ਲੁਧਿਆਣਾ ਕਾਂਗਰਸ ਪ੍ਰਧਾਨ ਦੀ ਗੱਡੀ ’ਤੇ ਚੱਲੀ ਗੋਲੀ
ਗਗਨਦੀਪ ਅਰੋੜਾ
ਲੁਧਿਆਣਾ, 12 ਅਕਤੂਬਰ
ਇੱਥੇ ਕੁਝ ਅਣਪਛਾਤਿਆਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਸੰਜੈ ਤਲਵਾੜ ਦੀ ਇਨੋਵਾ ਗੱਡੀ ’ਤੇ ਗੋਲੀ ਚਲਾ ਦਿੱਤੀ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਘਰ ਦੇ ਬਾਹਰ ਖੜ੍ਹੀ ਗੱਡੀ ਚਲਾਉਣ ਲਈ ਸਵੇਰੇ ਉਨ੍ਹਾਂ ਦਾ ਡਰਾਈਵਰ ਆਇਆ। ਡਰਾਈਵਰ ਅਨੁਸਾਰ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਗੋਲੀ ਦਾ ਖੋਲ ਪਿਆ ਸੀ। ਇਸ ਮਗਰੋਂ ਉਸ ਨੇ ਤੁਰੰਤ ਘਰ ਜਾ ਕੇ ਇਸ ਦੀ ਸੂਚਨਾ ਦਿੱਤੀ। ਇਸ ਬਾਰੇ ਪਤਾ ਲੱਗਣ ’ਤੇ ਕਾਂਗਰਸੀ ਆਗੂ ਅਤੇ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਮੁੱਢਲੀ ਜਾਂਚ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਨੇ ਹਵਾ ਵਿੱਚ ਗੋਲੀ ਚਲਾਈ ਸੀ ਅਤੇ ਗੋਲੀ ਕਾਰ ਦੇ ਸ਼ੀਸ਼ੇ ਵਿੱਚ ਜਾ ਵੱਜੀ। ਪੁਲੀਸ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ।
ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ, ਨੂੰਹ, ਸੁਰੱਖਿਆ ਕਰਮਚਾਰੀ ਅਤੇ ਡਰਾਈਵਰ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਗੱਡੀ ਘਰ ਦੇ ਬਾਹਰ ਖੜ੍ਹੀ ਕਰ ਕੇ ਅੰਦਰ ਚਲੇ ਗਏ ਸਨ। ਸਵੇਰੇ ਜਦੋਂ ਡਰਾਈਵਰ ਤੇ ਸੁਰੱਖਿਆ ਮੁਲਾਜ਼ਮ ਕਾਰ ਲੈਣ ਲਈ ਨਿਕਲੇ ਤਾਂ ਇਸ ਬਾਰੇ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਕਿਸੇ ਤਕਨੀਕੀ ਕਾਰਨ ਕਰਕੇ ਕਲੋਨੀ ਦੇ ਕੁਝ ਸੀਸੀਟੀਵੀ ਕੈਮਰੇ ਅੱਧੇ ਘੰਟੇ ਲਈ ਬੰਦ ਸਨ। ਇਸ ਬਾਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਰਾਭਾ ਨਗਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਗੋਲੀ ਅਚਾਨਕ ਲੱਗੀ ਹੈ। ਕਿਸੇ ਨੇ ਜਾਣ-ਬੁੱਝ ਕੇ ਗੋਲੀ ਨਹੀਂ ਚਲਾਈ। ਬਾਕੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।