ਬੁਮਰਾਹ ਨੂੰ ਸਾਲ ਦਾ ਸਰਵੋਤਮ ਕ੍ਰਿਕਟਰ ਐਲਾਨਿਆ
ਦੁਬਈ:
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਾਲ ਦੇ ਸਰਵੋਤਮ ਪੁਰਸ਼ ਕ੍ਰਿਕਟਰ ਲਈ ਸਰ ਗਾਰਫੀਲਡ ਸੋਬਰਸ ਪੁਰਸਕਾਰ ਲਈ ਚੁਣਿਆ ਗਿਆ ਹੈ। ਉਸ ਨੇ ਸਾਲ 2024 ਵਿੱਚ ਸਾਰੇ ਫਾਰਮੈਟਾਂ ਵਿੱਚ ਹੁਨਰ, ਨਿਰੰਤਰਤਾ ਅਤੇ ਸਟੀਕ ਪ੍ਰਦਰਸ਼ਨ ਵਿੱਚ ਉੱਤਮਤਾ ਦੀ ਮਿਸਾਲ ਕਾਇਮ ਕੀਤੀ। 31 ਸਾਲਾ ਬੁਮਰਾਹ ਨੂੰ ਬੀਤੇ ਦਿਨ ਆਈਸੀਸੀ ਦਾ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ ਸੀ। ਇਸ ਦੇ ਨਾਲ ਹੀ ਉਸ ਨੂੰ ਸਾਲ ਦੀ ਸਰਵੋਤਮ ਟੈਸਟ ਟੀਮ ਵਿੱਚ ਵੀ ਜਗ੍ਹਾ ਮਿਲੀ ਹੈ। ਆਈਸੀਸੀ ਨੇ ਕਿਹਾ, ‘ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਪੁਰਸਕਾਰਾਂ ਵਿੱਚ ਸਾਲ ਦੇ ਸਰਵੋਤਮ ਪੁਰਸ਼ ਕ੍ਰਿਕਟਰ ਲਈ ਸਰ ਗਾਰਫੀਲਡ ਸੋਬਰਸ ਪੁਰਸਕਾਰ ਲਈ ਚੁਣਿਆ ਗਿਆ ਹੈ। ਸਾਲ 2024 ਵਿੱਚ ਉਸ ਨੇ ਟੈਸਟ ਅਤੇ ਸੀਮਤ ਓਵਰਾਂ ਦੇ ਫਾਰਮੈਟਾਂ ਵਿੱਚ ਵਿਰੋਧੀ ਟੀਮਾਂ ’ਤੇ ਦਬਾਅ ਬਣਾਈ ਰੱਖਿਆ।’ ਆਈਸੀਸੀ ਨੇ ਕਿਹਾ, ‘ਬੁਮਰਾਹ ਦੇ ਹੁਨਰ ਦੀ ਝਲਕ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚੋਂ ਮਿਲਦੀ ਹੈ, ਜਿਸ ’ਚ ਉਸ ਨੇ 900 ਅੰਕਾਂ ਦਾ ਅੰਕੜਾ ਪਾਰ ਕੀਤਾ ਅਤੇ ਸਾਲ ਦੇ ਅਖੀਰ ਵਿਚ ਉਸ ਦੇ ਨਾਂ 907 ਅੰਕ ਰਹੇ, ਜੋ ਇਤਿਹਾਸ ’ਚ ਕਿਸੇ ਵੀ ਭਾਰਤੀ ਗੇਂਦਬਾਜ਼ ਲਈ ਸਭ ਤੋਂ ਵੱਧ ਹਨ।’ -ਪੀਟੀਆਈ