Building collapse: ਮੁਹਾਲੀ ਦੇ ਸੋਹਾਣਾ ਵਿੱਚ ਡਿੱਗੀ ਬਹੁਮੰਜ਼ਿਲਾ ਇਮਾਰਤ ਦੇ ਮਲਬੇ ’ਚੋਂ ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ
ਮੁਹਾਲੀ, 22 ਦਸੰਬਰ
ਮੁਹਾਲੀ ਦੇ ਸੋਹਾਣਾ ਵਿਚ ਸ਼ਨਿਚਰਵਾਰ ਨੂੰ ਡਿੱਗੀ ਇਕ ਬਹੁਮੰਜ਼ਿਲਾ ਇਮਾਰਤ ਦੇ ਮਲਬੇ ਵਿੱਚੋਂ ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਤਰ੍ਹਾਂ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਪ੍ਰਸ਼ਾਸਨ ਨੇ ਇਸ ਇਮਾਰਤ ਦੇ ਮਲਬੇ ਹੇਠੋਂ ਲੋਕਾਂ ਨੂੰ ਕੱਢਣ ਲਈ ਸ਼ੁਰੂ ਕੀਤੇ ਬਚਾਅ ਕਾਰਜ ਵੀ ਸਮਾਪਤ ਕਰ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਵੀ ਇਕ ਦ੍ਰਿਸ਼ਟੀ ਨਾਮ ਦੀ ਇਕ ਮਹਿਲਾ ਦੀ ਲਾਸ਼ ਮਲਬੇ ਹੇਠਿਓਂ ਮਿਲੀ ਸੀ।
ਇਕ ਅਧਿਕਾਰਤ ਬਿਆਨ ਮੁਤਾਬਕ, ਮੁਹਾਲੀ ਦੀ ਐੱਸਡੀਐੱਮ ਦਮਨਦੀਪ ਕੌਰ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ।
ਘਟਨਾ ਸਥਾਨ ’ਤੇ ਸਾਰੀ ਰਾਤ ਬਚਾਅ ਕਾਰਜ ਜਾਰੀ ਰਿਹਾ ਅਤੇ ਬਚਾਅ ਮੁਹਿੰਮ ਤਹਿਤ ਜੇਸੀਬੀ ਸਣੇ ਕਈ ਤਰ੍ਹਾਂ ਦੀ ਮਸ਼ੀਨਾਂ ਦੀ ਮਦਦ ਲਈ ਗਈ। ਕੌਮੀ ਆਫ਼ਤ ਰਾਹਤ ਬਲ (ਐੱਨਡੀਆਰਐੱਫ), ਫੌਜ, ਸੂਬਾਈ ਬਚਾਅ ਦਲ ਸ਼ਨਿਚਰਵਾਰ ਸ਼ਾਮ ਤੋਂ ਹੀ ਰਾਹਤ ਤੇ ਬਚਾਅ ਮੁਹਿੰਮ ਵਿੱਚ ਜੁੱਟੇ ਹੋਏ ਹਨ। ਘਟਨਾ ਸਥਾਨ ’ਤੇ ਐਂਬੂਲੈਂਸਾਂ ਦੇ ਨਾਲ ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ।
ਮੁੱਢਲੀ ਜਾਣਕਾਰੀ ਮੁਤਾਬਕ, ਇਮਾਰਤ ਵਿੱਚ ਹਿਕ ਜਿਮ ਵੀ ਸੀ ਅਤੇ ਨਾਲ ਦੇ ਪਲਾਟ ਵਿੱਚ ਹੋਈ ਖੁਦਾਈ ਕਰ ਕੇ ਇਹ ਇਮਾਰਤ ਢਹਿ ਗਈ। ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਇੰਜਨੀਅਰ ਟਾਸਕ ਫੋਰਸਮ’ ਘਟਨਾ ਸਥਾਨ ’ਤੇ ਕੰਮ ਕਰ ਰਹੀ ਹੈ। ਨਾਲ ਹੀ ਮਲਬਾ ਹਟਾਉਣ ਵਾਲੀ ਮਸ਼ੀਨ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ। ਉੱਪਰੀ ਮਲਬਾ ਹਟਾ ਦਿੱਤਾ ਗਿਆ ਹੈ ਅਤੇ ਬੇਸਮੈਂਟ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’
ਸ਼ਨਿਚਰਵਾਰ ਨੂੰ ਹੋਈ ਇਸ ਘਟਨਾ ਤੋਂ ਬਾਅਦ ਸਿਵਲ ਹਸਪਤਾਲ, ਫੋਰਟਿਸ, ਮੈਕਸ ਅਤੇ ਸੋਹਾਣਾ ਸਣੇ ਮੁਹਾਲੀ ਦੇ ਸਾਰੇ ਵੱਡੇ ਹਸਪਤਾਲਾਂ ਨੂੰ ਜ਼ਖ਼ਮੀਆਂ ਦੇ ਇਲਾਜ ਵਾਸਤੇ ਤਿਆਰ ਰਹਿਣ ਨੂੰ ਕਿਹਾ ਗਿਆ ਹੈ। ਘਟਨਾ ਸਥਾਨ ’ਤੇ ਸ਼ਨਿਚਰਵਾਰ ਨੂੰ ਮੌਜੂਦ ਡੀਜੀਪੀ ਗੌਰਵ ਯਾਦਵ ਨੇ ਕਿਹਾ ਸੀ ਕਿ ਵੱਖ ਵੱਖ ਏਜੰਸੀਆਂ ਵੱਲੋਂ ਬਚਾਅ ਕਾਰਜ ਜਾਰੀ ਹਨ। -ਪੀਟੀਆਈ