ਜਲੰਧਰ ਵਿੱਚ ਇਮਾਰਤਾਂ ‘ਅਸੁਰੱਖਿਅਤ’ ਪ੍ਰਸ਼ਾਸਨ ਬੇਖ਼ਬਰ
ਹਤਿੰਦਰ ਮਹਿਤਾ
ਜਲੰਧਰ, 31 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਸਮੇਤ ਜ਼ਿਲ੍ਹੇ ਦੇ ਅਧਿਕਾਰੀ ਅਸੁਰੱਖਿਅਤ ਇਮਾਰਤਾਂ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਪ੍ਰਤੀ ਉਦਾਸੀਨ ਜਾਪਦੇ ਹਨ। ਜਾਨ-ਮਾਲ ਲਈ ਸਪੱਸ਼ਟ ਖਤਰੇ ਦੇ ਬਾਵਜੂਦ ਸਬੰਧਤ ਵਿਭਾਗਾਂ ਕੋਲ ਵਿਆਪਕ ਡੇਟਾ ਜਾਂ ਖਤਰਨਾਕ ਇਮਾਰਤਾਂ ਦੀ ਮੌਜੂਦਾ ਸੂਚੀ ਦੀ ਘਾਟ ਹੈ, ਖਾਸ ਕਰਕੇ ਸ਼ਹਿਰ ਦੇ ਪੁਰਾਣੇ ਇਲਾਕਿਆਂ ਵਿੱਚ।
ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਅਨੁਸਾਰ ਪਿਛਲੇ 15 ਸਾਲਾਂ ਵਿੱਚ ਅਸੁਰੱਖਿਅਤ ਢਾਂਚੇ ਦਾ ਕੋਈ ਮਹੱਤਵਪੂਰਨ ਸਰਵੇਖਣ ਨਹੀਂ ਕੀਤਾ ਗਿਆ ਹੈ। ਟਾਊਨ ਪਲਾਨਿੰਗ ਵਿਭਾਗ ਨੇ ਸਾਲ 2009 ਵਿੱਚ ਇੱਕ ਸਰਵੇਖਣ ਕੀਤਾ ਸੀ, ਜਿਸ ਵਿੱਚ 12 ਅਸੁਰੱਖਿਅਤ ਇਮਾਰਤਾਂ ਦੀ ਪਛਾਣ ਕੀਤੀ ਗਈ ਸੀ। ਮੌਜੂਦਾ ਅਧਿਕਾਰੀ ਅਣਜਾਣ ਹਨ ਕਿ ਕੀ ਇਨ੍ਹਾਂ ਇਮਾਰਤਾਂ ਦੀ ਮੁਰੰਮਤ ਕੀਤੀ ਗਈ ਹੈ ਜਾਂ ਇਨ੍ਹਾਂ ਨੂੰ ਢਾਹ ਦਿੱਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਸਥਾਨਾਂ ਬਾਰੇ ਪਤਾ ਹੈ।
ਸਾਲ 2009 ਦੇ ਸਰਵੇਖਣ ਵਿੱਚ ਰਾਮ ਗਲੀ, ਚਰਨਜੀਤਪੁਰਾ, ਚੜ੍ਹਤ ਸਿੰਘ ਬਜ਼ਾਰ, ਮਾਈ ਹੀਰਾਂ ਗੇਟ, ਅਤੇ ਚੌਕ ਮਲਕਾ ਵਰਗੇ ਖੇਤਰਾਂ ਵਿੱਚ ਇਮਾਰਤਾਂ ਨੂੰ ਸੂਚੀਬੱਧ ਕੀਤਾ ਗਿਆ ਸੀ। ਹਾਲਾਂਕਿ, ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਹੋਰ ਵੀ ਬਹੁਤ ਸਾਰੇ ਖਤਰਨਾਕ ਢਾਂਚੇ ਮੌਜੂਦ ਹਨ, ਜਿਨ੍ਹਾਂ ਵਿੱਚ ਰੇਲਵੇ ਸਟੇਸ਼ਨ ਰੋਡ ’ਤੇ ਪੁਰਾਣੀ ਸਰਾਏ (1902 ਵਿੱਚ ਬਣੀ), ਕਿਲਾ ਮੁਹੱਲਾ ਵਿੱਚ ਮਕਾਨ ਅਤੇ ਦੁਕਾਨਾਂ, ਪੀਐਨਟੀ ਕਲੋਨੀ ਵਿੱਚ ਟੁੱਟੇ-ਫੁੱਟੇ ਫਲੈਟ, ਸ਼ਹੀਦ ਭਗਤ ਸਿੰਘ ਕਲੋਨੀ ਵਿੱਚ ਫਲੈਟ ਅੱਡਾ ਹੁਸ਼ਿਆਰਪੁਰ ਚੌਕ ਸ਼ਾਮਲ ਹਨ। ਇਹ ਢਾਂਚੇ ਨਾ ਤਾਂ ਕਿਸੇ ਸੂਚੀ ਜਾਂ ਕਾਗਜ਼ ਦਾ ਹਿੱਸਾ ਹਨ ਅਤੇ ਨਾ ਹੀ ਮੌਜੂਦਾ ਅਧਿਕਾਰੀਆਂ ਵੱਲੋਂ ਸਵੀਕਾਰ ਕੀਤੇ ਗਏ ਹਨ। ਇੱਥੋਂ ਤੱਕ ਕਿ ਜਨਤਕ ਇਮਾਰਤਾਂ, ਜਿਵੇਂ ਸਿਵਲ ਸਰਜਨ ਦਫ਼ਤਰ ਅਤੇ ਡਿਵੀਜ਼ਨ ਨੰਬਰ 2 ਪੁਲੀਸ ਸਟੇਸ਼ਨ, ਜਿਨ੍ਹਾਂ ਨੂੰ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਨੇ ਬਹੁਤ ਸਮਾਂ ਪਹਿਲਾਂ ਅਸੁਰੱਖਿਅਤ ਐਲਾਨਿਆ ਸੀ, ਅੱਜ ਵੀ ਬਿਨਾਂ ਕਿਸੇ ਮੁਰੰਮਤ ਵਰਤੋਂ ਵਿੱਚ ਹਨ। ਸੈਂਟਰਲ ਜ਼ੋਨ ਦੇ ਬਿਲਡਿੰਗ ਅਤੇ ਰੋਡ ਵਿਭਾਗ ਦੇ ਅਧਿਕਾਰੀਆਂ ਨੇ ਰੈਣਕ ਬਾਜ਼ਾਰ ਦੇ ਕੁਝ ਬਿਲਡਿੰਗ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਉਨ੍ਹਾਂ ਕੋਲ ਸ਼ਹਿਰ ਵਿੱਚ ਅਸੁਰੱਖਿਅਤ ਇਮਾਰਤਾਂ ਦੀ ਗਿਣਤੀ ਬਾਰੇ ਵਿਆਪਕ ਡੇਟਾ ਦੀ ਘਾਟ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਨੇੜਲੇ ਵਸਨੀਕਾਂ ਜਾਂ ਦੁਕਾਨ ਮਾਲਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਹੀ ਨੋਟਿਸ ਜਾਰੀ ਕਰਦੇ ਹਨ। ਹਾਲਾਂਕਿ, ਜੇਕਰ ਅਸੁਰੱਖਿਅਤ ਇਮਾਰਤਾਂ ਖਾਲੀ ਹਨ ਅਤੇ ਮਾਲਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਨਗਰ ਨਿਗਮ ਦੇ ਅਧਿਕਾਰੀ ਮਾਲਕ ਨੂੰ ਲੱਭਦੇ ਰਹਿੰਦੇ ਹਨ।
ਪੁਰਾਣੇ ਸ਼ਹਿਰ ਦੇ ਇਲਾਕਿਆਂ ਜਿਵੇਂ ਮਾਈ ਹੀਰਾਂ ਗੇਟ, ਕਿਲ੍ਹਾ ਮੁਹੱਲਾ ਅਤੇ ਸ਼ੇਖਾਂ ਬਾਜ਼ਾਰ ਜਿੱਥੇ ਬਹੁਤ ਸਾਰੀਆਂ ਅਸੁਰੱਖਿਅਤ ਇਮਾਰਤਾਂ ਸਥਿਤ ਹਨ, ਦੇ ਵਸਨੀਕ ਨਿਰਾਸ਼ਾ ਜ਼ਾਹਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸਿਵਲ ਅਧਿਕਾਰੀਆਂ ਨੂੰ ਮਦਦ ਲਈ ਅਪੀਲ ਕੀਤੀ ਗਈ ਹੈ ਪਰ ਕੋਈ ਜਵਾਬ ਨਹੀਂ ਮਿਲਿਆ।
ਇਸ ਦੌਰਾਨ ਨਿਗਮ ਦੇ ਇੰਜਨੀਅਰ ਰਜਨੀਸ਼ ਡੋਗਰਾ ਅਤੇ ਰਾਹੁਲ ਧਵਨ, ਕਾਰਜਕਾਰੀ ਇੰਜਨੀਅਰ ਜਸਪਾਲ ਅਤੇ ਸੁਖਵਿੰਦਰ ਅਤੇ ਹੋਰ ਜੂਨੀਅਰ ਇੰਜਨੀਅਰਾਂ ਨੇ ਜ਼ਿੰਮੇਵਾਰੀ ਤੋਂ ਟਾਲਾ ਵੱਟ ਲਿਆ। ਲਾਲ ਰਤਨ ਜ਼ੋਨ ਦੇ ਜੂਨੀਅਰ ਇੰਜਨੀਅਰ ਨਵਜੋਤ ਸਿੰਘ ਨੇ ਰੈਣਕ ਬਜ਼ਾਰ ਵਿੱਚ ਟੁੱਟੀਆਂ ਇਮਾਰਤਾਂ ਦੇ ਮਾਲਕਾਂ ਨੂੰ ਦੋ ਨੋਟਿਸ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ। ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕੋਈ ਠੋਸ ਜਵਾਬ ਨਹੀਂ ਦਿੱਤਾ ਅਤੇ ਕਿਹਾ ਕਿ ਉਹ ਸਬੰਧਤ ਵਿਭਾਗ ਨਾਲ ਗੱਲਬਾਤ ਕਰ ਕੇ ਮਾਮਲੇ ਦੀ ਜਾਂਚ ਕਰਨਗੇ।