ਨਸ਼ਿਆਂ ਕਾਰਨ ਉੱਜੜ ਰਹੇ ਪਿੰਡ ਨੂੰ ਬਚਾਉਣ ਲਈ ਨਿੱਤਰੇ ਬਰਮਾ ਵਾਸੀ
ਡੀਪੀਐੱਸ ਬੱਤਰਾ
ਸਮਰਾਲਾ, 20 ਨਵੰਬਰ
ਨੇੜਲੇ ਪਿੰਡ ਬਰਮਾ ਦੇ ਵਸਨੀਕਾਂ ਨੇ ਅੱਜ ਇਕੱਠੇ ਹੋ ਕੇ ਥਾਣਾ ਸਮਰਾਲਾ ਵਿੱਚ ਪੁੱਜ ਕੇ ਪੁਲੀਸ ਤੋਂ ਮੰਗ ਕੀਤੀ ਕਿ ਨਸ਼ਿਆਂ ਕਾਰਨ ਉੱਜੜ ਰਹੇ ਉਨ੍ਹਾਂ ਦੇ ਪਿੰਡ ਨੂੰ ਬਚਾਉਣ ਲਈ ਤੁਰੰਤ ਐਕਸ਼ਨ ਲਿਆ ਜਾਵੇ। ਇਸ ਮੌਕੇ ਪਿੰਡ ਵਾਸੀਆਂ ਨੇ ਕੁਝ ਨਸ਼ਾ ਤਸਕਰਾਂ ਦੇ ਨਾਮ ਪੁਲੀਸ ਨੂੰ ਦਿੰਦਿਆਂ ਇਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪਿੰਡ ਦੀ ਪੰਚਾਇਤ ਅਤੇ ਕਈ ਹੋਰ ਮੋਹਤਬਰ ਵਿਅਕਤੀਆਂ ਦੀ ਅਗਵਾਈ ਹੇਠ ਅੱਜ ਦਰਜਨਾਂ ਪਿੰਡ ਵਾਸੀਆਂ ਨੇ ਥਾਣਾ ਸਮਰਾਲਾ ਵਿਖੇ ਪਹੁੰਚ ਕੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਨਸ਼ੇੜੀਆਂ ਦੀ ਗਿਣਤੀ ਵੱਧ ਰਹੀ ਹੈ। ਪਿੰਡ ਵਾਸੀਆਂ ਮੁਤਾਬਕ ਇਸ ਸਮੇਂ ਹਾਲਾਤ ਇਹ ਹੈ ਕਿ 20-25 ਨਸ਼ਾ ਪੀੜਤਾਂ ਨੂੰ ਇਲਾਜ ਦੀ ਲੋੜ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਨਸ਼ਾ ਵਿਕਣ ਕਾਰਨ ਬੱਚੇ ਵੀ ਸ਼ਿਕਾਰ ਹੋ ਰਹੇ ਹਨ। ਪੰਚਾਇਤ ਦੀ ਅਗਵਾਈ ਹੇਠ ਪੁਲੀਸ ਨੂੰ ਲਿਖਤੀ ਰੂਪ ਵਿੱਚ ਪਿੰਡ ਵਾਸੀਆਂ ਨੇ ਸ਼ਿਕਾਇਤ ਸੌਂਪਦੇ ਹੋਏ ਨਸ਼ਾ ਵੇਚਣ ਵਾਲੇ ਕੁਝ ਵਿਅਕਤੀਆਂ ਦੇ ਨਾਂ ਵੀ ਦਿੱਤੇ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਹਾਲਤ ਇਹ ਬਣ ਗਈ ਹੈ ਕਿ ਔਰਤਾਂ ਨੂੰ ਘਰਾਂ ਨਿਕਲਦਿਆਂ ਵੀ ਡਰ ਲੱਗਦਾ ਹੈ। ਬਾਹਰਲੇ ਪਿੰਡਾਂ ਤੋਂ ਵੀ ਨੌਜਵਾਨ ਨਸ਼ਾ ਲੈਣ ਉਨ੍ਹਾਂ ਦੇ ਪਿੰਡ ਆ ਰਹੇ ਹਨ ਅਤੇ ਨਸ਼ੇ ਦੀ ਹਾਲਤ ਵਿਚ ਨਸ਼ੇੜੀਆਂ ਵੱਲੋਂ ਤੇਜ਼ ਰਫ਼ਤਾਰ ਮੋਟਰਸਾਈਕਲ ਪਿੰਡ ਦੀਆਂ ਗਲੀਆਂ ਵਿਚ ਦੌੜਾਏ ਜਾ ਰਹੇ ਹਨ। ਇਸ ਨਾਲ ਹਰ ਵੇਲੇ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ। ਉਧਰ ਥਾਣਾ ਸਮਰਾਲਾ ਦੇ ਐੱਸਐੱਚਓ ਰਾਓ ਵਰਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਵਿੱਚ ਨਸ਼ਾ ਵੇਚਣ ਨਹੀਂ ਵੇਚਣ ਦਿੱਤਾ ਜਾਵੇਗਾ।