For the best experience, open
https://m.punjabitribuneonline.com
on your mobile browser.
Advertisement

ਬੁਲਡੋਜ਼ਰ

11:06 AM Oct 28, 2023 IST
ਬੁਲਡੋਜ਼ਰ
Advertisement

ਬਾਲ ਕਹਾਣੀ

ਇਕਬਾਲ ਸਿੰਘ ਹਮਜਾਪੁਰ

ਹਾਥੀ, ਜੰਗਲ ਵਿੱਚ ਇੱਕ ਦਰੱਖਤ ਹੇਠਾਂ ਰਹਿੰਦਾ ਸੀ। ਜਿੱਥੇ ਹਾਥੀ ਰਹਿੰਦਾ ਸੀ, ਉੱਥੇ ਦਰੱਖਤ ਉੱਪਰ ਕੁਝ ਪੰਛੀ ਵੀ ਰਹਿੰਦੇ ਸਨ। ਹਾਥੀ, ਪੰਛੀਆਂ ਨੂੰ ਕੁਝ ਨਹੀਂ ਕਹਿੰਦਾ ਸੀ। ਹਾਥੀ ਕਿਸੇ ਨਾ ਕਿਸੇ ਢੰਗ ਨਾਲ ਪੰਛੀਆਂ ਦੀ ਮਦਦ ਕਰਦਾ ਰਹਿੰਦਾ ਸੀ, ਪਰ ਪੰਛੀ, ਹਾਥੀ ਦੇ ਅਹਿਸਾਨਮੰਦ ਹੋਣ ਦੀ ਥਾਂ ਉਸ ਨੂੰ ਮਖੌਲ ਕਰਦੇ ਰਹਿੰਦੇ ਸਨ। ਪੰਛੀ, ਹਾਥੀ ਦੇ ਵੱਡੇ ਸਰੀਰ ਨੂੰ ਵੇਖ ਕੇ ਉਸ ਦਾ ਮਜ਼ਾਕ ਉਡਾਉਂਦੇ ਸਨ। ਪੰਛੀ ਕਦੀਂ ਉਸ ਨੂੰ ਬੁਲਡੋਜ਼ਰ ਤੇ ਕਦੀ ਠੇਲ੍ਹਾ ਆਖਦੇ ਸਨ।
‘‘ਪੰਛੀ ਭਰਾਵੋ! ਮੈਨੂੰ ਇਸ ਤਰ੍ਹਾਂ ਦਾ ਵੱਡਾ ਤੇ ਬੇਢੱਬਾ ਪਰਮਾਤਮਾ ਨੇ ਹੀ ਬਣਾਇਆ ਹੈ। ਮੇਰੇ ਆਪਣੇ ਹੱਥ-ਵੱਸ ਕੁਝ ਨਹੀਂ ਹੈ।’’ ਹਾਥੀ, ਪੰਛੀਆਂ ਨੂੰ ਸਮਝਾਉਂਦਾ ਹੋਇਆ ਆਖਦਾ, ਪਰ ਪੰਛੀ ਨਾ ਮੰਨਦੇ।
ਹਾਥੀ, ਪੰਛੀਆਂ ਦੀ ਮਦਦ ਲਈ ਹਰ ਵੇਲੇ ਤਿਆਰ-ਬਰ-ਤਿਆਰ ਰਹਿੰਦਾ ਸੀ। ਹਾਥੀ ਸੈਰ ਕਰਦਾ ਹੋਇਆ ਦੂਰ ਨਿਕਲ ਜਾਂਦਾ। ਉਹ ਕਿਧਰੇ ਅਨਾਜ ਪਿਆ ਵੇਖਦਾ ਤਾਂ ਉਹ ਆਪਣੀ ਸੁੰਢ ਨਾਲ ਕਾਫ਼ੀ ਸਾਰਾ ਅਨਾਜ ਚੁੱਕ ਲਿਆਉਂਦਾ। ਪੰਛੀਆਂ ਨੂੰ ਮੌਜ ਲੱਗ ਜਾਂਦੀ। ਉਨ੍ਹਾਂ ਨੂੰ ਚੋਗੇ ਲਈ ਇੱਧਰ-ਉੱਧਰ ਨਹੀਂ ਭਟਕਣਾ ਪੈਂਦਾ ਸੀ। ਪੰਛੀ ਕਈ-ਕਈ ਦਿਨਾਂ ਤੱਕ ਹਾਥੀ ਦਾ ਲਿਆਂਦਾ ਹੋਇਆ ਅਨਾਜ ਖਾਂਦੇ ਰਹਿੰਦੇ ਸਨ। ਹਾਥੀ ਤੋਂ ਡਰਦੇ ਮਾਰੇ ਸ਼ਿਕਾਰੀ ਵੀ ਪੰਛੀਆਂ ਵੱਲ ਮੂੰਹ ਨਹੀਂ ਕਰਦੇ ਸਨ। ਫਿਰ ਵੀ ਪੰਛੀ ਉਸ ਦੀ ਲੰਮੀ ਸੁੰਡ ਤੇ ਪੱਖੇ ਵਰਗੇ ਵੱਡੇ ਕੰਨਾਂ ਦਾ ਮਜ਼ਾਕ ਉਡਾਉਂਦੇ ਸਨ। ਪੰਛੀ, ਹਾਥੀ ਦੇ ਵੱਖ-ਵੱਖ ਨਾਂ ਧਰਦੇ ਸਨ।
‘‘ਹਾਥੀ ਭਰਾਵਾ! ਕਦੀ ਸਾਡੇ ਨਾਲ ਬਹਿ ਕੇ ਵੀ ਖਾ ਲਿਆ ਕਰ। ਆ ਜਾ ਲੰਚ ਕਰੀਏ।’’ ਉਸ ਦਰੱਖਤ ਉੱਪਰ ਰਹਿਣ ਵਾਲਾ ਚਿੜਾ ਕਣਕ ਜਾਂ ਚੌਲਾਂ ਦਾ ਇੱਕ ਦਾਣਾ ਲਿਆ ਕੇ ਹਾਥੀ ਨੂੰ ਸੁਲਾਹ ਮਾਰਦਾ। ਵਿਚਾਰਾ ਹਾਥੀ ਕੱਚਾ ਜਿਹਾ ਹੋ ਜਾਂਦਾ। ਇਸ ਤਰ੍ਹਾਂ ਕਾਫ਼ੀ ਸਮਾਂ ਨਿਕਲ ਗਿਆ। ਪੰਛੀ, ਹਾਥੀ ਦਾ ਮਖੌਲ ਉਡਾਉਣੋਂ ਨਾ ਹਟੇ। ਹਾਥੀ ਨੂੰ ਪੰਛੀਆਂ ’ਤੇ ਬਹੁਤ ਗੁੱਸਾ ਆਉਂਦਾ ਸੀ। ਫਿਰ ਵੀ ਉਹ ਪੰਛੀਆਂ ਨੂੰ ਕੁਝ ਨਾ ਆਖਦਾ ਕਿਉਂਕਿ ਉਹ ਬਹੁਤ ਸਮਝਦਾਰ ਸੀ।
ਫਿਰ ਇੱਕ ਦਿਨ ਤੇਜ਼ ਹਨੇਰੀ ਤੇ ਮੀਂਹ ਆ ਗਿਆ। ਹਨੇਰੀ ਨਾਲ ਦਰੱਖਤ ਦੇ ਸਾਰੇ ਟਾਹਣ ਟੁੱਟ ਕੇ ਹੇਠਾਂ ਜ਼ਮੀਨ ’ਤੇ ਡਿੱਗ ਪਏ। ਪੰਛੀ ਤੇ ਉਨ੍ਹਾਂ ਦੇ ਬੱਚੇ ਆਲ੍ਹਣਿਆਂ ਸਮੇਤ ਟਾਹਣਾਂ ਹੇਠ ਦੱਬ ਗਏ। ਹਾਥੀ ਸਭ ਕੁਝ ਵੇਖ ਰਿਹਾ ਸੀ। ਸਮਝਦਾਰ ਤੇ ਪਰਉਪਕਾਰੀ ਹਾਥੀ ਨੇ ਫੁਰਤੀ ਵਿਖਾਈ। ਉਸ ਨੇੇ ਮਿੰਟਾਂ ਸਕਿੰਟਾਂ ਵਿੱਚ ਟਾਹਣਾਂ ਨੂੰ ਉਲਟ-ਪੁਲਟ ਕੇ ਸਾਰੇ ਪੰਛੀਆਂ ਤੇ ਬੋਟਾਂ ਨੂੰ ਬਾਹਰ ਕੱਢਿਆ। ਹਾਥੀ ਨੇ ਸਾਰੇ ਪੰਛੀਆਂ ਤੇ ਬੋਟਾਂ ਨੂੰ ਤਾਂ ਹਿੰਮਤ ਵਿਖਾ ਕੇ ਬਚਾ ਲਿਆ ਸੀ, ਪਰ ਸਾਰੇ ਪੰਛੀਆਂ ਦੇ ਆਲ੍ਹਣੇ ਟੁੱਟ ਗਏ ਸਨ। ਸਾਰੇ ਪੰਛੀ ਤੇ ਬੋਟ ਰੜੇ ਮੈਦਾਨ ਬੈਠੇ ਸਨ। ਉੱਤੋਂ ਰਾਤ ਪੈ ਰਹੀ ਸੀ। ਨਵੇਂ ਆਲ੍ਹਣੇ ਬਣਾਉਣ ਲਈ ਪੰਛੀਆਂ ਨੂੰ ਸੁੱਕੇ ਕੱਖਾਂ ਦੀ ਜ਼ਰੂਰਤ ਸੀ। ਉੱਥੇ ਨਜ਼ਦੀਕ ਕਿਧਰੇ ਵੀ ਸੁੱਕੇ ਕੱਖ ਨਹੀਂ ਸਨ ਤੇ ਪੰਛੀ ਆਪਣੇ ਬੋਟਾਂ ਨੂੰ ਇਕੱਲਿਆਂ ਛੱਡ ਕੇ ਦੂਰ ਜਾਣਾ ਨਹੀਂ ਚਾਹੁੰਦੇ ਸਨ। ਪੰਛੀਆਂ ਨੂੰ ਡਰ ਸੀ ਕਿ ਰੜੇ ਮੈਦਾਨ ਬੈਠੇ ਬੋਟਾਂ ਨੂੰ ਕਿਧਰੇ ਕੀੜੇ-ਮਕੌੜੇ ਨਾ ਖਾ ਜਾਣ। ਪੰਛੀਆਂ ਨੂੰ ਸੁੱਝ ਨਹੀਂ ਰਿਹਾ ਸੀ ਕਿ ਹੁਣ ਉਹ ਕੀ ਕਰਨ। ਸਾਰੇ ਪੰਛੀ ਗੁੰਮ-ਸੁੰਮ ਬੈਠੈ ਸਨ।
‘‘ਪੰਛੀ ਭਰਾਵੋ! ਇਸ ਤਰ੍ਹਾਂ ਹੱਥ ’ਤੇ ਹੱਥ ਧਰ ਕੇ ਬੈਠਿਆਂ ਨਹੀਂ ਸਰਨਾ। ਉੱਠ ਕੇ ਫਟਾਫਟ ਆਲ੍ਹਣੇ ਬਣਾ ਲਵੋ।’’ ਹਾਥੀ ਨੇ ਆਖਿਆ।
‘‘ਹਾਥੀ ਭਰਾਵਾ! ਆਲ੍ਹਣੇ ਬਣਾਉਣ ਲਈ ਸੁੱਕੇ
ਕੱਖ ਚਾਹੀਦੇ ਹਨ ਤੇ ਬੋਟਾਂ ਨੂੰ ਸੁੰਨੇ ਛੱਡ ਕੇ ਅਸੀਂ
ਕੱਖ ਲੈਣ ਨਹੀਂ ਜਾ ਸਕਦੇ। ਸਾਡੇ ਬੋਟਾਂ ਨੂੰ ਕੀੜੇ-ਮਕੌੜੇ ਖਾ ਜਾਣਗੇ।’’ ਪੰਛੀਆਂ ਨੇ ਹਾਥੀ ਨੂੰ ਆਪਣੀ
ਮਜਬੂਰੀ ਦੱਸੀ।
‘‘ਕੀੜੇ-ਮਕੌੜਿਆਂ ਦਾ ਇਲਾਜ ਮੈਂ ਕਰ ਦਿੰਦਾ
ਹਾਂ।’’ ਇਹ ਆਖਦਿਆਂ ਹਾਥੀ ਆਪਣੇ ਲੰਮੇ ਚੌੜੇ
ਕੰਨਾਂ ਨੂੰ ਪੱਖੇ ਵਾਂਗ ਝੁਲਾਉਣ ਲੱਗ ਪਿਆ। ਉਸ ਨੇ
ਕੁਝ ਹੀ ਪਲਾਂ ਵਿੱਚ ਬੋਟਾਂ ਦੇ ਨੇੜਿਓਂ ਸਾਰੇ
ਕੀੜੇ-ਮਕੌੜੇ ਉਡਾ ਦਿੱਤੇ। ਹੁਣ ਪੰਛੀ ਬੇਫਿਕਰੇ ਹੋ
ਕੇ ਸੁੱਕੇ ਕੱਖ ਲੈਣ ਲਈ ਤੁਰ ਪਏ। ਬੋਟਾਂ ਦੀ ਰਾਖੀ
ਕਰਨ ਦੀ ਜ਼ਿੰਮੇਵਾਰੀ ਹਾਥੀ ਨੇ ਲੈ ਲਈ ਸੀ। ਪੰਛੀ ਦੂਰੋਂ ਇੱਕ ਇੱਕ ਤੀਲ੍ਹਾ ਚੁੱਕ ਕੇ ਲਿਆਉਂਦੇ। ਇਸ ਤਰ੍ਹਾਂ ਕਰਦਿਆਂ ਉਨ੍ਹਾਂ ਨੂੰ ਕਾਫ਼ੀ ਸਮਾਂ ਲੱਗ ਗਿਆ। ਦਿਨ
ਡੁੱਬ ਗਿਆ ਸੀ, ਪਰ ਪੰਛੀਆਂ ਦੇ ਆਲ੍ਹਣੇ ਅਜੇ ਅਧੂਰੇ ਪਏ ਸਨ।
‘‘ਪੰਛੀ ਭਰਾਵੋ! ਇਸ ਤਰ੍ਹਾਂ ਤੁਹਾਡੇ ਆਲ੍ਹਣੇ ਨਹੀਂ ਬਣਨੇ। ਤੁਸੀਂ ਇੱਥੇ ਬੈਠੋ ਤੇ ਮੈਂ ਸੁੱਕੇ ਕੱਖ ਲੈ ਕੇ ਆਉਂਦਾ ਹਾਂ।’’ ਹਾਥੀ ਨੇ ਆਖਿਆ।
ਪੰਛੀਆਂ ਨੂੰ ਬੋਟਾਂ ਕੋਲ ਬਿਠਾ ਕੇ ਹਾਥੀ ਕੱਖ ਲੈਣ ਚਲਾ ਗਿਆ। ਹਾਥੀ ਇੱਕੋ ਗੇੜੇ ਵਿੱਚ ਆਪਣੀ ਸੁੰਡ ਨਾਲ ਕਿੰਨੇ ਹੀ ਕੱਖ ਚੁੱਕ ਲਿਆਇਆ। ਪੰਛੀ ਖੁਸ਼ੀ ਖੁਸ਼ੀ ਆਲ੍ਹਣੇ ਬਣਾਉਣ ਲੱਗ ਪਏ।
ਪੰਛੀਆਂ ਨੇ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਨਵੇਂ ਆਲ੍ਹਣੇ ਬਣਾ ਲਏ ਸਨ। ਉਹ ਆਪਣੇ ਬੋਟਾਂ ਨੂੰ ਲੈ ਕੇ ਆਲ੍ਹਣਿਆਂ ਵਿੱਚ ਚਲੇ ਗਏ ਸਨ। ਹੁਣ ਪੰਛੀਆਂ ਨੂੰ ਹਾਥੀ ਚੰਗਾ ਲੱਗਣ ਲੱਗ ਪਿਆ ਸੀ। ਪੰਛੀਆਂ ਨੇ ਹਾਥੀ ਦੇ ਨਾਂ-ਕੁਨਾਂ ਪਾਉਣੇ ਬੰਦ ਕਰ ਦਿੱਤੇ ਸਨ। ਪੰਛੀਆਂ ਨੂੰ ਹੁਣ ਸਮਝ ਲੱਗ ਗਈ ਸੀ ਕਿ ਇਸ ਧਰਤੀ ’ਤੇ ਹਾਥੀ ਵਰਗੇ ਬੁਲਡੋਜ਼ਰਾਂ ਦੀ ਵੀ ਜ਼ਰੂਰਤ ਹੈ।

Advertisement

ਸੰਪਰਕ: 94165-92149

Advertisement
Author Image

sukhwinder singh

View all posts

Advertisement
Advertisement
×