ ਲੈ ਗਏ ਹੋਰ।
ਬੁੱਢਾ ਬੁੱਢੀ ਇਉਂ ਬੈਠੇ ਜਿਉਂ ਸੰਨ੍ਹ ਲਾ ਗਏ ਚੋਰ।
‘ਲੋਕ ਤਵਾਰੀਖ਼’ ਦਾ ਲੇਖਕ ਲਿਖਦਾ ਹੈ,‘ਜੱਲ੍ਹਣ ਜੱਟ ਦੇ ਮੂੰਹੋਂ ਨਿਕਲੇ ਸ਼ਬਦ ਲੋਕ ਅਖਾਣਾਂ ਦਾ ਦਰਜਾ ਰੱਖਦੇ ਹਨ। ਜੱਲ੍ਹਣ ਜੱਟ ਦੀ ਸ਼ਾਇਰੀ ਠੇਠ ਪੰਜਾਬੀ ਵਿਚ ਲਿਖੀ ਮਿਲਦੀ ਹੈ, ਪਰ ਕਿਤੇ ਕਿਤੇ ਉਸਦੀ ਸ਼ਾਇਰੀ ਵਿਚ ਪੂਰਬੀ ਹਿੰਦੀ, ਬ੍ਰਜ ਭਾਸ਼ਾ ਅਤੇ ਅਰਬੀ ਫ਼ਾਰਸੀ ਦਾ ਕੋਈ ਕੋਈ ਸ਼ਬਦ ਵੀ ਰਲਿਆ ਮਿਲਦਾ ਹੈ।
ਜੱਲ੍ਹਣ ਜੱਟ ਗਲ ਗੰਢਿਆਂ ਦੀ ਮਾਲਾ
ਜਪੋ ਜਪ ਨਹੀਂ ਤੇ ਖਾਓ ਸੁਖਾਲਾ।
ਇਸ ਕਹਾਵਤ ਦਾ ਉਪਰੋਕਤ ਵਾਕ ਉਸ ਦੀ ਲੇਖਣੀ ਵਿਚੋਂ ਹੀ ਹੈ ਜਿਹੜਾ ਦਰਸਾਉਂਦਾ ਹੈ ਕਿ ਚੰਗੇ ਕੰਮ ਕਰਨ ਵਾਲਿਆਂ ਲਈ ਮੌਜਾਂ ਹੀ ਮੌਜਾਂ ਹਨ। ਜੱਟ ਫ਼ਕੀਰ ਬਣ ਕੇ ਜੇ ਗਲ ਗੰਢਿਆਂ ਦੀ ਮਾਲਾ ਪਾਉਂਦਾ ਹੈ ਤਾਂ ਇਸ ਵਿਚ ਸਾਦਗੀ ਵੀ ਝਲਕਦੀ ਹੈ ਅਤੇ ਜ਼ਰੂਰਤ ਸਮੇਂ ਇਹ ਕੰਮ ਵੀ ਆ ਸਕਦੇ ਹਨ।