ਧੱਕਾਮੁੱਕੀ ਮਾਮਲਾ: ਕਿਸਾਨ ਜਥੇਬੰਦੀ ਵੱਲੋਂ ਭੰਡਾਰੀ ਪੁਲ ’ਤੇ ਧਰਨਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਕਰਮਜੀਤ ਸਿੰਘ ਸਿੱਧੂ ਨਾਲ ਪੁਲੀਸ ਵੱਲੋਂ ਧੱਕਾਮੁੱਕੀ ਅਤੇ ਖਿੱਚ ਧੂਹ ਕਰਨ ਖਿਲਾਫ਼ ਅੱਜ ਜਥੇਬੰਦੀ ਵੱਲੋਂ ਇੱਥੇ ਸਥਾਨਕ ਭੰਡਾਰੀ ਪੁਲ ’ਤੇ ਧਰਨਾ ਦਿੱਤਾ ਗਿਆ ਜਿਸ ਨਾਲ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਦੁਪਹਿਰ ਇਹ ਧਰਨਾ ਉਸ ਵੇਲੇ ਖਤਮ ਹੋਇਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਵੱਲੋਂ ਕਿਸਾਨ ਜਥੇਬੰਦੀ ਨਾਲ ਮੀਟਿੰਗ ਕੀਤੀ ਗਈ ਅਤੇ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਅੱਜ ਦੁਪਹਿਰ ਵੇਲੇ ਅਚਨਚੇਤ ਕਿਸਾਨ ਜਥੇਬੰਦੀ ਦੇ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਭੰਡਾਰੀ ਪੁਲ ’ਤੇ ਧਰਨਾ ਦੇ ਦਿੱਤਾ ਤੇ ਆਵਾਜਾਈ ਰੋਕ ਦਿੱਤੀ। ਧਰਨੇ ਕਾਰਨ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਅਤੇ ਥਾਂ-ਥਾਂ ’ਤੇ ਵੱਡੇ ਜਾਮ ਲੱਗ ਗਏ ਜਿਸ ਕਾਰਨ ਕਈ ਥਾਵਾਂ ’ਤੇ ਐਂਬੂਲੈਂਸਾਂ ਵੀ ਫਸ ਗਈਆਂ। ਸਕੂਲਾਂ ਵਿੱਚ ਛੁੱਟੀ ਦਾ ਸਮਾਂ ਹੋਣ ਕਾਰਨ ਕਈ ਥਾਵਾਂ ’ਤੇ ਸਕੂਲੀ ਵਾਹਨ ਵੀ ਫਸ ਗਏ। ਇਸ ਦੌਰਾਨ ਕਿਸਾਨ ਜਥੇਬੰਦੀ ਦੇ ਆਗੂ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਨੰਗਲੀ ਦੇ ਇੱਕ ਛੋਟੇ ਦੁਕਾਨਦਾਰ ਦੇ ਕਰਜ਼ੇ ਦੇ ਮਾਮਲੇ ਵਿੱਚ ਪੁਲੀਸ ਅਤੇ ਸਬੰਧਤ ਅਦਾਰੇ ਦੇ ਕਰਮਚਾਰੀ ਪੁੱਜੇ ਸਨ ਜਿੱਥੇ ਕਿਸਾਨ ਜਥੇਬੰਦੀ ਵੀ ਪੁੱਜੀ ਸੀ ਅਤੇ ਅਤੇ ਪੁਲੀਸ ਨੂੰ ਦੁਕਾਨਦਾਰ ਨਾਲ ਧੱਕੇਸ਼ਾਹੀ ਕਰਨ ਦੀ ਥਾਂ ਮਸਲਾ ਗੱਲਬਾਤ ਨਾਲ ਹੱਲ ਕਰਨ ਲਈ ਅਪੀਲ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿਹਾ ਕਿ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੁਕਾਨਦਾਰ ਨਾਲ ਤਾਂ ਧੱਕੇਸ਼ਾਹੀ ਕੀਤੀ ਹੀ ਸਗੋਂ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਵੀ ਖਿੱਚ-ਧੂਹ ਜਿਸ ਦੇ ਰੋਸ ਵਜੋਂ ਅੱਜ ਭੰਡਾਰੀ ਪੁੱਲ ’ਤੇ ਧਰਨਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਧਰਨੇ ਦੌਰਾਨ ਪੁਲੀਸ ਅਧਿਕਾਰੀ ਹਰਪਾਲ ਸਿੰਘ ਅਤੇ ਐੱਸਡੀਐੱਮ ਮੌਕੇ ’ਤੇ ਪੁੱਜੇ ਸਨ ਜਿਨ੍ਹਾਂ ਨੇ ਕਿਸਾਨ ਜਥੇਬੰਦੀ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਮਗਰੋਂ ਐੱਸਡੀਐੱਮ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਬੈਂਕ ਅਧਿਕਾਰੀਆਂ ਤੇ ਸਬੰਧਤ ਦੁਕਾਨਦਾਰ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾ ਦੇਣਗੇ। ਦੂਜੇ ਪਾਸੇ ਪੁਲੀਸ ਅਧਿਕਾਰੀ ਨੇ ਵੀ ਕਿਸਾਨ ਆਗੂਆਂ ਨਾਲ ਹੋਈ ਧੱਕੇਸ਼ਾਹੀ ਦਾ ਅਫਸੋਸ ਪ੍ਰਗਟਾਇਆ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਧਰਨਾ ਖਤਮ ਕਰ ਦਿੱਤਾ ਗਿਆ।