ਅਪਾਹਜ ਮਹਿਲਾ ਲਈ ਮਕਾਨ ਬਣਾਇਆ
ਪੱਤਰ ਪ੍ਰੇਰਕ
ਸ਼ੇਰਪੁਰ, 24 ਨਵੰਬਰ
ਡੇਰਾ ਪ੍ਰੇਮੀਆਂ ਨੇ ਉੱਦਮ ਕਰਦਿਆਂ ਪਿੰਡ ਰਾਮਨਗਰ ਛੰਨਾਂ ਵਿੱਚ ਇੱਕ ਅਪਾਹਜ ਮਹਿਲਾ ਨੂੰ ਇੱਕ ਦਿਨ ’ਚ ਨਵਾਂ ਮਕਾਨ ਬਣਾ ਕੇ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਰਾਮਨਗਰ ਛੰਨਾਂ ਦੇ ਇੱਕ ਸ਼ੈਲਰ ਨਾਲ ਲਗਦੇ ਛੋਟੇ ਜਿਹੇ ਮਕਾਨ ਵਿੱਚ ਪਰਿਵਾਰ ਸਣੇ ਰਹਿ ਰਹੀ ਪਿੰਡ ਦੀ ਧੀ ਮਹਿੰਦਰ ਕੌਰ ਬਚਪਨ ਤੋਂ ਦੋਵੇਂ ਲੱਤਾਂ ਤੋਂ ਅਪਾਹਜ ਹੈ। ਪਿਛਲੇ ਸਮੇਂ ਦੌਰਾਨ ਉਸਨੂੰ ਪਿੰਡ ਦੀ ਪੰਚਾਇਤ ਨੇ ਪਲਾਟ ਦਿੱਤਾ ਸੀ ਪਰ ਉਸ ਕੋਲ ਇਹ ਜਗ੍ਹਾ ਪਾਉਣ ਲਈ ਕੋਈ ਸਾਧਨ ਸੋਮਾ ਨਹੀਂ ਸੀ। ਡੇਰਾ ਸੱਚਾ ਸੌਦਾ ਵੱਲੋਂ ਸ਼ਾਹ ਸਤਿਨਾਮ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਹੇਠ ਅੱਜ ਸੈਂਕੜੇ ਸ਼ਰਧਾਲੂਆਂ ਨੇ ਸਵੇਰ ਸਮੇਂ ਮਕਾਨ ਦਾ ਕੰਮ ਸ਼ੁਰੂ ਕੀਤਾ ਜਿਸ ਦਾ ਰਸਮੀ ਆਗਾਜ਼ ਪਿੰਡ ਦੀ ਸਰਪੰਚ ਬੀਬੀ ਇੰਦਰਜੀਤ ਕੌਰ ਵੱਲੋਂ ਇੱਟ ਰੱਖ ਕੇ ਕਰਵਾਇਆ। ਸ਼ਾਮ ਤੱਕ ਦੋ ਕਮਰੇ, ਰਸੋਈ ਅਤੇ ਬਾਥਰੂਮ ਬਣਾ ਕੇ ਇਹ ਮਕਾਨ ਮਹਿੰਦਰ ਕੌਰ ਅਤੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ।
ਇਸ ਮੌਕੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਕਮੇਟੀ ਵਿੱਚ ਸ਼ੁਮਾਰ ਦੁਨੀ ਚੰਦ ਇੰਸਾਂ, ਜਗਦੇਵ ਸੋਹਣਾ, ਨਛੱਤਰ ਇੰਸਾਂ, ਪੱਤਰਕਾਰ ਰਵੀ ਗੁਰਮਾ, ਜਗਦੇਵ ਹੇੜੀਕੇ, ਹਰਪਾਲ ਬੜੀ, ਭੈਣ ਸਰਬਜੀਤ ਕੌਰ, ਪ੍ਰੇਮ ਲਤਾ ਦੀ ਅਗਵਾਈ ਹੇਠ ਸਮੁੱਚੇ ਬਲਾਕ ਦੀ ਸੰਗਤ ਹਾਜ਼ਰ ਸੀ।