ਬੁਮਰਾਹ ਮਹੀਨੇ ਦੇ ਸਰਬੋਤਮ ਕ੍ਰਿਕਟਰ ਪੁਰਸਕਾਰ ਲਈ ਨਾਮਜ਼ਦ
ਦੁਬਈ, 7 ਜਨਵਰੀ
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਹਾਲ ਹੀ ’ਚ ਸਮਾਪਤ ਹੋਈ ਬਾਰਡਰ-ਗਾਵਸਕਰ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਦਸੰਬਰ 2024 ਵਾਸਤੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਮਹੀਨੇ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਬੁਮਰਾਹ ਨੇ ਦਸੰਬਰ ’ਚ ਖੇਡੇ ਗਏ ਤਿੰਨ ਟੈਸਟ ਮੈਚਾਂ ’ਚ 14.22 ਦੀ ਔਸਤ ਨਾਲ 22 ਵਿਕਟਾਂ ਲਈਆਂ। ਹਾਲਾਂਕਿ ਬਾਰਡਰ-ਗਾਵਸਕਰ ਟਰਾਫੀ ਦੇ ਪੰਜ ਮੈਚਾਂ ’ਚ ਉਸ ਨੇ ਕੁੱਲ 32 ਵਿਕਟਾਂ ਲਈਆਂ ਹਨ। ਉਹ ਆਸਟਰੇਲੀਆ ਖ਼ਿਲਾਫ਼ ਸਿਡਨੀ ’ਚ ਖੇਡੇ ਗਏ ਪੰਜਵੇਂ ਅਤੇ ਆਖਰੀ ਟੈਸਟ ਦੀ ਦੂਜੀ ਪਾਰੀ ’ਚ ਸੱਟ ਕਾਰਨ ਗੇਂਦਬਾਜ਼ੀ ਨਹੀਂ ਕਰ ਸਕਿਆ ਸੀ।
ਬੁਮਰਾਹ ਤੋਂ ਇਲਾਵਾ ਮਹੀਨੇ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ’ਚ ਆਸਟਰੇਲੀਆ ਦਾ ਕਪਤਾਨ ਪੈਟ ਕਮਿਨਸ ਅਤੇ ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਡੇਨ ਪੈਟਰਸਨ ਵੀ ਸ਼ਾਮਲ ਹੈ। ਕਮਿਨਸ ਦੀ ਅਗਵਾਈ ਹੇਠ ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਵਿੱਚ 3-1 ਨਾਲ ਜਿੱਤ ਹਾਸਲ ਕੀਤੀ। ਉਸ ਨੇ ਦਸੰਬਰ ਵਿੱਚ ਭਾਰਤ ਖ਼ਿਲਾਫ਼ ਤਿੰਨ ਟੈਸਟ ਮੈਚਾਂ ’ਚ 17.64 ਦੀ ਔਸਤ ਨਾਲ 17 ਵਿਕਟਾਂ ਲਈਆਂ। ਉਸ ਨੇ ਐਡੀਲੇਡ ਵਿੱਚ ਪੰਜ ਵਿਕਟਾਂ ਲੈ ਕੇ ਮਹੀਨੇ ਦਾ ਆਪਣਾ ਸਰਬੋਤਮ ਪ੍ਰਦਰਸ਼ਨ ਦਿੱਤਾ, ਜਿਸ ਸਦਕਾ ਮੇਜ਼ਬਾਨ ਟੀਮ ਨੇ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਪੈਟਰਸਨ ਨੇ ਸ੍ਰੀਲੰਕਾ ਅਤੇ ਪਾਕਿਸਤਾਨ ਖ਼ਿਲਾਫ਼ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਪਣੀ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਸ ਨੇ ਦੋ ਟੈਸਟਾਂ ਵਿੱਚ 16.92 ਦੀ ਔਸਤ ਨਾਲ 13 ਵਿਕਟਾਂ ਲਈਆਂ। ਦੱਖਣੀ ਅਫਰੀਕਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਆਸਟਰੇਲੀਆ ਨਾਲ ਹੋਵੇਗਾ। -ਪੀਟੀਆਈ